Breaking News
Smart Media Dashmesh Insurance Point

IND vs NZ T20: ਭਾਰਤ ਨੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੂੰ 48 ਦੌੜਾਂ ਨਾਲ ਹਰਾਇਆ

ਨਾਗਪੁਰ, 21 ਜਨਵਰੀ, ਪੰਜਾਬੀ ਦੁਨੀਆ ਬਿਊਰੋ:

ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੀ20 ਮੈਚ ਸ਼ਾਨਦਾਰ ਅੰਦਾਜ਼ ਵਿੱਚ ਜਿੱਤ ਕੇ ਸੀਰੀਜ਼ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਨਾਗਪੁਰ ਦੇ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਟੀਮ ਨੂੰ 48 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਦਬਦਬਾ ਸਾਬਤ ਕੀਤਾ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਸ਼ੁਰੂਆਤ ਬਹੁਤ ਹੀ ਧਮਾਕੇਦਾਰ ਰਹੀ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਸ਼ਾਨਦਾਰ ਫਾਰਮ ਦਿਖਾਉਂਦੇ ਹੋਏ ਕੇਵਲ 35 ਗੇਂਦਾਂ ‘ਤੇ 84 ਦੌੜਾਂ ਦੀ ਤਾਬੜਤੋੜ ਪਾਰੀ ਖੇਡੀ। ਉਸਦੀ ਇਸ ਇਨਿੰਗ ਵਿੱਚ ਆਕਰਸ਼ਕ 8 ਛੱਕੇ ਅਤੇ 5 ਚੌਕੇ ਸ਼ਾਮਲ ਸਨ, ਜਿਸ ਨਾਲ ਨਿਊਜ਼ੀਲੈਂਡ ਦੇ ਗੇਂਦਬਾਜ਼ ਦਬਾਅ ਵਿੱਚ ਨਜ਼ਰ ਆਏ।

ਵਿਚਕਾਰਲੇ ਓਵਰਾਂ ਵਿੱਚ ਵੀ ਭਾਰਤੀ ਬੱਲੇਬਾਜ਼ਾਂ ਨੇ ਰਨ ਰੇਟ ਨੂੰ ਕਾਇਮ ਰੱਖਿਆ। ਅਖੀਰਲੇ ਓਵਰਾਂ ਵਿੱਚ ਰਿੰਕੂ ਸਿੰਘ ਨੇ ਆਪਣੀ ਮਸ਼ਹੂਰ ਫਿਨਿਸ਼ਰ ਦੀ ਭੂਮਿਕਾ ਨਿਭਾਉਂਦੇ ਹੋਏ ਸਨੇਹ ਗੇਂਦਾਂ ਵਿੱਚ ਤਾਬੜਤੋੜ 44 ਦੌੜਾਂ ਬਣਾਈਆਂ। ਇਨ੍ਹਾਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਭਾਰਤ ਨੇ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 238 ਦੌੜਾਂ ਦਾ ਵੱਡਾ ਸਕੋਰ ਖੜਾ ਕੀਤਾ।

239 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਟੀਮ ਦੀ ਸ਼ੁਰੂਆਤ ਚੰਗੇ ਨਹੀਂ ਹੋਈ। ਅਰਸ਼ਦੀਪ ਨੇ ਪਹਿਲੇ ਹੀ ਓਵਰ ਵਿੱਚ ਵਿਕਟ ਹਾਸਿਲ ਕੀਤੀ ਅਤੇ ਨਾਲ ਹੀ ਦੂਜੀ ਵਿਕਟ ਹਾਰਦਿਕ ਪਾਂਡਿਆਂ ਨੇ ਝਟਕਾਈ। ਨਿਊਜ਼ੀਲੈਂਡ ਨੇ ਭਰਪੂਰ ਕੋਸ਼ਿਸ਼ ਕੀਤੀ ਪਰ ਭਾਰਤੀ ਗੇਂਦਬਾਜ਼ਾਂ ਨੇ ਨਿਰੰਤਰ ਵਿਕਟਾਂ ਹਾਸਲ ਕਰਕੇ ਉਨ੍ਹਾਂ ਨੂੰ ਦਬਾਅ ਵਿੱਚ ਰੱਖਿਆ। ਨਿਊਜ਼ੀਲੈਂਡ ਦੀ ਟੀਮ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ’ਤੇ 190 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਵੱਲੋਂ ਬੱਲੇਬਾਜ਼ ਗਲੈਨ ਫਿਲਿਪਸ ਨੇ ਤਾਬੜਤੋੜ ਪਾਰੀ ਖੇਡਦਿਆਂ 40 ਬਾਲਾਂ ਵਿੱਚ 78 ਦੌੜਾਂ ਬਣਾਈਆਂ ਜਦਕਿ ਚੈਪਮੈਨ ਨੇ ਵੀ ਉਹਨਾਂ ਦਾ ਵਧੀਆ ਸਾਥ ਦਿੰਦਿਆਂ 24 ਗੇਂਦਾਂ ਵਿੱਚ 39 ਦੌੜਾਂ ਦਾ ਯੋਗਦਾਨ ਪਾਇਆ।

ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਅਭਿਸ਼ੇਕ ਸ਼ਰਮਾ ਨੂੰ ‘ਮੈਨ ਆਫ਼ ਦ ਮੈਚ’ ਐਲਾਨਿਆ ਗਿਆ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ ਵਿੱਚ ਮਜ਼ਬੂਤ ਸ਼ੁਰੂਆਤ ਕਰਦਿਆਂ ਅਗਲੇ ਮੈਚਾਂ ਲਈ ਆਤਮਵਿਸ਼ਵਾਸ ਹਾਸਲ ਕੀਤਾ ਅਤੇ ਸੀਰੀਜ਼ ਵਿੱਚ 1-0 ਨਾਲ ਬੜਤ ਬਣਾ ਲਈ ਹੈ।

Leave a Reply

Your email address will not be published. Required fields are marked *