Breaking News
Smart Media Dashmesh Mohali Walk Smart Media Insurance Point Hardev Singh Ubha

ਟ੍ਰਾਈਸਿਟੀ ਫੋਟੋ ਆਰਟ ਸੋਸਾਇਟੀ ਵੱਲੋਂ ‘ਦ੍ਰਿਸ਼ਟੀ-2026’ ਫੋਟੋ ਪ੍ਰਦਰਸ਼ਨੀ ਦਾ ਆਗਾਜ਼

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਉਦਘਾਟਨ

25 ਮੈਂਬਰਾਂ ਦੀਆਂ 61 ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ

ਚੰਡੀਗੜ੍ਹ, 19 ਅਗਸਤ, ਮਨਜੀਤ ਸਿੰਘ ਚਾਨਾ : 

ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਟ੍ਰਾਈਸਿਟੀ ਫੋਟੋ ਆਰਟ ਸੋਸਾਇਟੀ (ਤਪਸ) ਵੱਲੋਂ ਸਾਲਾਨਾ ਫੋਟੋ ਪ੍ਰਦਰਸ਼ਨੀ ‘ਦ੍ਰਿਸ਼ਟੀ-2026’ ਦਾ ਆਗਾਜ਼ ਕੀਤਾ ਗਿਆ। ਪੰਜਾਬ ਲਲਿਤ ਕਲਾ ਅਕੈਡਮੀ ਦੇ ਸਹਿਯੋਗ ਨਾਲ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਵਿਖੇ ਲਗਾਈ ਗਈ ਇਸ ਪੰਜ ਰੋਜ਼ਾ ਪ੍ਰਦਰਸ਼ਨੀ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਪ੍ਰਦਰਸ਼ਨੀ 19 ਤੋਂ 23 ਅਗਸਤ ਤੱਕ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਦਰਸ਼ਕਾਂ ਲਈ ਮੁਫ਼ਤ ਖੁੱਲ੍ਹੀ ਰਹੇਗੀ।

ਪ੍ਰਦਰਸ਼ਨੀ ਦਾ ਅਵਲੋਕਨ ਕਰਨ ਉਪਰੰਤ ਸਪੀਕਰ ਸੰਧਵਾਂ ਨੇ ਟ੍ਰਾਈਸਿਟੀ ਦੇ ਫੋਟੋਗ੍ਰਾਫੀ ਕਲਾਕਾਰਾਂ ਦੀ ਕਲਾਤਮਕ ਪ੍ਰਤਿਭਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤਸਵੀਰਾਂ ਰਾਹੀਂ ਅਸੀਂ ਜ਼ਿੰਦਗੀ ਦੀ ਸੁੰਦਰਤਾ ਨੂੰ ਆਪਣੇ-ਆਪਣੇ ਦ੍ਰਿਸ਼ਟੀਕੋਣ ਤੋਂ ਦੇਖਦੇ ਅਤੇ ਮਹਿਸੂਸ ਕਰਦੇ ਹਾਂ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਆਪਣੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ, ਪਰ ਪ੍ਰਦਰਸ਼ਨੀ ਵਿੱਚ ਲੱਗੀਆਂ ਤਸਵੀਰਾਂ ਨੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਦੀ ਕੁਦਰਤੀ ਸੁੰਦਰਤਾ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। ਖਾਸ ਤੌਰ ’ਤੇ ਪੰਛੀਆਂ ਦੀਆਂ ਤਸਵੀਰਾਂ ਨੇ ਉਨ੍ਹਾਂ ਦਾ ਧਿਆਨ ਖਿੱਚਿਆ। ਉਨ੍ਹਾਂ ਆਸ ਪ੍ਰਗਟਾਈ ਕਿ ਤਪਸ ਵਰਗੀਆਂ ਸੰਸਥਾਵਾਂ ਕਲਾ ਅਤੇ ਫੋਟੋਗ੍ਰਾਫੀ ਨੂੰ ਉਤਸ਼ਾਹਿਤ ਕਰਨ ਲਈ ਭਵਿੱਖ ਵਿੱਚ ਵੀ ਨਿਰੰਤਰ ਕੰਮ ਕਰਦੀਆਂ ਰਹਿਣਗੀਆਂ।

61 ਤਸਵੀਰਾਂ ਵਿੱਚ ਦਿਖੇ ਵੱਖ-ਵੱਖ ਰੰਗ

ਪ੍ਰਦਰਸ਼ਨੀ ਵਿੱਚ ਤਪਸ ਦੇ 25 ਮੈਂਬਰਾਂ ਦੀਆਂ ਕੁੱਲ 61 ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਲੈਂਡਸਕੇਪ, ਆਰਕੀਟੈਕਚਰ, ਸਟ੍ਰੀਟ ਲਾਈਫ, ਕੁਦਰਤ, ਜੰਗਲੀ ਜੀਵ, ਗਲਾਸਵੇਅਰ ਫੋਟੋਗ੍ਰਾਫੀ ਸਮੇਤ ਕਈ ਵਿਸ਼ਿਆਂ ਨੂੰ ਕਲਾਤਮਕ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਤਪਸ ਦੀ ਸਥਾਪਨਾ ਨੂੰ 11 ਸਾਲ ਹੋ ਚੁੱਕੇ ਹਨ ਅਤੇ ਇਸ ਸਮੇਂ ਦੌਰਾਨ ਸੰਸਥਾ ਵੱਲੋਂ ਫੋਟੋਗ੍ਰਾਫੀ ਨੂੰ ਕਲਾ ਦੇ ਰੂਪ ਵਿੱਚ ਉਤਸ਼ਾਹਿਤ ਕਰਨ ਲਈ ਫੋਟੋ ਪ੍ਰਦਰਸ਼ਨੀਆਂ, ਮੁਕਾਬਲੇ, ਫੋਟੋ ਵਾਕ ਅਤੇ ਵਰਕਸ਼ਾਪਾਂ ਕਰਵਾਈਆਂ ਜਾਂਦੀਆਂ ਰਹੀਆਂ ਹਨ। ਸੰਸਥਾ ਦਾ ਮੁੱਖ ਉਦੇਸ਼ ਫੋਟੋਗ੍ਰਾਫੀ ਨੂੰ ਸਿਰਫ਼ ਸ਼ੌਕ ਤੱਕ ਸੀਮਤ ਨਾ ਰੱਖ ਕੇ ਕਲਾ ਦੇ ਰੂਪ ਵਿੱਚ ਲੋਕਾਂ ਤੱਕ ਪਹੁੰਚਾਉਣਾ ਹੈ।

ਪ੍ਰਦਰਸ਼ਨੀ ਵਿੱਚ ਦੀਪ ਭਾਟੀਆ, ਵਿਨੋਦ ਚੌਹਾਨ, ਪ੍ਰਸ਼ਾਂਤ ਵਰਮਾ, ਹੇਮੰਤ ਚੌਹਾਨ, ਪੱਲਵੀ ਪਿੰਗੇ, ਪ੍ਰਵੀਨ ਨੈਨ, ਸਾਵਨ ਸ਼ਰਮਾ, ਅਨੁਜ ਜੈਨ, ਪ੍ਰਵੀਨ ਜਗੀ, ਡਾ. ਅਰੁਣ ਖੰਨਾ, ਰਾਜੇਸ਼ ਆਰੀਆ, ਵਿਕਾਸ ਕਪਿਲਾ, ਨਵਜੋਤ ਸਿੰਘ, ਬੀ.ਕੇ. ਜੋਸ਼ੀ, ਆਰਿਆਮਨ ਜੈਨ, ਰਾਹੁਲ ਬਕਸ਼ੀ, ਗਗਨਦੀਪ ਅਰੋੜਾ, ਮੋਹਿਤ ਕੁਮਾਰ, ਅਸ਼ੋਕ ਗੋਇਲ, ਸੰਦੀਪ ਸੈਣੀ, ਉਪੇਂਦਰ ਗੋਸਵਾਮੀ, ਅਨੁਜ ਕੌਸ਼ਲ, ਮੁਹੰਮਦ ਸਲੀਕ ਅਤੇ ਤਰਨਜੀਵ ਸਿੰਘ ਦੀਆਂ ਤਸਵੀਰਾਂ ਸ਼ਾਮਲ ਹਨ।

ਫੋਟੋਗ੍ਰਾਫੀ ਦੇ ਮਾਹਿਰ ਸਾਂਝੇ ਕਰਨਗੇ ਤਜਰਬੇ

ਪ੍ਰਦਰਸ਼ਨੀ ਦੌਰਾਨ 20, 21 ਅਤੇ 22 ਅਗਸਤ ਨੂੰ ਤਿੰਨ ਵਿਸ਼ੇਸ਼ ਫੋਟੋਗ੍ਰਾਫੀ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ। 20 ਅਗਸਤ ਨੂੰ ਵਿਸ਼ਵ ਪ੍ਰਸਿੱਧ ਟ੍ਰੈਵਲ ਫੋਟੋਗ੍ਰਾਫਰ ਵਿਨੋਦ ਚੌਹਾਨ ਵਾਈਲਡਲਾਈਫ ਫੋਟੋਗ੍ਰਾਫੀ ਬਾਰੇ ਜਾਣਕਾਰੀ ਸਾਂਝੀ ਕਰਨਗੇ। 21 ਅਗਸਤ ਨੂੰ ਕੈਨਨ ਮਾਹਿਰ ਵੱਲੋਂ ਫੋਟੋਗ੍ਰਾਫੀ ਦੇ ਬੇਸਿਕਸ ਅਤੇ ਪੋਰਟਰੇਟ ਸਬੰਧੀ ਸਿਖਲਾਈ ਦਿੱਤੀ ਜਾਵੇਗੀ। 22 ਅਗਸਤ ਨੂੰ ਫੋਟੋਗ੍ਰਾਫੀ ਖੇਤਰ ਵਿੱਚ 40 ਸਾਲਾਂ ਦਾ ਤਜਰਬਾ ਰੱਖਣ ਵਾਲੇ ਦੀਪ ਭਾਟੀਆ ਗਲਾਸਵੇਅਰ ਫੋਟੋਗ੍ਰਾਫੀ ਬਾਰੇ ਆਪਣੇ ਤਜਰਬੇ ਸਾਂਝੇ ਕਰਨਗੇ। ਸਾਰੀਆਂ ਵਰਕਸ਼ਾਪਾਂ ਦੁਪਹਿਰ 2:30 ਵਜੇ ਹੋਣਗੀਆਂ। ਇਸ ਤੋਂ ਇਲਾਵਾ ਗੋਡੇਕਸ ਅਤੇ ਫਿਊਟੈਕ ਵੱਲੋਂ ਆਪਣੇ ਫੋਟੋਗ੍ਰਾਫਿਕ ਉਤਪਾਦਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

ਵਿਦਿਆਰਥੀਆਂ ਲਈ ਵਿਸ਼ੇਸ਼ ਮੈਂਬਰਸ਼ਿਪ ਛੋਟ

ਟ੍ਰਾਈਸਿਟੀ ਵਿੱਚ ਵਿਦਿਆਰਥੀਆਂ ਅਤੇ ਆਮ ਲੋਕਾਂ ਵਿੱਚ ਫੋਟੋਗ੍ਰਾਫੀ ਪ੍ਰਤੀ ਵੱਧ ਰਹੀ ਦਿਲਚਸਪੀ ਨੂੰ ਦੇਖਦਿਆਂ ਤਪਸ ਵੱਲੋਂ ਵਿਸ਼ੇਸ਼ ਮੈਂਬਰਸ਼ਿਪ ਛੋਟ ਦਾ ਐਲਾਨ ਕੀਤਾ ਗਿਆ ਹੈ। ਆਰਟ ਫੋਟੋਗ੍ਰਾਫੀ ਵਿੱਚ ਦਿਲਚਸਪੀ ਰੱਖਣ ਵਾਲਾ ਵਿਅਕਤੀ 1,999 ਰੁਪਏ ਵਿੱਚ ਸਾਲਾਨਾ ਮੈਂਬਰਸ਼ਿਪ ਲੈ ਸਕਦਾ ਹੈ, ਜਦਕਿ ਵਿਦਿਆਰਥੀਆਂ ਲਈ ਇਹ ਫੀਸ 999 ਰੁਪਏ ਰੱਖੀ ਗਈ ਹੈ। ਪ੍ਰਦਰਸ਼ਨੀ ਵਿੱਚ ਆਉਣ ਵਾਲੇ ਫੋਟੋ ਪ੍ਰੇਮੀਆਂ ਲਈ ਇਹ ਉਪਰਾਲਾ ਫੋਟੋਗ੍ਰਾਫੀ ਨੂੰ ਕਲਾ ਵਜੋਂ ਸਮਝਣ ਅਤੇ ਨਵੀਂ ਪ੍ਰਤਿਭਾ ਨੂੰ ਮੰਚ ਦੇਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

Leave a Reply

Your email address will not be published. Required fields are marked *