Breaking News
Smart Media Dashmesh Mohali Walk Smart Media Insurance Point Hardev Singh Ubha

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਕੀਤਾ ਉਦਘਾਟਨ

ਕਿਹਾ, ਇਹ ਲੀਗ ਪੰਜਾਬ ਦੀ ਕ੍ਰਿਕਟ ਪ੍ਰਤਿਭਾ ਨੂੰ ਨਿਖਾਰੇਗੀ

ਨਸ਼ਿਆਂ ਵਿਰੁੱਧ ਜੰਗ ਵਿੱਚ ਖੇਡਾਂ ਸਭ ਤੋਂ ਅਸਰਦਾਰ ਹਥਿਆਰ ਹਨ: ਮਾਨ

ਚੰਡੀਗੜ੍ਹ, 30 ਅਗਸਤ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਹਿਲੀ ਵਾਰ ਫਰੈਂਚਾਇਜ਼ੀ ਅਧਾਰਤ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਸੂਬੇ ਦੇ ਉਭਰਦੇ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਖੇਡ ਵਿੱਚ ਅੱਗੇ ਵਧਣ ਦੇ ਮੌਕੇ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਵੱਲੋਂ ਕਰਵਾਏ ਜਾ ਰਹੇ ਉਦਘਾਟਨੀ ਐਡੀਸ਼ਨ ਵਿੱਚ ਛੇ ਟੀਮਾਂ ਸ਼ਾਮਲ ਹੋਣਗੀਆਂ ਅਤੇ ਇਹ ਟੂਰਨਾਮੈਂਟ 13 ਸਤੰਬਰ ਤੱਕ ਪੀ.ਸੀ.ਏ. ਕ੍ਰਿਕਟ ਸਟੇਡੀਅਮ, ਮੋਹਾਲੀ ਵਿਖੇ ਖੇਡਿਆ ਜਾਵੇਗਾ।

ਖਿਡਾਰੀਆਂ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੀਗ ਪੰਜਾਬ ਦੇ ਹੁਨਰਮੰਦ ਕ੍ਰਿਕਟਰਾਂ ਨੂੰ ਵੱਡੇ ਪਲੇਟਫਾਰਮ ‘ਤੇ ਮੁਕਾਬਲਾ ਕਰਨ ਅਤੇ ਸਥਾਪਿਤ ਖਿਡਾਰੀਆਂ ਦੇ ਨਾਲ ਖੇਡਣ ਅਤੇ ਉਨ੍ਹਾਂ ਤੋਂ ਸਿੱਖਣ ਦਾ ਮੌਕਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ, “ਸ਼ੇਰ-ਏ-ਪੰਜਾਬ ਟੀ-20 ਲੀਗ ਪੰਜਾਬ ਵਿੱਚ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਅਤੇ ਹੁਨਰਮੰਦ ਕ੍ਰਿਕਟਰਾਂ ਨੂੰ ਖੇਡ ਵਿੱਚ ਅੱਗੇ ਵਧਣ ਦੇ ਵਧੇਰੇ ਮੌਕੇ ਦੇਣ ਲਈ ਕਰਵਾਈ ਜਾ ਰਹੀ ਹੈ। ਇਹ ਲੀਗ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਆਈ.ਪੀ.ਐਲ. ਦੀ ਤਰਜ਼ ‘ਤੇ ਕਰਵਾਈ ਜਾ ਰਹੀ ਹੈ।”

ਅੱਜ ਕਰਵਾਏ ਗਏ ਉਦਘਾਟਨ ਸਮਾਰੋਹ ਵਿੱਚ ਟੂਰਨਾਮੈਂਟ ਦਾ ਪਹਿਲਾ ਮੈਚ ਅੰਮ੍ਰਿਤਸਰ ਸੂਰਮਾ ਅਤੇ ਮੋਹਾਲੀ ਕਿੰਗਜ਼ ਵਿਚਕਾਰ ਖੇਡਿਆ ਗਿਆ। ਇਹ ਲੀਗ ਦੋ ਹਫ਼ਤਿਆਂ ਤੱਕ ਜਾਰੀ ਰਹੇਗੀ, ਜਿਸ ਦਾ ਫਾਈਨਲ 13 ਸਤੰਬਰ ਨੂੰ ਹੋਵੇਗਾ। ਸਾਰੇ ਮੈਚ ਮੋਹਾਲੀ ਦੇ ਪੀ.ਸੀ.ਏ. ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾ ਰਹੇ ਹਨ।

ਭਾਰਤੀ ਕ੍ਰਿਕਟ ਵਿੱਚ ਪੰਜਾਬ ਦੇ ਵਡਮੁੱਲੇ ਯੋਗਦਾਨ ਦੀ ਨਿਸ਼ਾਨਦੇਹੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਨੇ ਲਗਾਤਾਰ ਅਜਿਹੇ ਖਿਡਾਰੀ ਪੈਦਾ ਕੀਤੇ ਹਨ, ਜੋ ਦੇਸ਼ ਦੀ ਉੱਚ ਪੱਧਰ ‘ਤੇ ਨੁਮਾਇੰਦਗੀ ਕਰਦੇ ਰਹੇ ਹਨ। ਉਨ੍ਹਾਂ ਕਿਹਾ, “ਅੱਜ ਇਹ ਪੰਜਾਬ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਦੇ ਕਪਤਾਨ ਕ੍ਰਮਵਾਰ ਸ਼ੁਭਮਨ ਗਿੱਲ ਅਤੇ ਹਰਮਨਪ੍ਰੀਤ ਕੌਰ ਪੰਜਾਬ ਤੋਂ ਹਨ। ਇਸ ਸਮੇਂ ਪੰਜਾਬ ਦੇ 21 ਖਿਡਾਰੀ ਆਈ.ਪੀ.ਐਲ. ਵਿੱਚ ਖੇਡ ਰਹੇ ਹਨ।”

ਉਨ੍ਹਾਂ ਕਿਹਾ ਕਿ ਇਸ ਸਮੇਂ ਭਾਰਤੀ ਪੁਰਸ਼ ਕ੍ਰਿਕਟ ਟੀਮ ਵਿੱਚ ਪੰਜਾਬ ਦੇ ਚਾਰ ਖਿਡਾਰੀ ਹਨ, ਜਿਨ੍ਹਾਂ ਵਿੱਚ ਕਪਤਾਨ ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ ਅਤੇ ਗੁਰਨੂਰ ਬਰਾੜ ਸ਼ਾਮਲ ਹਨ।

ਸੂਬੇ ਦੀ ਅਮੀਰ ਕ੍ਰਿਕਟ ਵਿਰਾਸਤ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ ਲਾਲਾ ਅਮਰਨਾਥ, ਬਿਸ਼ਨ ਸਿੰਘ ਬੇਦੀ, ਮਹਿੰਦਰ ਅਮਰਨਾਥ, ਯਸ਼ਪਾਲ ਸ਼ਰਮਾ ਅਤੇ ਯੁਵਰਾਜ ਸਿੰਘ ਵਰਗੇ ਮਹਾਨ ਕ੍ਰਿਕਟਰ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼ੇਰ-ਏ-ਪੰਜਾਬ ਟੀ-20 ਲੀਗ ਕ੍ਰਿਕਟਰਾਂ ਦੀ ਅਗਲੀ ਪੀੜ੍ਹੀ ਲਈ ਸਮਰਪਿਤ ਮੰਚ ਤਿਆਰ ਕਰਕੇ ਇਸ ਵਿਰਾਸਤ ਨੂੰ ਹੋਰ ਮਜ਼ਬੂਤ ਕਰੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਭਰ ਵਿੱਚ ਬਿਹਤਰ ਖੇਡ ਬੁਨਿਆਦੀ ਢਾਂਚਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ, “ਨਸ਼ਿਆਂ ਵਿਰੁੱਧ ਜੰਗ ਵਿੱਚ ਖੇਡਾਂ ਸਭ ਤੋਂ ਅਸਰਦਾਰ ਹਥਿਆਰ ਹਨ। ਇਸੇ ਲਈ ਸੂਬਾ ਸਰਕਾਰ ਖੇਡਾਂ ‘ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ ਅਤੇ ਨੌਜਵਾਨਾਂ ਨੂੰ ਆਪਣੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਗਾਉਣ ਦੇ ਮੌਕੇ ਮੁਹੱਈਆ ਕਰ ਰਹੀ ਹੈ।”

ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ‘ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਵਾਸਤੇ ਸੂਬੇ ਭਰ ਵਿੱਚ 3,100 ਖੇਡ ਮੈਦਾਨ ਬਣਾਏ ਜਾ ਰਹੇ ਹਨ।ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸਾਡੀ ਸਰਕਾਰ 5 ਸਤੰਬਰ ਨੂੰ ਬਠਿੰਡਾ ਤੋਂ ਸਭ ਤੋਂ ਵੱਡਾ ਖੇਡ ਮਹਾਕੁੰਭ ‘ਖੇਡਾਂ ਵਤਨ ਪੰਜਾਬ ਦੀਆਂ’ ਸ਼ੁਰੂ ਕਰੇਗੀ। ਉਨ੍ਹਾਂ ਕਿਹਾ, “ਖਿਡਾਰੀਆਂ ਦੀਆਂ ਤਿੰਨ ਪੀੜ੍ਹੀਆਂ ਇਸ ਖੇਡ ਸਮਾਗਮ ਵਿੱਚ ਭਾਗ ਲੈਣਗੀਆਂ, ਜੋ ਇਸ ਨੂੰ ਪੰਜਾਬ ਦੀ ਖੇਡ ਭਾਵਨਾ ਦਾ ਵਿਲੱਖਣ ਜਸ਼ਨ ਬਣਾਉਂਦੀਆਂ ਹਨ।”

ਇਸ ਮੌਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

ਇਸ ਉਦਘਾਟਨੀ ਐਡੀਸ਼ਨ ਵਿੱਚ ਛੇ ਫਰੈਂਚਾਇਜ਼ੀ ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਵਿੱਚੋਂ ਹਰੇਕ ਟੀਮ ਦੀ ਅਗਵਾਈ ਪੰਜਾਬ ਦੇ ਮੋਹਰੀ ਕ੍ਰਿਕਟਰ ਕਰ ਰਹੇ ਹਨ। ਫਾਜ਼ਿਲਕਾ ਫਾਲਕਨਜ਼ ਦੀ ਕਪਤਾਨੀ ਸ਼ੁਭਮਨ ਗਿੱਲ, ਲੁਧਿਆਣਾ ਲਾਇਨਜ਼ ਦੀ ਅਰਸ਼ਦੀਪ ਸਿੰਘ, ਅੰਮ੍ਰਿਤਸਰ ਸੂਰਮੇ ਦੀ ਅਭਿਸ਼ੇਕ ਸ਼ਰਮਾ, ਜਲੰਧਰ ਵਾਰੀਅਰਜ਼ ਦੀ ਪ੍ਰਭਸਿਮਰਨ ਸਿੰਘ, ਮੋਹਾਲੀ ਕਿੰਗਜ਼ ਦੀ ਰਮਨਦੀਪ ਸਿੰਘ ਅਤੇ ਬਠਿੰਡਾ ਰਾਇਲਜ਼ ਦੀ ਕਪਤਾਨੀ ਗੁਰਨੂਰ ਬਰਾੜ ਕਰ ਰਹੇ ਹਨ।

ਇਸ ਲੀਗ ਵਿੱਚ ਪੰਜਾਬ ਦੇ 450 ਤੋਂ ਵੱਧ ਖਿਡਾਰੀਆਂ ਦੇ ਪੂਲ ਵਿੱਚੋਂ ਵੱਖ-ਵੱਖ ਫਰੈਂਚਾਇਜ਼ੀ ਟੀਮਾਂ ਦੀ ਨੁਮਾਇੰਦਗੀ ਕਰਨ ਲਈ ਬੋਲੀ ਰਾਹੀਂ 119 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ।

Leave a Reply

Your email address will not be published. Required fields are marked *