
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਦੱਸਿਆ ਪੂਰੀ ਤਰ੍ਹਾਂ ਫਲਾਪ
ਮੋਹਾਲੀ, 18 ਅਕਤੂਬਰ, ਪੰਜਾਬੀ ਦੁਨੀਆ ਬਿਊਰੋ:
ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਮੋਹਾਲੀ ਵਿਖੇ ਨਸ਼ਿਆਂ ਦੇ ਕੋਹੜ ਵਿਰੁੱਧ ਵਿਸ਼ਾਲ ਬਾਈਕ ਰੈਲੀ ਕੱਢੀ ਗਈ, ਜਿਸ ਵਿੱਚ ਸੈਂਕੜੇ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਨਸ਼ਾ ਮੁਕਤ ਪੰਜਾਬ ਦੀ ਆਵਾਜ਼ ਬੁਲੰਦ ਕਰਦਿਆਂ ਸਿੱਧੂ ਨੇ ਸੂਬੇ ਵਿੱਚ ਨਸ਼ਿਆਂ ਦੀ ਲਗਾਤਾਰ ਵਧ ਰਹੀ ਸਮੱਸਿਆ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੀ ਹਾਲ ਹੀ ਵਿੱਚ ਹੋਈ ਮੌਤ ‘ਤੇ ਗੰਭੀਰ ਚਿੰਤਾ ਪ੍ਰਗਟਾਈ।
ਇਕੱਠ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੀ ਮੌਤ ਅਤੇ ਨਸ਼ਿਆਂ ਨਾਲ ਜੁੜੀਆਂ ਹੋਰ ਹਾਲੀਆ ਦੁਖਦਾਈ ਘਟਨਾਵਾਂ ਨੇ ਨਸ਼ਿਆਂ ਵਿਰੁੱਧ ਲੜਨ ਵਾਲੇ ਲੋਕਾਂ ਦੀ ਸੁਰੱਖਿਆ ਅਤੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਅਨੇਕਾਂ ਪਰਿਵਾਰ ਨਸ਼ਿਆਂ ਦੀ ਲਤ ਅਤੇ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਸੰਤਾਪ ਹੰਢਾ ਰਹੇ ਹਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਅਨੁਸਾਰ ਠੋਸ ਕਾਰਵਾਈ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਰਕਾਰ ਆਪਣੀ ਜਵਾਬਦੇਹੀ ਤੈਅ ਕਰੇ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ।
ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਸਿੱਧੂ ਨੇ ਕਿਹਾ ਕਿ ਸਰਕਾਰ ਦੀ ਬਹੁ-ਚਰਚਿਤ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਆਪਣੇ ਵਾਅਦੇ ਪੂਰੇ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਪ੍ਰਚਾਰ ਕਰਨ ਅਤੇ ਐਲਾਨ ਕਰਨ ਨਾਲ ਨਸ਼ਿਆਂ ਦੀ ਸਮੱਸਿਆ ਖ਼ਤਮ ਨਹੀਂ ਹੋ ਸਕਦੀ। ਜਦੋਂ ਸੂਬੇ ਵਿੱਚ ਨਸ਼ਿਆਂ ਦੀ ਉਪਲਬਧਤਾ ਨੂੰ ਲੈ ਕੇ ਚਿੰਤਾਵਾਂ ਲਗਾਤਾਰ ਬਣੀਆਂ ਹੋਈਆਂ ਹਨ, ਤਾਂ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਉੱਠਣੇ ਸੁਭਾਵਿਕ ਹਨ। ਉਨ੍ਹਾਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ, ਸ਼ਿਕਾਇਤਾਂ ਨੂੰ ਅਣਗੌਲਿਆਂ ਕਰਨ ਵਾਲੇ ਅਧਿਕਾਰੀਆਂ ਦੀ ਜਵਾਬਦੇਹੀ ਅਤੇ ਨਸ਼ਾ ਪੀੜਤਾਂ ਲਈ ਬਿਹਤਰ ਇਲਾਜ ਤੇ ਮੁੜ ਵਸੇਬੇ ਦੀਆਂ ਸਹੂਲਤਾਂ ਦੀ ਮੰਗ ਕੀਤੀ।
ਕੇਂਦਰ ਦੀ ਭਾਜਪਾ ਸਰਕਾਰ ਦੀ ਆਲੋਚਨਾ ਕਰਦਿਆਂ ਸਿੱਧੂ ਨੇ ਕਿਹਾ ਕਿ ਸਰਹੱਦ ਪਾਰੋਂ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਰਾਹੀਂ ਹੋ ਰਹੀ ਨਸ਼ਾ ਤਸਕਰੀ ਨੂੰ ਰੋਕਣ ਲਈ ਹੋਰ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਗੁਜਰਾਤ ਦੀ ਮੁੰਦਰਾ ਬੰਦਰਗਾਹ ਤੋਂ ਹੈਰੋਇਨ ਦੀਆਂ ਵੱਡੀਆਂ ਖੇਪਾਂ ਫੜੇ ਜਾਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਸਵਾਲ ਕੀਤਾ ਕਿ ਵੱਡੀਆਂ ਬੰਦਰਗਾਹਾਂ ਅਤੇ ਆਵਾਜਾਈ ਦੇ ਨੈੱਟਵਰਕਾਂ ਰਾਹੀਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਬਣਾਏ ਗਏ ਪ੍ਰਬੰਧ ਕਿੰਨੇ ਪ੍ਰਭਾਵਸ਼ਾਲੀ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਨਸ਼ਾ ਤਸਕਰੀ ਦੇ ਰੂਟਾਂ ਦੀ ਪਾਰਦਰਸ਼ੀ ਜਾਂਚ, ਖੁਫ਼ੀਆ ਜਾਣਕਾਰੀ ਦੇ ਬਿਹਤਰ ਤਾਲਮੇਲ ਅਤੇ ਹਰ ਤਸਕਰੀ ਨੈੱਟਵਰਕ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ।
ਸਿੱਧੂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਇੱਕ-ਦੂਜੇ ਸਿਰ ਜ਼ਿੰਮੇਵਾਰੀ ਪਾ ਕੇ ਆਪਣੀ ਜਵਾਬਦੇਹੀ ਤੋਂ ਨਹੀਂ ਬਚ ਸਕਦੀਆਂ। ਦੋਵਾਂ ਸਰਕਾਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਨਸ਼ਾ ਤਸਕਰੀ ਦੇ ਨੈੱਟਵਰਕਾਂ ਨੂੰ ਤੋੜਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨਸ਼ਾ ਤਸਕਰਾਂ ਵਿਰੁੱਧ ਠੋਸ ਕਾਰਵਾਈ, ਨਸ਼ਾ ਪੀੜਤਾਂ ਦੇ ਪ੍ਰਭਾਵਸ਼ਾਲੀ ਇਲਾਜ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਸਮਾਜ ਸੇਵੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।

ਕਾਂਗਰਸ ਪਾਰਟੀ ਦੀ ਵਚਨਬੱਧਤਾ ਦੁਹਰਾਉਂਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਦੀ ਲੜਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਸਿਆਸੀ ਵਾਅਦਿਆਂ ਦੀ ਥਾਂ ਜ਼ਮੀਨੀ ਪੱਧਰ ‘ਤੇ ਠੋਸ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਸੂਬੇ ਦੀ ਸਭ ਤੋਂ ਵੱਡੀ ਪੂੰਜੀ ਹੈ ਅਤੇ ਇਸ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿਆਸੀ ਜਵਾਬਦੇਹੀ, ਪ੍ਰਭਾਵਸ਼ਾਲੀ ਕਾਰਵਾਈ ਅਤੇ ਨਿਰੰਤਰ ਯਤਨਾਂ ਦੀ ਲੋੜ ਹੈ।
ਇਸ ਰੈਲੀ ਵਿੱਚ ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਜੀ, ਕੰਵਰਬੀਰ ਸਿੰਘ ਸਿੱਧੂ, ਮੰਡਲ ਪ੍ਰਧਾਨ ਸ਼੍ਰੀ ਅਸ਼ੋਕ ਕੌਂਡਲ, ਮੰਡਲ ਪ੍ਰਧਾਨ ਕੁਲਵਿੰਦਰ ਸਿੰਘ ਸੰਜੂ, ਮੰਡਲ ਪ੍ਰਧਾਨ ਅਤੇ ਕਨਵਿਨਰ ਹੈਪੀ ਮਲੀਕ, ਮੰਡਲ ਪ੍ਰਧਾਨ ਨਵਦੀਪ ਸਿੰਘ ਨਵੀ ਸੰਧੂ, ਰਜਿੰਦਰ ਸਿੰਘ ਰਾਣਾ ਸਾਬਕਾ ਪ੍ਰਧਾਨ ਨਗਰ ਨਿਗਮ ਮੋਹਾਲੀ, ਕਮਲਪ੍ਰੀਤ ਸਿੰਘ ਬੰਨੀ ਕੌਂਸਲਰ, ਅਮਨ ਪਾਸਵਾਨ ਕੌਂਸਲਰ,ਦਵਿੰਦਰ ਕੌਰ ਵਾਲਿਆਂ, ਪਰਮਜੀਤ ਸਿੰਘ ਹੈਪੀ, ਇੰਦਰ ਜੀਤ ਸਿੰਘ ਢਿੱਲੋਂ, ਲਖਬੀਰ ਸਿੰਘ ਫੇਸ -6, ਸਾਰੇ ਸਾਬਕਾ ਕੌਂਸਲਰ, ਮੁਕੁਲ ਸ਼ਰਮਾਂ ਬਲਾਕ ਯੂਥ ਕਾਂਗਰਸ ਪ੍ਰਧਾਨ, ਰਵਿੰਦਰ ਸਿੰਘ ਰਵੀ ਚੇਅਰਮੈਨ ਐਸ ਸੀ ਸੈਲ , ਰਾਮ ਨਾਥ ਪਾਸਵਾਨ ਚੇਅਰਮੈਨ ਐਸ ਸੀ ਸੈਲ, ਪਰਮਜੀਤ ਸਿੰਘ ਚੌਹਾਨ ਆਈ ਟੀ ਸੈੱਲ, ਬਲਜਿੰਦਰ ਸਿੰਘ ਫੇਸ-2, ਓਮੀ ਗਿਰ ਸ਼ਾਮਪੁਰ, ਨੰਬਰਦਾਰ ਗੁਰਚਰਨ ਸਿੰਘ ਗੀਗੇ ਮਾਜਰਾ, ਮਨਮੋਹਣ ਸਿੰਘ ਫੇਸ 6, ਕੁਲਵੰਤ ਸਿੰਘ ਫੌਜ਼ੀ ਗੀਗੇ ਮਾਜਰਾ, ਸੰਜੀਵ ਬੰਟੀ ਗੋਬਿੰਦਗੜ੍ਹ , ਕਰਨਵੀਰ ਸਿੰਘ ਢਿੱਲੋ ਫੇਸ 11, ਨਵਦੀਪ ਸਿੰਘ ਗੋਲਡੀ ਦਾਊ, ਸ਼ਮੀ ਜਗਤਪੁਰਾ, ਸਤੀਸ਼ ਕੁਮਾਰ ਜਗਤਪੁਰਾ, ਜਤਿੰਦਰ ਸੋਢੀ ਫੇਸ 4, ਦੇਖਣ ਜਾਣਾ ਸੁਰਜੀਤ ਸਿੰਘ 3ਬੀ 2, ਰਘਬੀਰ ਸਿੰਘ ਫੇਸ 1 ਅਜਮੇਰ ਸਿੰਘ ਸਾਬਕਾ ਸਰਪੰਚ ਦਾਊਂ, ਦਲਵਿੰਦਰ ਸਿੰਘ ਸੈਣੀ ਦਾਊ, ਅਮਰਜੀਤ ਸਿੰਘ ਮੋਨੀ ਜੁਝਾਰ ਨਗਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਪਿੰਡਾਂ ਦੇ ਪੰਚ, ਸਰਪੰਚ ਹਾਜ਼ਰ ਸਨ।