
ਵਿਦਿਆਰਥੀਆਂ ਨੇ ਨਵੀਨਤਾਕਾਰੀ ਤਕਨੀਕੀ ਹੱਲਾਂ ਦਾ ਕੀਤਾ ਪ੍ਰਦਰਸ਼ਨ; ਉਦਯੋਗ ਮਾਹਿਰਾਂ ਨੇ ਦਿੱਤਾ ਮਾਰਗਦਰਸ਼ਨ
ਮੋਹਾਲੀ, 25 ਅਗਸਤ, ਪੰਜਾਬੀ ਦੁਨੀਆ ਬਿਊਰੋ :
ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ)-ਸੀਜੀਸੀ ਲਾਂਡਰਾਂ ਵੱਲੋਂ ਐਸਏਪੀ ਲੈਬਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਕੈਂਪਸ ਵਿੱਚ ਐਸਏਪੀ ਹੈਕਫੈਸਟ-26 ਦੇ ਰੀਜਨਲ ਰਾਊਂਡ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਵਿਦਿਆਰਥੀ ਨਵੀਨਤਾਕਾਰਾਂ, ਤਕਨਾਲੋਜੀ ਪ੍ਰੇਮੀਆਂ, ਉਦਯੋਗਿਕ ਆਗੂਆਂ, ਮਾਹਿਰਾਂ ਅਤੇ ਅਕਾਦਮਿਕ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਹੈਕਾਥੌਨ ਦੌਰਾਨ ਵਿਦਿਆਰਥੀ ਟੀਮਾਂ ਨੇ ਆਪਣੇ ਨਵੀਨਤਾਕਾਰੀ ਵਿਚਾਰ, ਪ੍ਰੋਟੋਟਾਈਪ ਅਤੇ ਤਕਨੀਕੀ ਹੱਲ ਪੇਸ਼ ਕੀਤੇ।
ਸਮਾਗਮ ਵਿੱਚ ਐਸਏਪੀ ਯੂਨੀਵਰਸਿਟੀ ਅਲਾਇੰਸ ਦੇ ਡਾਇਰੈਕਟਰ, ਇੰਡੀਆ ਸਬਕੰਟੀਨੈਂਟ ਰਾਹੁਲ ਸਚਦੇਵ ਅਤੇ ਅਪਗ੍ਰੇਡਐਕਸ ਦੇ ਡਾਇਰੈਕਟਰ ਤੇ ਬਿਜ਼ਨਸ ਹੈੱਡ ਅਭਿਜੀਤ ਮਹਿਰੋਤਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉੱਭਰ ਰਹੀਆਂ ਤਕਨਾਲੋਜੀਆਂ, ਨਵੀਨਤਾ, ਉਦਯੋਗ ਦੀਆਂ ਉਮੀਦਾਂ ਅਤੇ ਕਰੀਅਰ ਦੇ ਮੌਕਿਆਂ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਇਸ ਨਾਲ ਵਿਦਿਆਰਥੀਆਂ ਨੂੰ ਤਕਨੀਕੀ ਗਿਆਨ ਦੇ ਨਾਲ-ਨਾਲ ਉਦਯੋਗ ਦੀਆਂ ਵਿਹਾਰਕ ਲੋੜਾਂ ਨੂੰ ਸਮਝਣ ਦਾ ਮੌਕਾ ਮਿਲਿਆ।
ਇਸ ਮੌਕੇ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ, ਸੀਈਸੀ-ਸੀਜੀਸੀ ਲਾਂਡਰਾਂ ਦੀ ਡਾਇਰੈਕਟਰ-ਪ੍ਰਿੰਸੀਪਲ ਡਾ. ਸੁਖਪ੍ਰੀਤ ਕੌਰ, ਉਭਰਦੀ ਤਕਨਾਲੋਜੀ ਵਿਭਾਗ ਦੇ ਐੱਚਓਡੀ ਡਾ. ਕਪਿਲ ਮਹਿਤਾ ਅਤੇ ਸੰਸਥਾ ਦੇ ਡਾਇਰੈਕਟਰ ਤੇ ਡੀਨ ਵੀ ਮੌਜੂਦ ਸਨ।
ਹੈਕਾਥੌਨ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਵੱਲੋਂ ਆਪਣੇ ਹੱਲਾਂ ਦੀਆਂ ਪੇਸ਼ਕਾਰੀਆਂ ਅਤੇ ਪ੍ਰਦਰਸ਼ਨ ਕੀਤੇ ਗਏ। ਮਾਹਿਰਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪ੍ਰਾਜੈਕਟਾਂ ਸਬੰਧੀ ਮਾਰਗਦਰਸ਼ਨ ਦਿੱਤਾ ਅਤੇ ਸੁਝਾਅ ਸਾਂਝੇ ਕੀਤੇ। ਮਲਟੀ-ਪੈਨਲ ਮੁਲਾਂਕਣ ਰਾਹੀਂ ਭਾਗੀਦਾਰਾਂ ਨੂੰ ਤਕਨਾਲੋਜੀ ਅਤੇ ਕਾਰੋਬਾਰੀ ਖੇਤਰ ਦੇ ਮਾਹਿਰਾਂ ਤੋਂ ਸਿੱਧਾ ਫੀਡਬੈਕ ਪ੍ਰਾਪਤ ਹੋਇਆ।

ਟੀਮਾਂ ਦਾ ਮੁਲਾਂਕਣ ਜੈਦੀਪ ਘੋਸ਼, ਅਡੋਬ; ਅਵਿਨਾਸ਼ ਕਾਲੜਾ, ਡੇਲੋਇਟ; ਨਿਤਨ ਮਹੇਸ਼ਵਰੀ, ਅਪਗ੍ਰੇਡ; ਪ੍ਰਿਯਾਂਸ਼ੂ, ਟੈਕਕੈਡ; ਰਚਿਤ ਜੈਨ, ਮੈਂਟੋਰਲ; ਤਨਦੀਪ ਸਿੰਗੜਾ, ਸ਼ੀ ਇਨੋਵੇਟਸ ਏਆਈ; ਗੁਰਮਿੰਦਰ ਸਿੰਘ, ਕੋਡਰਰੂਟਸ; ਅਮਨ ਮੁੰਦਰਾ, ਵੈਲਜ਼ਿਨ; ਨਵਨੀਤ ਸਿੰਘ ਅਤੇ ਪ੍ਰਿੰਸ ਕਾਲੜਾ, ਸੋਫਲਾਈ ਇਨੋਵੇਸ਼ਨਜ਼ ਸਮੇਤ ਮਾਹਿਰਾਂ ਦੇ ਪੈਨਲ ਵੱਲੋਂ ਕੀਤਾ ਗਿਆ। ਜਿਊਰੀ ਨੇ ਨਵੀਨਤਾ, ਸਮੱਸਿਆ ਦੀ ਪਛਾਣ, ਤਕਨੀਕੀ ਲਾਗੂਕਰਨ, ਵਿਹਾਰਕਤਾ, ਸਕੇਲੇਬਿਲਟੀ, ਸੰਭਾਵੀ ਪ੍ਰਭਾਵ ਅਤੇ ਪੇਸ਼ਕਾਰੀ ਸਮੇਤ ਵੱਖ-ਵੱਖ ਮਾਪਦੰਡਾਂ ਦੇ ਆਧਾਰ ’ਤੇ ਹੱਲਾਂ ਦਾ ਮੁਲਾਂਕਣ ਕੀਤਾ।
ਇਸ ਮੌਕੇ ਡਾ. ਰਾਜਦੀਪ ਸਿੰਘ ਨੇ ਕਿਹਾ ਕਿ ਐਸਏਪੀ ਹੈਕਫੈਸਟ’26 ਵਿਦਿਆਰਥੀਆਂ ਨੂੰ ਨਵੀਨਤਾ, ਪ੍ਰਯੋਗ ਅਤੇ ਅਸਲ ਜ਼ਿੰਦਗੀ ਦੀਆਂ ਚੁਣੌਤੀਆਂ ਦੇ ਹੱਲ ਵਿਕਸਿਤ ਕਰਨ ਲਈ ਮਹੱਤਵਪੂਰਨ ਮੰਚ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਉਦਯੋਗ ਮਾਹਿਰਾਂ ਨਾਲ ਸਿੱਧੀ ਗੱਲਬਾਤ ਰਾਹੀਂ ਵਿਦਿਆਰਥੀਆਂ ਨੂੰ ਕੀਮਤੀ ਫੀਡਬੈਕ ਮਿਲਦਾ ਹੈ, ਜਿਸ ਨਾਲ ਉਹ ਵਿਹਾਰਕ ਮਹੱਤਤਾ ਵਾਲੇ ਹੱਲ ਵਿਕਸਿਤ ਕਰਨ ਦੇ ਯੋਗ ਬਣਦੇ ਹਨ।
ਸਮਾਗਮ ਨੇ ਸੀਜੀਸੀ ਲਾਂਡਰਾਂ ਅਤੇ ਉਦਯੋਗ ਵਿਚਕਾਰ ਸੰਪਰਕ ਨੂੰ ਹੋਰ ਮਜ਼ਬੂਤ ਕੀਤਾ। ਨਾਲ ਹੀ ਵਿਦਿਆਰਥੀਆਂ ਨੂੰ ਤਕਨੀਕੀ, ਉੱਦਮੀ ਅਤੇ ਸਮੱਸਿਆ-ਹੱਲ ਕਰਨ ਦੀਆਂ ਸਮਰੱਥਾਵਾਂ ਨਿਖਾਰਨ ਅਤੇ ਮੌਜੂਦਾ ਉਦਯੋਗਿਕ ਰੁਝਾਨਾਂ ਨੂੰ ਸਮਝਣ ਦਾ ਕੀਮਤੀ ਅਨੁਭਵ ਮਿਲਿਆ।