
ਚੰਡੀਗੜ੍ਹ, 26 ਮਾਰਚ, ਪੰਜਾਬੀ ਦੁਨੀਆ ਬਿਊਰੋ:
ਵਿੱਤੀ ਸਾਲ 2025-26 ਦੇ ਲਈ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਵੱਲੋਂ 2 ਕਰੋੜ 36 ਲੱਖ 080 ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਖੇਡ ਵਿਭਾਗ ਲਈ 979 ਕਰੋੜ ਰੱਖਣ ਦੀ ਵੀ ਗੱਲ ਕਹੀ ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਰਕਮ ਹੈ।
ਉਹਨਾਂ ਅੱਗੇ ਕਿਹਾ ਕਿ ਖੇਡਾਂ ਲਈ ਹਰ ਪਿੰਡ ਵਿੱਚ ਸਟੇਡੀਅਮ ਬਣਾਉਣ ਅਤੇ ਇਸ ਦੇ ਨਾਲ ਹੀ ਪਿੰਡਾਂ ਵਿੱਚ 3000 ਇਨਡੋਰ ਜਿੰਮ ਬਣਾਏ ਜਾਣ ਦਾ ਐਲਾਨ ਕੀਤਾ। ਇਹ ਐਲਾਨ ਉਹਨਾਂ ਅੱਜ ਪੰਜਾਬ ਦਾ ਬਜਟ ਪੇਸ਼ ਕਰਦੇ ਹੋਏ ਕੀਤਾ।
ਉਹਨਾਂ ਅੱਗੇ ਕਿਹਾ ਕਿ ਨਸ਼ਿਆਂ ਖਿਲਾਫ 150 ਕਰੋੜ ਰੁਪਏ ਦਾ ਅਲੱਗ ਤੋਂ ਬਜਟ ਰੱਖਿਆ ਜਾਵੇਗਾ। ਨਾਲ ਹੀ ਉਹਨਾਂ ਅਗਲੇ ਸਾਲ ਪੰਜਾਬ ਵਿੱਚ ਡਰੱਗ ਮਰਦਮਸ਼ੁਮਾਰੀ ਕਰਾਉਣ ਦਾ ਫੈਸਲਾ ਵੀ ਕੀਤਾ ਗਿਆ। ਇਸ ਤੋਂ ਇਲਾਵਾ ਸਿਹਤ ਵਿਭਾਗ ਵਿੱਚ 5598 ਦਾ ਬਜਟ ਅਲਾਟ ਕੀਤਾ ਗਿਆ। ਉਹਨਾਂ ਨਾਲ ਹੀ ਸਿਹਤ ਬੀਮਾ ਯੋਜਨਾ ਦਾ ਦਾਇਰਾ ਵਧਾਉਣ ਦੀ ਵੀ ਗੱਲ ਕਹੀ ਗਈ ਹੈ। ਨਾਲ ਹੀ ਪੰਜਾਬ ਦੇ ਸਾਰੇ ਪਰਿਵਾਰਾਂ ਦੇ ਸਿਹਤ ਕਾਰਡ ਵੀ ਬਣਾਏ ਜਾਣਗੇ ਜਿਹਨਾਂ ਵਿੱਚ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ‘ਚ ਮੁਫਤ ਇਲਾਜ ਮਿਲੇਗਾ ਅਤੇ 10 ਲੱਖ ਰੁਪਏ ਤੱਕ ਕੈਸ਼ਲੈਸ ਇਲਾਜ ਦੇਣ ਦੀ ਸਹੂਲਤ ਹੋਵੇਗੀ। ਪਿਛਲੇ ਤਿੰਨ ਸਾਲਾਂ ਵਿੱਚ 881 ਆਮ ਆਦਮੀ ਕਲੀਨਿਕ ਖੋਲ੍ਹੇ ਗਏ।
ਇਸ ਤੋਂ ਇਲਾਵਾ ਪਿੰਡਾਂ ਦੇ ਵਿਕਾਸ ਦੇ ਲਈ 3500 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਜਦਕਿ ਹਰ ਹਲਕੇ ਲਈ 5 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।