Breaking News
Dashmesh GS Electricals Verka Smart Media Insurance Point Tav Prasad

ਅਫਗਾਨਿਸਤਾਨ ਨੇ ਰਚਿਆ ਇਤਿਹਾਸ, ਇੰਗਲੈਂਡ ਨੂੰ 8 ਦੌੜਾਂ ਨਾਲ ਹਰਾਇਆ

ਇੰਗਲੈਂਡ ਦੀ ਮਜ਼ਬੂਤ ਸਮਝੀ ਜਾਂਦੀ ਟੀਮ ਟੂਰਨਾਮੈਂਟ ਤੋਂ ਹੋਈ ਬਾਹਰ

ਚੰਡੀਗੜ੍ਹ, 26 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਚੈਂਪੀਅਨ ਟਰਾਫੀ 2025 ਦੇ ਗਰੁੱਪ ਬੀ ਦੇ ਇੱਕ ਮੈਚ ਵਿੱਚ ਅੱਜ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਨੇ ਇਕ ਵਾਰ ਫਿਰ ਵੱਡਾ ਉਲਟਫੇਰ ਕਰਦਿਆਂ ਇੰਗਲੈਂਡ ਦੀ ਮਜ਼ਬੂਤ ਟੀਮ ਨੂੰ 8 ਦੌੜਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਸ ਜਿੱਤ ਵਿਚ ਇਬਰਾਹੀਮ ਜ਼ਾਦਰਾਨ ਦਾ ਤੂਫਾਨੀ ਸੈਂਕੜਾ ਅਤੇ ਅਜ਼ਮਾਤੁੱਲਾ ਓਮਰਜ਼ਦਈ ਦੀਆਂ 5 ਵਿਕਟਾਂ ਸ਼ਾਮਲ ਹਨ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸਦੇ 37 ਦੌੜਾਂ ‘ਤੇ ਤਿੰਨ ਖਿਡਾਰੀ ਆਊਟ ਹੋ ਗਏ ਸਨ। ਬਾਅਦ ਵਿੱਚ ਇਬਰਾਹੀਮ ਜ਼ਾਦਰਾਨ ਨੇ ਪਾਰੀ ਨੂੰ ਸੰਭਾਲਦਿਆਂ 146 ਗੇਂਦਾਂ ਵਿੱਚ 177 ਦੌੜਾਂ (12 ਚੌਕੇ, 6 ਛੱਕੇ) ਸਦਕਾ ਅਫਗਾਨ ਟੀਮ ਦੇ ਸਕੋਰ ਨੂੰ 7 ਵਿਕਟਾਂ ਦੇ ਨੁਕਸਾਨ ‘ਤੇ 325 ਦੌੜਾਂ ਦੇ ਮਜ਼ਬੂਤ ਸਕੋਰ ਤੱਕ ਪਹੁੰਚਾ ਦਿੱਤਾ। ਇਸ ਵਿਚ ਕਪਤਾਨ ਸ਼ਾਹੀਦੀ (40), ਅਜਮਾਉਣ (41) ਅਤੇ ਨਬੀ (40) ਦੀਆਂ ਮਹੱਤਵਪੂਰਨ ਯੋਗਦਾਨ ਰਿਹਾ।

ਅਫਗਾਨਿਸਤਾਨ ਵਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸਦੇ ਸਲਾਮੀ ਬੱਲੇਬਾਜ਼ ਫਿਲ ਸਾਲਟ (12) ਅਤੇ ਜੈਮੀ ਸਮਿੱਥ 30 ਦੇ ਸਕੋਰ ‘ਤੇ ਆਊਟ ਹੋ ਗਏ। ਇਸ ਤੋਂ ਬਾਅਦ ਬੈਨ ਡਾਕੇਟ ਅਤੇ ਜੋਅ ਰੂਟ ਨੇ ਪਾਰੀ ਨੂੰ ਸੰਭਾਲਦਿਆਂ ਟੀਮ ਦਾ ਸਕੋਰ 98 ਤੱਕ ਪਹੁੰਚਾ ਦਿੱਤਾ, ਤਦ ਬੈਨ ਡਾਕੇਟ (38) ਨੂੰ ਰਾਸ਼ਿਦ ਖਾਨ ਨੇ ਐਲ.ਬੀ.ਡਬਲਿਊ. ਆਊਟ ਕਰ ਦਿੱਤਾ। ਉਪਰੰਤ ਹੈਰੀ ਬਰੂਕ (25) ਦੌੜਾਂ ‘ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਇੰਗਲੈਂਡ ਦੇ ਦੋ ਸੀਨੀਅਰ ਖਿਡਾਰੀ ਜੋਅ ਰੂਟ (120) ਅਤੇ ਜੋਸ ਬਟਲਰ ਨੇ 83 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਸਦਕਾ ਇੰਗਲੈਂਡ ਟੀਮ ਲਈ ਕੁਝ ਉਮੀਦ ਜਗਾਈ ਪਰ ਅਜ਼ਮਾਤੁੱਲਾ ਨੇ ਜੋਅ ਰੂਟ (120), ਜੋਸ ਬਟਲਰ (38) ਤੇ ਜੈਮੀ ਓਵਰਟਿਨ (32) ਅਤੇ ਗੁੱਲਾਮਦੀਨ ਨੇ ਲਿਵਿੰਗਸਟੋਨ (10) ਨੂੰ ਆਊਟ ਕਰਕੇ ਅਫਗਾਨਿਸਤਾਨ ਟੀਮ ਦੀ ਜਿੱਤ ਨੂੰ ਹੋਰ ਨਜ਼ਦੀਕ ਕਰ ਦਿੱਤਾ। ਇਸ ਦੌਰਾਨ ਪੂਰੀ ਟੀਮ 317 ਦੌੜਾਂ ਬਣਾ ਕੇ ਆਊਟ ਹੋ ਗਈ।

ਅਫਗਾਨਿਸਤਾਨ ਟੀਮ ਵਲੋਂ ਸਭ ਤੋ ਸਫਲ ਗੇਂਦਬਾਜ ਅਜ਼ਮਾਤੁੱਲਾ ਰਹੇ, ਜਿਸ ਨੇ 58 ਦੌੜਾਂ ਦੇ ਕੇ 5 ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ ਅਤੇ ਟੀਮ ਦੀ ਜਿੱਤ ਲਈ ਅਹਿਮ ਯੋਗਦਾਨ ਪਾਇਆ।

ਅਫਗਾਨਿਸਤਾਨ ਟੀਮ ਦੀ ਇਸ ਜਿੱਤ ਨਾਲ ਗਰੁੱਪ ਬੀ ਦਾ ਮੁਕਾਬਲਾ ਕਾਫੀ ਰੌਚਕ ਬਣ ਗਿਆ ਹੈ ਅਤੇ ਇੰਗਲੈਂਡ ਦੀ ਮਜ਼ਬੂਤ ਸਮਝੀ ਜਾਂਦੀ ਟੀਮ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ।

Leave a Reply

Your email address will not be published. Required fields are marked *