
ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਕਰਨ ਲਈ ਨਵਾਂ ਟਿਊਬਵੈੱਲ ਲੱਗ ਰਿਹੈ: ਮੇਅਰ ਸਰਬਜੀਤ ਸਮਾਣਾ
ਪਿੰਡ ਵਾਸੀਆਂ ਨੇ ਕੂੜੇ ਤੇ ਟੁੱਟੀ ਫਿਰਨੀ ਦਾ ਮੁੱਦਾ ਵੀ ਚੁੱਕਿਆ
ਮੋਹਾਲੀ, 23 ਅਕਤੂਬਰ, ਮਨਜੀਤ ਸਿੰਘ ਚਾਨਾ:
ਨਗਰ ਨਿਗਮ ਵੱਲੋਂ ਸ਼ਹਿਰ ਦੀ ਹੱਦ ਵਿੱਚ ਸ਼ਾਮਲ ਕੀਤੇ ਗਏ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਵਿਕਾਸ ਕਾਰਜ ਤੇਜ਼ ਕੀਤੇ ਜਾ ਰਹੇ ਹਨ। ਇਸੇ ਤਹਿਤ ਵਾਰਡ ਨੰਬਰ 26 ਅਧੀਨ ਪੈਂਦੇ ਪਿੰਡ ਮੌਲੀ ਬੈਦਵਾਣ ਦੀਆਂ ਵੱਖ-ਵੱਖ ਗਲੀਆਂ ਵਿੱਚ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਸ਼ੁਰੂਆਤ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਟੱਕ ਲਾ ਕੇ ਕੀਤੀ। ਇਸ ਪ੍ਰਾਜੈਕਟ ’ਤੇ 55.01 ਲੱਖ ਰੁਪਏ ਖਰਚ ਕੀਤੇ ਜਾਣਗੇ ਅਤੇ ਕੰਮ ਗੋਪਾਲ ਕੋ-ਆਪਰੇਟਿਵ ਸੋਸਾਇਟੀ ਨੂੰ ਅਲਾਟ ਕੀਤਾ ਗਿਆ ਹੈ।
ਮੇਅਰ ਨੇ ਕਿਹਾ ਕਿ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਹੋਏ ਇਲਾਕਿਆਂ ਦੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਨਿਗਮ ਦੀ ਤਰਜੀਹ ਹੈ। ਪੇਵਰ ਬਲਾਕ ਲੱਗਣ ਨਾਲ ਪਿੰਡ ਦੀਆਂ ਗਲੀਆਂ ਦੀ ਹਾਲਤ ਵਿੱਚ ਸੁਧਾਰ ਹੋਵੇਗਾ ਅਤੇ ਲੋਕਾਂ ਨੂੰ ਆਵਾਜਾਈ ਵਿੱਚ ਸਹੂਲਤ ਮਿਲੇਗੀ।
ਮੇਅਰ ਨੇ ਦੱਸਿਆ ਕਿ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਨਵਾਂ ਟਿਊਬਵੈੱਲ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਨੂੰ ਜਲਦ ਨਹਿਰੀ ਪਾਣੀ ਨਾਲ ਜੋੜਨ ਦੀ ਵੀ ਯੋਜਨਾ ਹੈ। ਉਨ੍ਹਾਂ ਵਿਕਾਸ ਕਾਰਜ ਮਿਆਰੀ ਢੰਗ ਨਾਲ ਮੁਕੰਮਲ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਕੌਂਸਲਰ ਸਤਵਿੰਦਰ ਸਿੰਘ ਮਿੱਠੂ, ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਅਤੇ ਸਾਬਕਾ ਸਰਪੰਚ ਗੁਰਸੇਵਕ ਸਿੰਘ ਪ੍ਰੇਮੀ ਨੇ ਪਿੰਡ ਦੇ ਆਰ.ਐੱਮ.ਸੀ. ਪੁਆਇੰਟ ’ਤੇ ਕੂੜੇ ਦੀ ਸਮੱਸਿਆ ਅਤੇ ਫਿਰਨੀ ਦੀ ਟੁੱਟੀ ਸੜਕ ਦਾ ਮੁੱਦਾ ਚੁੱਕਿਆ। ਮੇਅਰ ਨੇ ਦੋਵਾਂ ਸਮੱਸਿਆਵਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਆਰ.ਪੀ. ਸ਼ਰਮਾ, ਪੰਚ ਭੁਪਿੰਦਰ ਸਿੰਘ, ਭਾਗ ਸਿੰਘ, ਸਪੋਰਟਸ ਕਲੱਬ ਦੇ ਪ੍ਰਧਾਨ ਸੁਪਿੰਦਰ ਸਿੰਘ ਲਾਡੀ ਬੈਦਵਾਣ, ਇੰਜੀਨੀਅਰ ਨਰੇਸ਼ ਬੱਤਾ, ਨਿਗਰਾਨ ਇੰਜੀਨੀਅਰ ਕਮਲਦੀਪ ਸਿੰਘ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।