
ਲੋਕ ਮਿਲਣੀ ਪ੍ਰੋਗਰਾਮ ਤਹਿਤ ਤੰਗੋਰੀ ਅਤੇ ਦੈੜੀ ਨਿਵਾਸੀਆਂ ਨਾਲ ਹੋਏ ਰੂਬਰੂ
ਮੋਹਾਲੀ 16 ਜੁਲਾਈ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਲੋਕਾਂ ਤੱਕ ਲਿਜਾਣ ਲਈ ਅਤੇ ਸਰਕਾਰ ਦੇ ਕੰਮਾਂ ਪ੍ਰਤੀ ਵਿਚਾਰ ਜਾਨਣ ਦੇ ਮਕਸਦ ਹਿਤ ਪੰਜਾਬ ਭਰ ਵਿੱਚ ਸ਼ੁਰੂ ਕੀਤੇ ਗਏ ‘ਲੋਕ ਮਿਲਣੀ ਪ੍ਰੋਗਰਾਮਾਂ’ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਹਨ। ਅੱਜ ਹਲਕਾ ਮੋਹਾਲੀ ਵਿੱਚ ਵਿਧਾਇਕ ਕੁਲਵੰਤ ਸਿੰਘ ਦੇ ਵਿਚਾਰ ਸੁਣਨ ਲਈ ਵੱਡੀ ਗਿਣਤੀ ਲੋਕਾਂ ਦੀ ਸ਼ਮੂਲੀਅਤ ਵਿਸ਼ਾਲ ਰੈਲੀਆਂ ਦਾ ਰੂਪ ਧਾਰਨ ਕਰ ਰਹੀਆਂ ਹਨ। ਇਸੇ ਲੜੀ ਤਹਿਤ ਵਿਧਾਇਕ ਕੁਲਵੰਤ ਸਿੰਘ ਹੋਰਾਂ ਤੰਗੋਰੀ ਅਤੇ ਦੈੜੀ ਨਿਵਾਸੀਆਂ ਦੇ ਰੂਬਰੂ ਹੋਏ ਅਤੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ਸਬੰਧੀ ਲੋਕਾਂ ਦੇ ਵਿਚਾਰ ਸੁਣੇ ਅਤੇ ਵਿਸਥਾਰ ਵਿੱਚ ਵਿਚਾਰ- ਵਟਾਂਦਰਾ ਕੀਤਾ।
ਇਸ ਮੌਕੇ ਬੋਲਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਸਾਰੇ ਵਾਅਦੇ ਅਤੇ ਦਿੱਤੀਆਂ ਸਾਰੀਆਂ ਗਾਰੰਟੀਆਂ ਨੂੰ ਪੂਰਾ ਕਰ ਲਿਆ ਹੈ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਸਰਕਾਰ ਬਣਦੇ ਸਾਰ ਹੀ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਤੱਕ 70 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਇਹ ਅੰਕੜਾ ਆਉਣ ਵਾਲੇ ਦਿਨਾਂ ਵਿੱਚ ਵਧ ਕੇ 80 ਹਜ਼ਾਰ ਤੱਕ ਪਹੁੰਚ ਜਾਵੇਗਾ। ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪੂਰੀ ਤਰ੍ਹਾਂ ਬਿਨਾਂ ਕਿਸੇ ਸਿਫਾਰਿਸ਼ ਉੱਤੇ ਮੈਰਿਟ ਦੇ ਅਧਾਰ ‘ਤੇ ਮਿਲੀਆਂ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਆਪਣੀ ਜਿੰਮੇਵਾਰੀ ਸੰਭਾਲਦਿਆਂ ਹੀ ਪੰਜਾਬ ਦੇ ਲੋਕਾਂ ਦੀ ਸਹੂਲਤ ਦੇ ਲਈ 600 ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਬਿੱਲ ਮੁਆਫ ਕੀਤੇ ਗਏ ਅਤੇ ਅੱਜ ਪੰਜਾਬ ਦੇ 85% ਲੋਕਾਂ ਨੂੰ ਬਿਜਲੀ ਦੇ ਬਿੱਲ ਨਹੀਂ ਆ ਰਹੇ।

ਵਿਧਾਇਕ ਕੁਲਵੰਤ ਸਿੰਘ ਹੋਰਾਂ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਦੇ ਹੋਏ ਪੰਜਾਬ ਵਿੱਚ 1000 ਤੋਂ ਵੀ ਵੱਧ ਮੁਹੱਲਾ ਕਲੀਨਿਕ ਖੋਲੇ ਗਏ, ਜਿੱਥੇ ਕਿ ਮਰੀਜਾਂ ਦਾ ਮੁਫਤ ਚੈਕਅਪ, ਦਵਾਈਆਂ ਅਤੇ ਲੋੜੀਂਦੇ ਟੈਸਟ ਵੀ ਕੀਤੇ ਜਾਂਦੇ ਹਨ। ਨਾਲ ਹੀ ਪੰਜਾਬ ਵਿੱਚ ਬਿਨਾਂ ਭੇਦਭਾਵ ਮਰੀਜ਼ਾਂ ਦੀ ਸਹੂਲਤ ਲਈ 10 ਲੱਖ ਰੁਪਏ ਤੱਕ ‘ਮੁੱਖ ਮੰਤਰੀ ਮੁਫਤ ਸਿਹਤ ਬੀਮਾ ਯੋਜਨਾ’ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿੱਚ ਵਧੀਆ ਵਿਦਿਅਕ ਮਾਹੌਲ ਬਣਾਉਣ ਲਈ ਅਧਿਆਪਕ ਵਰਗ ਨੂੰ ਵਿਦੇਸ਼ ਭੇਜਿਆ ਗਿਆ ਅਤੇ ਸਰਕਾਰੀ ਸਕੂਲਾਂ ਵਿੱਚ ਜਰੂਰੀ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਗਿਆ। ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਵਲੋਂ ਫੀਸਾਂ ਰਾਹੀਂ ਕੀਤੀ ਜਾਂਦੀ ਅੰਨ੍ਹੇਵਾਹ ਲੁੱਟ ਨੂੰ ਵੀ ਰੋਕਿਆ ਹੈ ਅਤੇ ਹੁਣ ਕੋਈ ਵੀ ਪ੍ਰਾਈਵੇਟ ਸਕੂਲ 5% ਤੋਂ ਵੱਧ ਫੀਸ ਨਹੀਂ ਵਧਾ ਸਕਦਾ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਦੀਆਂ ਮਹਿਲਾਵਾਂ ਦੇ ਲਈ 1000 ਅਤੇ 1500 ਸਕੀਮ ਨੂੰ ਮਾਰਚ ਮਹੀਨੇ ਤੋਂ ਲਾਗੂ ਕਰ ਦਿੱਤਾ ਗਿਆ ਹੈ ਅਤੇ ਹੁਣ ਹਰ ਇੱਕ ਮਹਿਲਾ ਦੇ ਬੈਂਕ ਖਾਤੇ ਦੇ ਵਿੱਚ ਪੈਸੇ ਹੋਣੇ ਸ਼ੁਰੂ ਹੋ ਚੁੱਕੇ ਹਨ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਸਾਬਕਾ ਸਰਪੰਚ ਅਵਤਾਰ ਸਿੰਘ ਮੌਲੀ, ਮੋਹਾਲੀ ਕਾਰਪੋਰੇਸ਼ਨ ਦੇ ਸੀਨੀਅਰ ਡਿਪਟੀ ਮੇਅਰ ਰਾਜਿੰਦਰ ਪ੍ਰਸਾਦ ਸ਼ਰਮਾ, ਅਕਵਿੰਦਰ ਸਿੰਘ ਗੋਸਲ, ਅਮਨਦੀਪ ਸਿੰਘ, ਬਲਜੀਤ ਸਿੰਘ, ਨਿਰਵੈਰ ਸਿੰਘ, ਨਵਰਿੰਦਰ ਸਿੰਘ, ਗੁਰਸ਼ਰਨ ਸਿੰਘ ਧਾਲੀਵਾਲ, ਹਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਵਿਅਕਤੀ ਮੌਜੂਦ ਸਨ।