Breaking News
Dashmesh GS Electricals Verka Smart Media Insurance Point Tav Prasad

ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜੀਵਨੀ ’ਤੇ ਪੁਸਤਕ ਰਿਲੀਜ਼ ਸਮਾਗਮ

ਚੰਡੀਗੜ੍ਹ, 11 ਜੂਨ (ਮਨਜੀਤ ਸਿੰਘ ਚਾਨਾ) :

ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਪਲਾਟ ਨੰ. 1, ਸੈਕਟਰ 28-ਏ, ਚੰਡੀਗੜ੍ਹ ਵਿਖੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜੀਵਨੀ ’ਤੇ ਪੁਸਤਕ ਰਿਲੀਜ਼ ਸਮਾਗਮ ਹੋਇਆ। ਜਿਸ ਦੀ ਸ਼ੁਰੂਆਤ ਕਰਦਿਆ ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਆਪਣੀ ਜਿੰਦਗੀ ਦੇ ਸੱਤਰ ਸਾਲਾਂ ਦੀ ਮੂੰਹ ਬੋਲੀ ਜੀਵਨ ਗਾਥਾ ਜਿੱਥੇ ਪੰਥਕ ਸਿਆਸਤ ਦੇ ਪਿਛੋਕੜ ਨੂੰ ਸਹੀ ਸੰਦਰਭ ਵਿਚ ਸਮਝਣ ਲਈ ਸਹਾਈ ਹੋਵੇਗੀ, ਉਥੇ ਇਹ ਨਵੇਂ ਉਭਰ ਰਹੇ ਮਸਲਿਆਂ ਨੂੰ ਸਮਝਣ ਲਈ ਕੂੰਜੀ ਦਾ ਰੋਲ ਨਿਭਾਉਣ ਦੇ ਸਮਰੱਥ ਵੀ ਸਾਬਤ ਹੋਵੇਗੀ। ਇਸ ਸਵੈ-ਜੀਵਨੀ ’ਚੋਂ ਇਹ ਪੰਥਕ ਪੱਖ ਵੀ ਸਪੱਸ਼ਟ ਉਭਰਦਾ ਹੈ। ਪੰਥਕ ਸੋਚ ਦੇ ਧਾਰਨੀ ਆਗੂ ਦੇ ਮਨ ਅੰਦਰ ਕਿਸੇ ਖਿਲਾਫ ਵੀ ਨਫਰਤ ਤੇ ਤੁਅੱਸਬ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਟੌਹੜਾ ਸਾਹਿਬ ਦੀ ਜੀਵਨ ਗਾਥਾ ਇਹਨਾਂ ਗੁਣਾਂ ਦੀ ਸ਼ਾਹਦੀ ਭਰਦੀ ਹੈ।

ਟੌਹੜਾ ਸਾਹਿਬ ਦੀ ਜੀਵਨੀ ਸਬੰਧੀ ਇਸ ਕਿਤਾਬ ਬਾਰੇ ਬੋਲਦਿਆਂ ਸਿੱਖ ਚਿੰਤਕ ਸ. ਅਜਮੇਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਰੋਲ ਤੇ ਸੰਘਰਸ਼ ਬਾਰੇ ਫੈਲਾਈਆਂ ਗਲਤ ਮਿੱਥਾਂ ਤੇ ਭਰਮ ਭੁਲੇਖੇ ਤੋੜਨ ਦੀ ਨੀਂਹ ਰੱਖੀ ਗਈ ਹੈ। ਉਹਨਾਂ ਕਿਹਾ ਕਿ ਟੌਹੜਾ ਸਾਹਿਬ ਦੀ ਸਖਸ਼ੀਅਤ ਦੇ ਅਹਿਮ ਪੱਖ ਨਿਮਰਤਾ, ਤਿਆਗ, ਵਚਨਬੱਧਤਾ, ਨਿਰਵੈਰਤਾ ਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਉਭਰ ਕੇ ਸਾਹਮਣੇ ਆਉਂਦੀ ਹੈ। ਉਹਨਾਂ ਕਿਹਾ ਕਿ ਕਿਤਾਬ ਦੇ ਮੁੱਢਲੇ ਸ਼ਬਦਾਂ ਨੇ 1996 ਤੋਂ ਬਾਅਦ ਟੌਹੜਾ ਸਾਹਿਬ ਦੇ ਰੋਲ ਬਾਰੇ ਬਹੁਤ ਪੱਖ ਉਜਾਗਰ ਤੇ ਸਪੱਸ਼ਟ ਕਰਕੇ ਮੂੰਹ ਬੋਲੀ ਜੀਵਨ ਗਾਥਾ ਨੂੰ ਹੋਰ ਅੱਗੇ ਤੋਰ ਦਿੱਤਾ ਹੈ। ਅਜਮੇਰ ਸਿੰਘ ਹੁਰਾਂ ਸੰਪਾਦਕ ਦੀ ਵਚਨਬੱਧਤਾ ਦੀ ਪ੍ਰਸੰਸ਼ਾ ਕਰਦਿਆਂ ਕਿ ਇਸ ਨਾਲ ਅਜਿਹੀ ਹੀ ਹੋਰ ਸਮੱਗਰੀ ਦੇ ਸਾਹਮਣੇ ਆਉਣ ’ਤੇ ਇਸ ਕਿਤਾਬ ਨੂੰ ਹੋਰ ਅੱਗੇ ਵਧਾਉਣ ਦੇ ਆਸਾਰ ਪੈਦਾ ਹੋ ਗਏ ਹਨ।

ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਇਸ ਮੌਕੇ ਟੌਹੜਾ ਸਾਹਿਬ ਵੱਲੋਂ ਉਸ ਵੇਲੇ ਦੇ ਜਨਤਾ ਪਾਰਟੀ ਸਰਕਾਰ ਦੇ ਪ੍ਰਧਾਨ ਮੰਤਰੀ ਮੁਰਾਰਜੀ ਡਿਸਾਈ ਨਾਲ ਹੋਏ ਤਕਰਾਰ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਜਿਥੇ ਪ੍ਰਕਾਸ਼ ਸਿੰਘ ਬਾਦਲ ਵਰਗੇ ਅਕਾਲੀ ਆਗੂ ਡਿਸਾਈ ਤੇ ਹੋਰਨਾਂ ਆਗੂਆਂ ਵੱਲੋਂ ਕੀਤੇ ਸੁਆਲ ਸਬੰਧੀ ਚੁੱਪ ਵੱਟ ਜਾਂਦੇ ਸਨ, ਉੱਥੇ ਟੌਹੜਾ ਸਾਹਿਬ ਹੀ ਡੱਟ ਕੇ ਪੰਥਕ ਪੱਖ ਦੀ ਵਜਾਹਤ ਕਰਦੇ ਵਿਖਾਈ ਦਿੰਦੇ ਸਨ, ਉਹਨਾਂ ਇਸ ਸਬੰਧੀ ਨਿਰੰਕਾਰੀ ਗੋਲੀ ਕਾਂਡ ਤੇ ਚਾਂਦਨੀ ਚੌਕ ਵਾਲੀ ਕੋਤਵਾਲੀ ਦਿੱਲੀ ਕਮੇਟੀ ਵੱਲੋਂ ਹਾਸਲ ਕਰਨ ਲਈ ਹੋਈ ਵਾਰਤਾਲਾਪ ਦੇ ਹਵਾਲੇ ਸੁਣਾਏ। ਉਹਨਾਂ ਕਿਹਾ ਕਿ ਟੌਹੜਾ ਸਾਹਿਬ ਇਤਿਹਾਸਕ ਸੋਝੀ ਵੀ ਕਮਾਲ ਦੀ ਸੀ। ਖਾੜੂਕ ਲਹਿਰ ਵੱਲੋਂ ਉਹਨਾਂ ਦਾ ਵਿਰੋਧ ਤੇ ਜਿਸਮਾਨੀ ਹਮਲਾ ਹੋਣ ਦੇ ਬਾਵਜੂਦ ਉਹ ਉਹਨਾਂ ਦੇ ਵਿਰੋਧੀਆਂ ਤੇ ਨਿੰਦਕਾਂ ਵਿੱਚ ਸ਼ਾਮਿਲ ਨਹੀਂ ਹੋਏ।

ਡਾ. ਪਿਆਰਾ ਲਾਲ ਗਰਗ ਨੇ ਕਿਤਾਬ ਦੀ ਪ੍ਰਸੰਗਤਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਮੂੰਹ ਬੋਲੀ ਗਾਥਾ ਨੂੰ ਕਿਤਾਬ ਵਿੱਚ ਬਦਲਣਾ ਬਹੁਤ ਔਖਾ ਕਾਰਜ ਹੁੰਦਾ ਹੈ। ਹੁਣ ਇਸ ਨੂੰ ਹੋਰ ਵੀ ਵਧੇਰੇ ਇਕ ਸੁਰਤਾ ਤੇ ਅਸਰਦਾਰ ਬਣਾਇਆ ਜਾ ਸਕਦਾ ਹੈ।ਜਥੇਦਾਰ ਟੌਹੜਾ ਦਾ ਲੰਬਾ ਸਮਾਂ ਸਾਥੀ ਤੇ ਨਿੱਜੀ ਸਹਾਇਕ ਰਹੇ ਸ. ਦਲਮੇਘ ਸਿੰਘ ਖਟੜਾ ਨੇ ਦਰਬਾਰ ਸਾਹਿਬ ’ਤੇ ਜੂਨ 84 ਦੇ ਹਮਲੇ ਦੌਰਾਨ ਟੌਹੜਾ ਸਾਹਿਬ ਦੇ ਦਰਬਾਰ ਸਾਹਿਬ ਦੀ ਹਦੂਦ ਅੰਦਰ ਦਾਖਲ ਹੋਣ ਤੇ ਫੌਜ ਵੱਲੋਂ ਗ੍ਰਿਫਤਾਰ ਕਰਨ ਦੀ ਹਾਲਤ ਦੀ ਜਾਣਕਾਰੀ ਬਾਰੇ ਕੀਤੇ ਜਾ ਰਹੇ ਗਲਤ ਪ੍ਰਚਾਰ ਬਾਰੇ ਸਪਸ਼ਟ ਕੀਤਾ। ਉਹਨਾਂ ਕਿਹਾ ਕਿ ਟੌਹੜਾ ਸਾਹਿਬ ਦੀਆਂ ਅਜਿਹੀਆਂ ਹੋਰ ਵੀਡੀਓਜ਼ ਹਾਸਲ ਕਰਨ ਦਾ ਯਤਨ ਕਰਕੇ ਇਸ ਗਾਥਾ ਨੂੰ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨਗੇ।

ਜਥੇਦਾਰ ਟੌਹਰਾ ਦੇ ਨੇੜਲੇ ਨੌਜਵਾਨ ਆਗੂ ਕਰਨੈਲ ਸਿੰਘ ਪੰਜੌਲੀ ਨੇ ਕਿਹਾ ਕਿ ਉਹਨਾਂ ਜਥੇਦਾਰ ਟੌਹੜਾ ਸਾਹਿਬ ਨੂੰ ਵੱਡੇ ਖਾੜਕੂ ਆਗੂਆਂ, ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਰਛਪਾਲ ਸਿੰਘ ਛੰਦੜਾ, ਵਧਾਵਾ ਸਿੰਘ ਬੱਬਰ ਨਾਲ ਮਿਲਾਇਆ। ਟੌਹੜਾ ਸਾਹਿਬ ਨੇ ਉਹਨਾਂ ਨੂੰ ਵੋਟਾਂ ਦਾ ਬਾਈਕਾਟ ਨਾ ਕਰਨ ਲਈ ਬਹੁਤ ਸਮਝਾਇਆ ਤੇ ਇੱਥੋਂ ਤੱਕ ਕਿਹਾ ਕਿ ਉਹ ਮਾਨ ਦਲ ਦੀ ਹਿਮਾਇਤ ਕਰ ਦੇਵੇ ਪਰ ਉਹ ਨਾ ਮੰਨੇ।

ਕਿਤਾਬ ਦੇ ਸੰਪਾਦਕ ਮਾਲਵਿੰਦਰ ਸਿੰਘ ਮਾਲੀ ਦੇ ਇਸ ਕਿਤਾਬ ਦੇ ਹੋਂਦ ਵਿਚ ਆਉਣ ਤੇ ਇਸਨੂੰ ਅੰਤਿਮ ਰੂਪ ਦੇਣ ਵਿਚ ਸਾਰੀ ਸਹਿਯੋਗੀ ਟੀਮ ਅਤੇ ਇਸਦੇ ਮੁੱਢਲੇ ਸ਼ਬਦਾਂ ਅੰਦਰ 1994 ਤੋਂ ਬਾਅਦ ਦੇ ਅਮਲ ਦੀ ਜਾਣਕਾਰੀ ਦੇਣ ਦੀ ਅਹਿਮੀਅਤ ਬਾਰੇ ਦੱਸਿਆ।

ਜਥੇਦਾਰ ਟੌਹੜਾ ਦੀ ਬੇਟੀ ਕੁਲਦੀਪ ਕੌਰ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਆਏ ਸੱਜਣਾਂ ਦਾ ਧੰਨਵਾਦ ਕੀਤਾ। ਸਮਾਗਮ ਨੂੰ ਕਰਨਲ ਜਸਮੇਰ ਸਿੰਘ ਬਾਲਾ, ਮਹਿੰਦਰ ਸਿੰਘ ਮੋਰਿੰਡਾ ਨੇ ਵੀ ਸੰਬੋਧਨ ਕੀਤਾ। ਸਟੇਜ ਸੰਚਾਲਨ ਡਾ. ਖੁਸ਼ਹਾਲ ਸਿੰਘ ਨੇ ਕੀਤਾ।

ਇਸ ਮੌਕੇ ਅਮਰਿੰਦਰ ਸਿੰਘ, ਜਥੇਦਾਰ ਜਗਜੀਤ ਸਿੰਘ ਰਤਨਗੜ੍ਹ, ਜਸਵਿੰਦਰ ਸਿੰਘ ਮੋਹਾਲੀ, ਡਾ. ਗੁਰਚਰਨ ਸਿੰਘ, ਪ੍ਰੋਫੈਸਰ ਸ਼ਾਮ ਸਿੰਘ, ਰਾਜਵਿੰਦਰ ਸਿੰਘ ਰਾਹੀ, ਪਵਿੱਤਰ ਸਿੰਘ, ਪ੍ਰੋਫੈਸਰ ਸੰਤੋਖ ਸਿੰਘ, ਅਮਰਜੀਤ ਸਿੰਘ, ਬੀਬੀ ਅਮਨਪ੍ਰੀਤ ਕੌਰ ਰਾਏ, ਡਾ. ਜਸਪ੍ਰੀਤ ਕੌਰ, ਇੰਜ. ਭਜਨ ਸਿੰਘ, ਜਸਪਾਲ ਸਿੰਘ ਟਿਵਾਣਾਂ, ਜਗਜੀਵਨ ਸਿੰਘ, ਤੇਜਿੰਦਰ ਸਿੰਘ, ਰਣਧੀਰ ਸਿੰਘਨ ਰਮਨਜੀਤ ਸਿੰਘ, ਜਗਦੇਵ ਸਿੰਘ, ਅੰਮ੍ਰਿਤਪਾਲ ਸਿੰਘ, ਹਰਮੀਤ ਸਿੰਘ ਅਤੇ ਡਾ. ਸੁਖਜਿੰਦਰ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *