
ਚੈਨੇਈ, 20 ਜੂਨ, ਪੰਜਾਬੀ ਦੁਨੀਆ ਬਿਊਰੋ:
ਭਾਰਤੀ ਕ੍ਰਿਕਟ ਟੀਮ ਨੇ ਅਫਗਾਨਿਸਤਾਨ ਖ਼ਿਲਾਫ਼ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3-0 ਨਾਲ ਕਲੀਨ ਸਵੀਪ ਕਰ ਲਿਆ ਹੈ। ਚੈਨੇਈ ਦੇ ਕ੍ਰਿਕਟ ਸਟੇਡੀਅਮ ਵਿਖੇ ਖੇਡੇ ਗਏ ਤੀਜੇ ਅਤੇ ਆਖ਼ਰੀ ਮੁਕਾਬਲੇ ਵਿੱਚ ਭਾਰਤ ਨੇ ਅਫਗਾਨਿਸਤਾਨ ਨੂੰ ਆਸਾਨੀ ਨਾਲ ਹਰਾ ਕੇ ਸੀਰੀਜ਼ ਆਪਣੇ ਨਾਮ ਕੀਤੀ। ਇਹ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਭਾਰਤ ਦੀ ਪਹਿਲੀ ਵਨ ਡੇ ਸੀਰੀਜ਼ ਜਿੱਤ ਵੀ ਰਹੀ। ਵਧੀਆ ਕਾਰਗੁਜ਼ਾਰੀ ਲਈ ਪ੍ਰਸਿੱਧ ਕ੍ਰਿਸ਼ਨਾ ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ ਜਦਕਿ ਪਲੇਅਰ ਆਫ ਦੀ ਸੀਰੀਜ ਕਪਤਾਨ ਸ਼ੁਭਮਨ ਗਿੱਲ ਨੂੰ ਚੁਣਿਆ ਗਿਆ।
ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਦੀ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਟਿਕ ਨਾ ਸਕੀ ਅਤੇ 44.2 ਓਵਰਾਂ ਵਿੱਚ 218 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਿਸ ਵਿੱਚ ਕਪਤਾਨ ਹਸਮਤ ਉਲਾ ਸ਼ਹੀਦੀ ਦੀਆਂ 102 ਦੌੜਾਂ ਸ਼ਾਮਿਲ ਹਨ ਜਦ ਕਿ ਅਜ਼ਮਤ ਉਲਾ ਉਮਰਜਈ ਵੱਲੋਂ 50 ਦੌੜਾਂ ਦਾ ਯੋਗਦਾਨ ਪਾਇਆ ਗਿਆ। ਭਾਰਤ ਵੱਲੋਂ ਪ੍ਰਸਿੱਧ ਕ੍ਰਿਸ਼ਨਾ ਨੇ ਕਮਾਲ ਦੀ ਗੇਂਦਬਾਜ਼ੀ ਕਰਦਿਆਂ ਆਪਣੇ ਕੈਰੀਅਰ ਵਿੱਚ ਪਹਿਲੀ ਵਾਰ ਪੰਜ ਵਿਕਟਾਂ ਹਾਸਲ ਕੀਤੀਆਂ ਅਤੇ ਵਿਰੋਧੀ ਟੀਮ ਦੀ ਬੱਲੇਬਾਜ਼ੀ ਨੂੰ ਝੰਜੋੜ ਕੇ ਰੱਖ ਦਿੱਤਾ।
219 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾਇਆ। ਯਸ਼ਸਵੀ ਜੈਸਵਾਲ ਨੇ ਆਪਣੇ ਕੈਰੀਅਰ ਦਾ ਦੂਜਾ ਵਨ ਡੇ ਸੈਂਕੜਾ ਲਗਾਉਂਦੇ ਹੋਏ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਉਨ੍ਹਾਂ ਨੂੰ ਰੋਹਿਤ ਸ਼ਰਮਾ ਦਾ ਵੀ ਭਰਪੂਰ ਸਾਥ ਮਿਲਿਆ, ਜਿਨ੍ਹਾਂ ਨੇ ਤਾਬੜਤੋੜ 79 ਦੌੜਾਂ ਦੀ ਪਾਰੀ ਖੇਡੀ। ਰੋਹਿਤ ਅਤੇ ਜੈਸ਼ਵਾਲ ਨੇ ਪਹਿਲੀ ਵਿਕਟ ਲਈ 170 ਦੌੜਾਂ ਜੋੜੀਆਂ। ਅਖੀਰ ਵਿੱਚ ਜੈਸਵਾਲ 110 ਦੌੜਾਂ ਬਣਾ ਕੇ ਨਾਬਾਦ ਰਹੇ, ਜਦਕਿ ਸ੍ਰੀਏਸ਼ ਅਈਅਰ ਨੇ ਨਾਬਾਦ 20 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਸਿਰਫ਼ 28.4 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ‘ਤੇ 224 ਦੌੜਾਂ ਬਣਾ ਕੇ ਮੈਚ ਆਪਣੇ ਨਾਮ ਕਰ ਲਿਆ।

ਇਸ ਸ਼ਾਨਦਾਰ ਜਿੱਤ ਨਾਲ ਭਾਰਤੀ ਟੀਮ ਨੇ ਸੀਰੀਜ਼ ਵਿੱਚ ਆਪਣੀ ਪੂਰੀ ਬਾਦਸ਼ਾਹਤ ਸਾਬਤ ਕਰ ਦਿੱਤੀ ਅਤੇ ਖਿਡਾਰੀਆਂ ਨੇ ਆਉਣ ਵਾਲੀਆਂ ਚੁਣੌਤੀਆਂ ਲਈ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ।