Breaking News
Smart Media Dashmesh Mohali Walk Smart Media Insurance Point Hardev Singh Ubha

5ਵਾਂ T20I: ਅਭਿਸ਼ੇਕ ਸ਼ਰਮਾ ਦੇ ਰਿਕਾਰਡਤੋੜ 135 ਦੌੜਾਂ ਸਦਕਾ ਭਾਰਤ ਨੇ ਇੰਗਲੈਂਡ ਖਿਲਾਫ 4-1 ਨਾਲ ਸੀਰੀਜ਼ ਜਿੱਤੀ

ਅਭਿਸ਼ੇਕ ਨੇ ਦੂਜਾ ਸਭ ਤੋਂ ਤੇਜ਼ ਸੈਂਕੜਾ ਅਤੇ ਸਭ ਤੋਂ ਵੱਧ 13 ਛੱਕੇ ਮਾਰਨ ਦਾ ਰਿਕਾਰਡ ਵੀ ਬਣਾਇਆ

ਪੂਰੀ ਸੀਰੀਜ਼ ਦੌਰਾਨ 14 ਵਿਕਟਾਂ ਲੈਣ ਸਦਕਾ ਵਰੁਣ ਚੱਕਰਵਰਤੀ, ਮੈਨ ਆਫ ਦੀ ਸੀਰੀਜ਼ ਬਣੇ

ਨਵੀਂ ਦਿੱਲੀ, 3 ਫਰਵਰੀ, ਪੰਜਾਬੀ ਦੁਨੀਆ ਬਿਊਰੋ :

ਭਾਰਤ ਅਤੇ ਇੰਗਲੈਂਡ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ 5ਵੇਂ ਟੀ20 ਮੈਚ ਵਿੱਚ ਅਭਿਸ਼ੇਕ ਸ਼ਰਮਾ ਨੇ 54 ਗੇਂਦਾਂ ਵਿੱਚ 135 ਦੌੜਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਅਭਿਸ਼ੇਕ ਵਲੋਂ ਮਾਰਿਆ ਸੈਂਕੜਾ ਕੌਮਾਂਤਰੀ ਟੀ-20 ਵਿੱਚ ਕਿਸੇ ਭਾਰਤੀ ਦੁਆਰਾ ਦੂਜਾ ਸਭ ਤੋਂ ਤੇਜ਼ ਸੈਂਕੜਾ ਹੈ ਅਤੇ ਸਭ ਤੋਂ ਵੱਧ 13 ਛੱਕੇ ਮਾਰਨ ਦਾ ਵੀ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ ਭਾਰਤ ਨੇ ਪੰਜਵੇਂ ਟੀ-20 ਵਿੱਚ ਇੰਗਲੈਂਡ ਨੂੰ 150 ਦੌੜਾਂ ਨਾਲ ਹਰਾ ਕੇ ਸੀਰੀਜ਼ 4-1 ਨਾਲ ਆਪਣੇ ਨਾਂ ਕੀਤੀ। ਮੈਨ ਆਫ ਦੀ ਮੈਚ ਅਭਿਸ਼ੇਕ ਸ਼ਰਮਾ ਨੂੰ ਚੁਣਿਆ ਗਿਆ ਜਦਕਿ ਪੂਰੀ ਸੀਰੀਜ਼ ਦੌਰਾਨ 14 ਵਿਕਟਾਂ ਲੈਣ ਸਦਕਾ ਵਰੁਣ ਚੱਕਰਵਰਤੀ, ਮੈਨ ਆਫ ਦੀ ਸੀਰੀਜ਼ ਬਣੇ।

ਇੰਗਲੈਂਡ ਵੱਲੋਂ ਫੀਲਡਿੰਗ ਕਰਨ ਦੀ ਚੋਣ ਕਰਨ ਤੋਂ ਬਾਅਦ, ਅਭਿਸ਼ੇਕ ਦੀ ਹਮਲਾਵਰ ਬੱਲੇਬਾਜ਼ੀ ਸਦਕਾ ਭਾਰਤ ਨੇ ਇੰਗਲੈਂਡ ਦੇ ਖਿਲਾਫ ਟੀ-20 ਵਿੱਚ 247/9, ਆਪਣਾ ਸਭ ਤੋਂ ਵੱਡਾ ਸਕੋਰ ਬਣਾਇਆ। ਇੰਗਲੈਂਡ ਦੀ ਟੀਮ ਮਹਿਜ਼ 10.3 ਓਵਰਾਂ ‘ਚ 97 ਦੌੜਾਂ ‘ਤੇ ਹੀ ਢਹਿ-ਢੇਰੀ ਹੋ ਗਈ।

2023 ਵਿੱਚ ਨਿਊਜ਼ੀਲੈਂਡ ਵਿਰੁੱਧ 168 ਦੌੜਾਂ ਦੀ ਜਿੱਤ ਤੋਂ ਬਾਅਦ, ਇਹ 150 ਦੌੜਾਂ ਦੇ ਅੰਤਰ ਨਾਲ ਟੀ-20 ਵਿੱਚ ਭਾਰਤ ਦੀ ਦੂਜੀ ਸਭ ਤੋਂ ਵੱਡੀ ਜਿੱਤ ਹੈ।

ਭਾਰਤੀ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਟੀਮ ਓਪਨਰ ਫਿਲ ਸਾਲਟ ਦੀ 23 ਗੇਂਦਾਂ ‘ਤੇ ਸੱਤ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 55 ਦੌੜਾਂ ਦੀ ਹਮਲਾਵਰ ਪਾਰੀ ਦੇ ਬਾਵਜੂਦ ਪੂਰੀ ਟੀਮ ਨੇ ਭਾਰਤੀ ਗੇਂਦਬਾਜ਼ਾਂ ਅੱਗੇ ਗੋਡੇ ਟੇਕ ਦਿੱਤੇ। ਇੰਗਲੈਂਡ ਦੇ ਪ੍ਰਮੁੱਖ ਬੱਲੇਬਾਜ਼ਾਂ ਨੇ ਖ਼ਰਾਬ ਪ੍ਰਦਰਸ਼ਨ ਕੀਤਾ, ਬੇਨ ਡਕੇਟ (0), ਬਟਲਰ (7), ਹੈਰੀ ਬਰੂਕ (2) ਅਤੇ ਲਿਆਮ ਲਿਵਿੰਗਸਟੋਨ (9) ਨੇ ਸਮੂਹਿਕ ਤੌਰ ‘ਤੇ ਸਿਰਫ਼ 18 ਦੌੜਾਂ ਬਣਾਈਆਂ।

ਅਭਿਸ਼ੇਕ ਨੇ ਬ੍ਰਾਈਡਨ ਕਾਰਸੇ (3) ਅਤੇ ਜੈਮੀ ਓਵਰਟਨ (1) ਨੂੰ ਆਪਣੇ ਇਕਲੌਤੇ ਓਵਰ ਵਿਚ ਦੋ ਵਿਕਟਾਂ (2/3) ਲੈ ਕੇ ਆਪਣਾ ਦਬਦਬਾ ਜਾਰੀ ਰੱਖਿਆ। ਜਦਕਿ ਮੁਹੰਮਦ ਸ਼ਮੀ ਨੇ 3/25, ਸ਼ਿਵਮ ਦੂਬੇ ਨੇ 2/11, ਵਰੁਣ ਚੱਕਰਵਰਤੀ ਨੇ 2/25 ਅਤੇ ਰਵੀ ਬਿਸ਼ਨੋਈ ਨੇ 1/9 ਵਿਕਟਾਂ ਹਾਸਲ ਕੀਤੀਆਂ।ਸਲਾਮੀ ਬੱਲੇਬਾਜ ਅਭਿਸ਼ੇਕ ਨੇ ਤੇਜ਼ ਅਤੇ ਸਪਿਨ ਦੋਵਾਂ ਦੇ ਖਿਲਾਫ ਬੇਮਿਸਾਲ ਬੱਲੇਬਾਜ਼ੀ ਨਾਲ ਮੈਚ ‘ਤੇ ਦਬਦਬਾ ਬਣਾਈ ਰੱਖਿਆ ਅਤੇ ਕਈ ਰਿਕਾਰਡ ਬਣਾਏ। 24 ਸਾਲਾ ਖਿਡਾਰੀ ਨੇ ਸ਼ੁਰੂਆਤ ਵਿੱਚ 17 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ, 37 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ, ਜਿਸ ਨਾਲ ਇਹ ਭਾਰਤ ਲਈ ਦੂਜਾ ਸਭ ਤੋਂ ਤੇਜ਼ ਸੈਂਕੜਾ ਬਣ ਗਿਆ। ਓਵਰਟਨ ਦਾ ਪੰਜਵਾਂ ਓਵਰ ਮਹਿੰਗਾ ਸਾਬਤ ਹੋਇਆ, ਜਿਸ ਵਿੱਚ ਅਭਿਸ਼ੇਕ ਨੇ ਤਿੰਨ ਛੱਕੇ ਅਤੇ ਇੱਕ ਚੌਕੇ ਸਮੇਤ 25 ਦੌੜਾਂ ਬਣਾਈਆਂ।

ਅਭਿਸ਼ੇਕ ਨੇ ਇੱਕ T20I ਪਾਰੀ ਵਿੱਚ ਸਭ ਤੋਂ ਵੱਧ ਛੱਕਿਆਂ ਦੇ ਭਾਰਤੀ ਰਿਕਾਰਡ ਨੂੰ ਪਾਰ ਕੀਤਾ। ਉਸ ਦੀ 135 ਦੌੜਾਂ ਦੀ ਸ਼ਾਨਦਾਰ ਪਾਰੀ, ਜਿਸ ਵਿੱਚ 7 ਚੌਕੇ ਤੇ 13 ਛੱਕੇ ਸ਼ਾਮਲ ਸਨ, ਨੇ ਸ਼ੁਭਮਨ ਗਿੱਲ ਦੇ 2023 ਵਿੱਚ ਅਹਿਮਦਾਬਾਦ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਨਾਬਾਦ 126 ਦੌੜਾਂ ਦੇ ਪਿਛਲੇ ਭਾਰਤੀ ਰਿਕਾਰਡ ਨੂੰ ਤੋੜ ਦਿੱਤਾ।

ਇਸ ਤੋਂ ਇਲਾਵਾ ਸੰਜੂ ਸੈਮਸਨ (16) ਅਤੇ ਸੂਰਿਆਕੁਮਾਰ ਯਾਦਵ (2) ਨੇ ਸੰਘਰਸ਼ ਕੀਤਾ, ਤਿਲਕ ਵਰਮਾ (24) ਅਤੇ ਸ਼ਿਵਮ ਦੂਬੇ (30) ਨੇ ਅਭਿਸ਼ੇਕ ਨੂੰ ਅਹਿਮ ਸਹਿਯੋਗ ਦਿੱਤਾ। ਵਰਮਾ ਨੇ ਅਭਿਸ਼ੇਕ ਨਾਲ ਮਿਲ ਕੇ 43 ਗੇਂਦਾਂ ‘ਤੇ ਦੂਜੀ ਵਿਕਟ ਲਈ 115 ਦੌੜਾਂ ਦੀ ਵੱਡੀ ਸਾਂਝੇਦਾਰੀ ਨਿਭਾਈ, ਜਦਕਿ ਦੂਬੇ ਨੇ ਚੌਥੀ ਵਿਕਟ ਲਈ 18 ਗੇਂਦਾਂ ‘ਤੇ 37 ਦੌੜਾਂ ਦੀ ਤੇਜ਼ ਸਾਂਝੇਦਾਰੀ ਦਾ ਯੋਗਦਾਨ ਪਾਇਆ।

Leave a Reply

Your email address will not be published. Required fields are marked *