Breaking News
Dashmesh GS Electricals Smart Media Insurance Point Tav Prasad

ਪ੍ਰਧਾਨ ਮੰਤਰੀ ਨੇ ਪੰਜਾਬ ਫੇਰੀ ਦੌਰਾਨ ਅਕਾਲੀ ਦਲ, ‘ਆਪ’ ਤੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ

ਕਿਹਾ, ਅਕਾਲੀ ਦਲ ਬਾਦਲ ਆਪਣੇ ਨਿੱਜੀ ਸਵਾਰਥਾਂ ਵਿੱਚ ਹੀ ਉਲਝਿਆ

ਜਲੰਧਰ, 17 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਫੇਰੀ ਦੌਰਾਨ ਜਲੰਧਰ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ‘ਤੇ ਤਿੱਖਾ ਸਿਆਸੀ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਆਪਣੇ ਨਿੱਜੀ ਸਵਾਰਥਾਂ ਵਿੱਚ ਉਲਝਿਆ ਹੋਇਆ ਹੈ ਅਤੇ ਉਸ ਨੂੰ ਪੰਜਾਬ ਵਾਸੀਆਂ ਦੇ ਹਿੱਤਾਂ ਅਤੇ ਸੂਬੇ ਦੇ ਵਿਕਾਸ ਦੀ ਕੋਈ ਪ੍ਰਵਾਹ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਨੇ ਲੰਬੇ ਸਮੇਂ ਤੱਕ ਗਲਤ ਨੀਤੀਆਂ ਅਤੇ ਸਵਾਰਥੀ ਰਾਜਨੀਤੀ ਦਾ ਨੁਕਸਾਨ ਝੱਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਰਵਪੱਖੀ ਵਿਕਾਸ, ਉਦਯੋਗ, ਰੁਜ਼ਗਾਰ, ਖੇਤੀਬਾੜੀ ਅਤੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਅਤੇ ਸਥਿਰਤਾ ਲਈ ਭਾਜਪਾ ਦਾ ਸਾਥ ਦੇਣ।

ਮੋਦੀ ਦੇ ਇਸ ਬਿਆਨ ਨੂੰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਛਿੜ ਗਈ ਹੈ ਕਿ ਪ੍ਰਧਾਨ ਮੰਤਰੀ ਦੇ ਤਿੱਖੇ ਹਮਲਿਆਂ ਤੋਂ ਬਾਅਦ ਭਾਜਪਾ ਅਤੇ ਅਕਾਲੀ ਦਲ ਵਿਚਕਾਰ ਭਵਿੱਖ ਵਿੱਚ ਸੰਭਾਵਿਤ ਗੱਠਜੋੜ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ। ਦੋਵੇਂ ਪਾਰਟੀਆਂ ਵਿੱਚ, ਪਹਿਲਾਂ ਕਈ ਸਾਲਾਂ ਤੱਕ ਸਿਆਸੀ ਗਠਜੋੜ ਰਿਹਾ ਹੈ, ਪਰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਰਿਸ਼ਤਿਆਂ ਵਿੱਚ ਦੂਰੀ ਬਣੀ ਹੋਈ ਹੈ।

ਆਮ ਆਦਮੀ ਪਾਰਟੀ (AAP) ‘ਤੇ ਹਮਲਾ ਬੋਲਦਿਆਂ, ਉਨ੍ਹਾਂ ਮੌਜੂਦਾ ਪੰਜਾਬ ਸਰਕਾਰ ਨੂੰ “ਕੱਟੜ ਬੇਈਮਾਨ” ਕਰਾਰ ਦਿੱਤਾ । ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੈ ਅਤੇ ਸ਼ਰੇਆਮ ਗੈਂਗਵਾਰ ਤੇ ਨਸ਼ਾ ਵੱਧ ਰਿਹਾ ਹੈ । ਨਾਲ ਹੀ ਉਨ੍ਹਾਂ ਕਾਂਗਰਸ ਪਾਰਟੀ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸੀ ਆਗੂ ਸਿਰਫ਼ ਕੁਰਸੀ ਦੀ ਲੜਾਈ ਵਿੱਚ ਰੁੱਝੇ ਹੋਏ ਹਨ ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਇਹ ਸਾਫ ਕਿਹਾ ਕਿ ਪੰਜਾਬ ਵਿੱਚ ਅਸਲ ਬਦਲਾਅ ਅਤੇ ਵਿਕਾਸ ਭਾਜਪਾ ਦੀ ਸਰਕਾਰ ਨਾਲ ਹੀ ਸੰਭਵ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ ‘ਤੇ ਲਿਆਉਣਾ ਭਾਜਪਾ ਦੀ ਪ੍ਰਾਥਮਿਕਤਾ ਹੈ।

Leave a Reply

Your email address will not be published. Required fields are marked *