Breaking News
Smart Media Dashmesh Insurance Point

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ

ਚੰਡੀਗੜ੍ਹ, 25 ਨਵੰਬਰ, ਪੰਜਾਬੀ ਦੁਨੀਆ ਬਿਊਰੋ : 

ਹਿੰਦ ਦੀ ਚਾਦਰ, ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਹਾਨ ਸਿੱਖ ਸ਼ਹੀਦਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਅੱਜ ਸੈਕਟਰ 40ਬੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਸਮੂਹ ਸਾਧ-ਸੰਗਤ ਵੱਲੋਂ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਸਵੀਰ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਤੋਂ ਹੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਅਤੇ ਅੱਜ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਹਨਾਂ ਦੱਸਿਆ ਕਿ ਗੁਰੂ ਘਰ ਵਿਖੇ 21 ਨਵੰਬਰ ਤੋਂ ਹੀ ਨੌਵੇਂ ਪਾਤਸ਼ਾਹ ਜੀ ਦੀ ਸਮੁੱਚੀ ਬਾਣੀ ਦੇ ਜਾਪ ਅਤੇ ਗੁਰਮਤਿ ਕਥਾ ਵਿਚਾਰਾਂ ਚੱਲ ਰਹੇ ਸਨ। ਉਪਰੰਤ ਗੁਰੂ ਘਰ ਦੇ ਕੀਰਤਨੀਏ ਜੱਥਿਆਂ – ਭਾਈ ਚਰਨਜੀਤ ਸਿੰਘ ਜੀ ਸ੍ਰੀ ਆਨੰਦਪੁਰ ਸਾਹਿਬ, ਭਾਈ ਪਰਮਿੰਦਰ ਸਿੰਘ ਜੀ ਮਜੀਠਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਕਥਾਵਾਚਕ ਗਿਆਨੀ ਬੂਟਾ ਸਿੰਘ ਜੀ ਵੱਲੋਂ ਰਸਭਿੰਨੇ ਕੀਰਤਨ ਅਤੇ ਗੁਰੂ ਸਾਹਿਬ ਦੇ ਇਤਿਹਾਸਕ ਪਿਛੋਕੜ ਨਾਲ ਜੋੜਦਿਆਂ ਸੰਗਤਾਂ ਨੂੰ ਨਿਹਾਲ ਕੀਤਾ। 

ਇਸ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ, ਅਖੀਰ ਹੈੱਡ ਗ੍ਰੰਥੀ ਹਰਪ੍ਰੀਤ ਸਿੰਘ ਵੱਲੋਂ ਅਰਦਾਸ ਕੀਤੀ ਗਈ ਅਤੇ ਮੀਤ ਗ੍ਰੰਥੀ ਰਵਿੰਦਰ ਸਿੰਘ ਵੱਲੋਂ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਹੁਕਮਨਾਮੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਦੌਰਾਨ ਸਾਧ-ਸੰਗਤ ਵੱਲੋਂ 1 ਜੂਨ ਤੋਂ ਲਗਾਤਾਰ ਚੱਲ ਰਹੇ 66 ਸਹਿਜ ਪਾਠਾਂ ਦੀ ਸੰਪੂਰਨਤਾ ਕੀਤੀ ਗਈ ਅਤੇ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ‘ਇਕ ਅਸੀਸ’ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

ਉਪਰੰਤ ਸ਼ਾਮ ਦੇ ਦੀਵਾਨਾਂ ਵਿਚ ਹਜ਼ੂਰੀ ਰਾਗੀ ਭਾਈ ਜੋਗਿੰਦਰ ਸਿੰਘ ਜੀ ਦੇ ਜੱਥੇ, ਕਥਾਵਾਚਕ ਗਿ: ਬਲਜੀਤ ਸਿੰਘ ਜੀ ਸ੍ਰੀ ਦਰਬਾਰ ਸਹਿਬ ਅਤੇ ਭਾਈ ਧਰਮਵੀਰ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜੱਥੇ ਵੱਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ।

ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਸੰਗਤਾਂ ਨੇ ਬੜੇ ਹੀ ਸਹਿਜਤਾ ਨਾਲ ਲੰਗਰ ਦਾ ਸੇਵਨ ਕੀਤਾ ਗਿਆ। ਸ਼ਹੀਦੀ ਦਿਵਸ ਮੌਕੇ ਸੇਵਾਦਾਰਾਂ ਵਿਚ ਸੇਵਾ ਭਾਵਨਾ ਦੇਖਿਆਂ ਹੀ ਬਣਦੀ ਸੀ। 

Leave a Reply

Your email address will not be published. Required fields are marked *