Breaking News
Smart Media Dashmesh Insurance Point

ਪੰਜਾਬ ‘ਚ ਵੋਟਰ ਸੂਚੀਆਂ ਦੀ SIR ਦਾ ਕੰਮ ਮੁਕੰਮਲ: ਮੁੱਖ ਚੋਣ ਕਮਿਸ਼ਨਰ

ਅੰਤਿਮ ਸੂਚੀ ਵਿੱਚ 2.01 ਕਰੋੜ ਵੋਟਰ ਦਰਜ ਅਤੇ 7,97,263 ਨਵੇਂ ਵੋਟਰ ਸ਼ਾਮਲ

ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ ਅੰਤਿਮ ਵੋਟਰ ਸੂਚੀਆਂ

ਚੰਡੀਗੜ੍ਹ, 12 ਅਕਤੂਬਰ, ਮਨਜੀਤ ਸਿੰਘ ਚਾਨਾ:

ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) 2026 ਦੀ ਪ੍ਰਕਿਰਿਆ ਸਫ਼ਲਤਾਪੂਰਵਕ ਮੁਕੰਮਲ ਹੋ ਗਈ ਹੈ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤ ਕਰ ਦਿੱਤੀਆਂ ਗਈਆਂ ਹਨ। ਮੁੱਖ ਚੋਣ ਅਫ਼ਸਰ ਪੰਜਾਬ, ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਅੰਤਿਮ ਸੂਚੀ ਵਿੱਚ ਕੁੱਲ 2,01,00,727 ਵੋਟਰ ਦਰਜ ਹਨ, ਜਦਕਿ ਖਰੜਾ ਸੂਚੀ ਵਿੱਚ ਇਹ ਗਿਣਤੀ 1,93,94,435 ਸੀ।

ਮੁੱਖ ਚੋਣ ਅਫ਼ਸਰ ਨੇ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਾਰੇ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਦੀਆਂ ਹਾਰਡ ਅਤੇ ਸਾਫਟ ਕਾਪੀਆਂ ਸੌਂਪੀਆਂ। ਉਨ੍ਹਾਂ ਇਸ ਪ੍ਰਕਿਰਿਆ ਵਿੱਚ ਸਹਿਯੋਗ ਦੇਣ ਵਾਲੀਆਂ ਸਿਆਸੀ ਪਾਰਟੀਆਂ ਅਤੇ ਸੂਬੇ ਭਰ ਵਿੱਚ ਤਾਇਨਾਤ 89,395 ਬੂਥ ਲੈਵਲ ਏਜੰਟਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

ਅੰਤਿਮ ਵੋਟਰ ਸੂਚੀ ਵਿੱਚ 1,03,76,026 ਪੁਰਸ਼, 97,24,195 ਮਹਿਲਾ ਅਤੇ 506 ਥਰਡ ਜੈਂਡਰ ਵੋਟਰ ਸ਼ਾਮਲ ਹਨ। ਖਰੜਾ ਸੂਚੀ ਦੇ ਮੁਕਾਬਲੇ ਵੋਟਰਾਂ ਦੀ ਗਿਣਤੀ ਵਿੱਚ 3.64 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੰਤਿਮ ਸੂਚੀ ਵਿੱਚ 7,97,263 ਨਵੇਂ ਵੋਟਰ ਸ਼ਾਮਲ ਕੀਤੇ ਗਏ ਹਨ।

ਇਹ ਪ੍ਰਕਿਰਿਆ 25 ਜੂਨ 2026 ਨੂੰ ਸ਼ੁਰੂ ਹੋਈ ਸੀ। ਘਰ-ਘਰ ਜਾ ਕੇ ਵੋਟਰਾਂ ਦੇ ਵੇਰਵੇ ਇਕੱਠੇ ਕਰਨ, ਦਾਅਵਿਆਂ ਅਤੇ ਇਤਰਾਜ਼ਾਂ ਦੀ ਜਾਂਚ ਅਤੇ ਨੋਟਿਸਾਂ ਦੇ ਨਿਪਟਾਰੇ ਤੋਂ ਬਾਅਦ 12 ਅਕਤੂਬਰ ਨੂੰ ਅੰਤਿਮ ਸੂਚੀਆਂ ਜਾਰੀ ਕੀਤੀਆਂ ਗਈਆਂ। ਨੋਟਿਸ ਜਾਰੀ ਕੀਤੇ ਗਏ 35,49,036 ਵੋਟਰਾਂ ਵਿੱਚੋਂ 86,038 ਨੂੰ ਜਾਂਚ ਅਤੇ ਕਾਰਨ-ਸਹਿਤ ਹੁਕਮਾਂ ਤੋਂ ਬਾਅਦ ਅਯੋਗ ਕਰਾਰ ਦਿੱਤਾ ਗਿਆ।

ਵੋਟਰਾਂ ਦੀ ਸਹੂਲਤ ਲਈ ਸੂਬੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 24,453 ਤੋਂ ਵਧਾ ਕੇ 25,332 ਕਰ ਦਿੱਤੀ ਗਈ ਹੈ। ਅੰਤਿਮ ਸੂਚੀਆਂ ਸਬੰਧਤ ਜ਼ਿਲ੍ਹਾ ਚੋਣ ਅਫ਼ਸਰਾਂ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਬੂਥ ਲੈਵਲ ਅਫ਼ਸਰਾਂ ਦੇ ਦਫ਼ਤਰਾਂ ਤੋਂ ਇਲਾਵਾ www.ceopunjab.gov.in ਅਤੇ www.voters.eci.gov.in ’ਤੇ ਵੀ ਉਪਲਬਧ ਹਨ।

ਮੁੱਖ ਚੋਣ ਅਫ਼ਸਰ ਨੇ ਕਿਹਾ ਕਿ ਜਿਹੜੇ ਯੋਗ ਨਾਗਰਿਕਾਂ ਦੇ ਨਾਂ ਅਜੇ ਵੀ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹਨ, ਉਹ ਈਸੀਆਈਨੈੱਟ ਐਪ ਰਾਹੀਂ ਜਾਂ ਆਪਣੇ ਬੀ.ਐਲ.ਓ. ਕੋਲ ਫਾਰਮ ਨੰਬਰ 6 ਭਰ ਕੇ ਰਜਿਸਟ੍ਰੇਸ਼ਨ ਲਈ ਅਰਜ਼ੀ ਦੇ ਸਕਦੇ ਹਨ।

Leave a Reply

Your email address will not be published. Required fields are marked *