
ਮੋਹਾਲੀ, 26 ਮਾਰਚ, ਪੰਜਾਬੀ ਦੁਨੀਆ ਬਿਊਰੋ :
ਸੀਟੂ ਪੰਜਾਬ ਦੇ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਅਤੇ ਦੁਜੀਆਂ ਕਿਸਾਨ ਯੂਨੀਅਨਾਂ ਵਲੋਂ 28 ਮਾਰਚ ਨੂੰ ਪੰਜਾਬ ਦੇ ਸਾਰੇ ਜਿਲਾ ਹੈਡਕੁਆਰਟਰਾਂ ਉਤੇ ਮਾਰੇ ਜਾ ਰਿਹੇ ਜਬਰ ਵਿਰੋਧੀ ਧਰਨਿਆਂ ਵਿੱਚ ਸੀਟੂ ਦੇ ਵਰਕਰਾਂ ਵੱਲੋਂ ਵਧ-ਚੜ ਕੇ ਭਾਗ ਲਿਆ ਜਾਵੇਗਾ।
ਉਹਨਾਂ ਕਿਹਾ ਕਿ ਇਕ ਪਾਸੇ ਤਾਂ ਪਹਿਲਾ ਪੰਜਾਬ ਸਰਕਾਰ ਕਹਿੰਦੀ ਰਹੀ ਕਿ ਖਨੌਰੀ ਅਤੇ ਸੰਭੂ ਵਿਖੇ ਸੜਕਾਂ ਨੂੰ ਕਿਸਾਨਾਂ ਨੇ ਨਹੀਂ ਸਗੋਂ ਹਰਿਆਣਾ ਸਰਕਾਰ ਨੇ ਰੋਕਿਆ ਹੋਇਆ ਹੈ, ਜਦਕਿ ਹੁਣ ਅਪਣੀਆਂ ਤੰਗ ਸਿਆਸੀ ਲੋੜਾਂ ਦੇ ਮੱਦੇਨਜ਼ਰ ਅਪਣਾ ਸਟੈਂਡ ਬਦਲ ਕੇ ਉਪ੍ਰੋਕਤ ਥਾਵਾਂ ‘ਤੇ ਸੜਕੀ ਆਵਾਜਾਈ ਲਈ ਅਮਨ-ਅਮਾਨ ਨਾਲ ਚਲਦੇ ਧਰਨੇ ਲਈ ਕੇਂਦਰ ਸਰਕਾਰ ਦੀ ਬਜਾਏ ਕਿਸਾਨਾਂ ਨੂੰ ਦੋਸ਼ੀ ਗਰਦਾਨ ਕੇ ਨਿੰਦਣਯੋਗ ਜਬਰ ਢਾਹਿਆ ਹੈ। ਕੇਂਦਰੀ ਮੰਤਰੀਆਂ ਦੀ ਚੰਡੀਗੜ੍ਹ ਮੀਟਿੰਗ ਲਈ ਬੁਲਾਏ ਆਗੂਆਂ ਨੂੰ ਗ੍ਰਿਫਤਾਰ ਕਰਕੇ ਘਟੀਆ ਤਰਾਂ ਦੇ ਧੋਖੇ ਦਾ ਸਬੂਤ ਦਿੱਤਾ ਹੈ ਅਤੇ ਧਾੜਵੀਆਂ ਦੀ ਤਰਾਂ ਧਰਨਾਕਾਰੀਆਂ ਦਾ ਅਰਬਾਂ ਰੁਪਿਆਂ ਦਾ ਮਾਲ-ਅਸਬਾਬ ਲੁੱਟਿਆ ਹੈ। ਕੀ ਮਾਨ ਸਰਕਾਰ ਦਾ ਇਹ ਕਾਰਾ ਕਿਸੇ ਵੀ ਤਰਾਂ ਭਾਜਪਾ ਦੀ ਕੇਂਦਰ ਅਤੇ ਹਰਿਆਣਾ ਸਰਕਾਰ ਤੋਂ ਵੱਖਰਾ ਹੈ?
ਇਸੇ ਤਰਾਂ ਕਿਸਾਨੀ ਦੀਆਂ ਜਿਹੜੀਆਂ ਮੰਗਾਂ ਪੰਜਾਬ ਸਰਕਾਰ ਨੇ ਪੂਰੀਆਂ ਕਰਨੀਆਂ ਹਨ, ਉਹਨਾਂ ਬਾਰੇ ਇਕ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਤੋਂ ਕਿਸਾਨਾਂ ਦੀ ਕੋਈ ਵੀ ਮੰਗ ਨਹੀਂ ਹੈ ਜਦਕਿ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗੱਲਬਾਤ ਦਾ ਸੱਦਾ ਵੀ ਭੇਜਿਆ ਜਾ ਰਿਹਾ ਹੈ। ਕੀ ਇਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਚਲਾਕੀ ਨਹੀਂ?
ਇਸ ਪਿਛੋਕੜ ਵਿੱਚ ਸੀਟੂ ਕਿਸਾਨੀ ਦੀਆਂ ਸਾਰੀਆਂ ਜ਼ਰੂਰੀ ਮੰਗਾਂ ਅਤੇ ਉਹਨਾਂ ਦੇ ਸੰਘਰਸ਼ ਦਾ ਹਮੇਸ਼ਾ ਦੀ ਤਰਾਂ ਜ਼ੋਰਦਾਰ ਸਮਰਥਨ ਕਰਦੀ ਹੈ। ਸੂਬਾ ਸੀਟੂ ਵਲੋਂ ਅਪਣਾਈ ਸਾਰੀਆਂ ਇਕਾਈਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ 28 ਮਾਰਚ 2025 ਨੂੰ ਮਾਰੇ ਜਾ ਰਹੇ ਜ਼ਬਰ ਵਿਰੋਧੀ ਧਰਨਿਆਂ ਵਿੱਚ ਭਰਵੀਂ ਸ਼ਮੂਲੀਅਤ ਯਕੀਨੀ ਬਨਾਉਣ।