Breaking News
Dashmesh GS Electricals Verka Smart Media Insurance Point Tav Prasad

ਯੋਜਨਾ ਬੋਰਡ ਦੀ ਚੇਅਰਮੈਨ ਦੀਆਂ ਹਦਾਇਤਾਂ ਨੂੰ ਟਿੱਚ ਜਾਣਦੇ ਨੇ ਮੰਡੀ ਅਧਿਕਾਰੀ

ਨੁਸ਼ਿਹਰਾ ਮੰਡੀ ਦੇ ਆੜਤੀਏ ਨੇ ਕਿਸਾਨ ਦੀ 40 ਕੁਇੰਟਲ ਝੋਨੇ ਦੀ ਜਿਣਸ ਨੂੰ ਲਗਾਇਆ 3 ਕੁਇੰਟਲ ਦਾ ਕੱਟ

ਮੁਕੇਰੀਆਂ, 25 ਮਾਰਚ, ਪੰਜਾਬੀ ਦੁਨੀਆ ਬਿਊਰੋ :

ਨੁਸ਼ਿਹਰਾ ਪੱਤਣ ਦੀ ਦਾਣਾ ਮੰਡੀ ਦੇ ਇੱਕ ਆੜਤੀਏ ਖਿਲਾਫ਼ ਇੱਕ ਕਿਸਾਨ ਵਲੋਂ 40 ਕੁਇੰਟਲ ਦੀ ਫਸਲ ‘ਤੇ ਕਰੀਬ 3 ਕੁਇੰਟਲ ਦਾ ਕੱਟ ਲਗਾ ਕੇ ਉਸਦੀ ਆਰਥਿਕ ਲੁੱਟ ਕਰਨ ਖਿਲਾਫ਼ ਜਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨ ਨੂੰ ਕੀਤੀ ਸ਼ਿਕਾਇਤ ਉੱਤੇ ਜਿਲ੍ਹਾ ਮੰਡੀ ਅਫਸਰ ਜਾਂ ਮਾਰਕੀਟ ਕਮੇਟੀ ਦੇ ਸਕੱਤਰ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਮੰਡੀ ਅਧਿਕਾਰੀਆਂ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਅਖਬਾਰ ਦੇ ਪੱਤਰਕਾਰ ਵਲੋਂ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਫੋਨ ਕਰਕੇ ਕਾਰਵਾਈ ਨਾ ਕਰਨ ਬਾਰੇ ਪੁੱਛਣ ਦੇ ਕਰੀਬ 10 ਮਿੰਟ ਬਾਅਦ ਹੀ ਸ਼ਿਕਾਇਤ ਕਰਤਾ ਨੂੰ ਆੜਤੀਏ ਨਾਲ ਬਿਠਾ ਕੇ ਮਸਲਾ ਹੱਲ ਕਰਨ ਦਾ ਫੋਨ ਖੜ੍ਹਕ ਗਿਆ।

ਇਸ ਸਬੰਧੀ ਜਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨ ਮੈਡਮ ਕਰਮਜੀਤ ਕੌਰ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਨੁਸ਼ਿਹਰਾ ਪੱਤਣ ਦੇ ਜਸਪਾਲ ਸਿੰਘ ਨੇ ਦੱਸਿਆ ਕਿ ਉਸਨੇ ਬੀਤੀ 25 ਫਰਵਰੀ ਨੂੰ ਜਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨ ਨੁੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਨੁਸ਼ਿਹਰਾ ਪੱਤਣ ਮੰਡੀ ਦੇ ਆੜਤੀਏ ਜਸਵਿੰਦਰ ਸਿੰਘ ਵਲੋਂ ਉਸਦੀ ਕਰੀਬ 40 ਕੁਇੰਟਲ ਝੋਨੇ ਦੀ ਫਸਲ ਉੱਤੇ 3 ਕੁਇੰਟਲ ਦਾ ਕੱਟ ਲਗਾ ਕੇ ਉਸਦੀ ਕਰੀਬ 6900 ਰੁਪਏ ਆਰਥਿਕ ਲੁੱਟ ਕੀਤੀ ਗਈ ਹੇ। ਇਸ ਬਾਬਤ ਖੁਲਾਸਾ ਉਸਦੀ ਰਕਮ ਬੈਂਕ ਵਿੱਚ ਆਉਣ ‘ਤੇ ਪਤਾ ਲੱਗਿਆ। ਸ਼ਿਕਾਇਤ ਕਰਤਾ ਨੇ ਆੜਤੀਏ ਵਲੋਂ ਦਿੱਤੀ ਕੱਚੀ ਪਰਚੀ ਅਤੇ ਮਾਰਕੀਟ ਕਮੇਟੀ ਦੇ ਰਿਕਾਰਡ ਵਿੱਚ ਦਰਜ਼ ਜੇ ਫਾਰਮ ਅਨੁਸਾਰ ਵੇਚੀ ਫਸਲ ਦਾ ਰਿਕਾਰਡ ਵੀ ਸ਼ਿਕਾਇਤ ਦੇ ਨਾਲ ਸੌਂਪਿਆ ਸੀ। ਸ਼ਿਕਾਇਤ ਕਰਤਾ ਅਨੁਸਾਰ ਉਸਨੇ 6-11-2024 ਨੂੰ ਜਸਵਿੰਦਰ ਸਿੰਘ ਦੀ ਆੜਤ ਉੱਤੇ ਆਪਣਾ 108 ਬੋਰੀਆਂ ਝੋਨਾ ਵੇਚਿਆ ਸੀ। ਜਿਹੜਾ ਕਿ ਕੁੱਲ 40 ਕੁਇੰਟਲ 50 ਕਿਲੋ ਬਣਦਾ ਹੈ। ਆੜਤੀਏ ਦੇ ਮੁਨਸ਼ੀ ਨੇ ਪਰਚਾ ਆਨਲਾਈਨ ਕਰਨ ਦਾ ਆਖ ਕੇ 108 ਬੋਰੀਆਂ ਦੀ ਸਾਦੀ ਪਰਚੀ ਦਿੱਤੀ ਸੀ। ਉਸ ਵਲੋਂ ਵੇਚੀ ਗਈ ਕੁੱਲ 40 ਕੁਇੰਟਲ 50 ਕਿਲੋ ਝੋਨੇ ਦੀ ਫਸਲ ਦੀ ਕੀਮਤ ਸਰਕਾਰੀ ਰੇਟ ਪ੍ਰਤੀ ਕੁਇੰਟਲ 2320 ਰੁਪਏ ਮੁਤਾਬਿਕ ਕੁੱਲ ਰਕਮ 93960 ਰੁਪਏ ਬਣਦੀ ਹੈ। ਜਦੋਂ ਕਿ ਕਿਸਾਨ ਦੇ ਖਾਤੇ ਵਿੱਚ ਕੁੱਲ ਰਕਮ 87000 ਰੁਪਏ ਹੀ ਆਈ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮਾਨਯੋਗ ਚੇਅਰਮੈਨ ਨੇ ਤੁਰੰਤ ਸ਼ਿਕਾਇਤ ਜਿਲ੍ਹਾ ਮੰਡੀ ਅਫਸਰ ਨੂੰ ਭੇਜਦਿਆਂ ਕਾਰਵਾਈ ਦੀ ਹਦਾਇਤ ਕੀਤੀ ਸੀ ਅਤੇ ਜਲਦ ਰਿਪੋਰਟ ਸੌਂਪਣ ਲਈ ਆਖਿਆ ਸੀ। ਇਸ ਮੌਕੇ ਮਾਨਯੋਗ ਚੇਅਰਮੈਨ ਨੇ ਇਹ ਵੀ ਹਦਾਇਤ ਕੀਤੀ ਸੀ ਕਿ ਇਸ ਤਰੀਕੇ ਨਾਲ ਜੇਕਰ ਕੋਈ ਹੋਰ ਵੀ ਸ਼ਿਕਾਇਤ ਮਿਲਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਦੀ ਆਰਥਿਕ ਲੁੱਟ ਕਰਨ ਵਾਲੇ ਕਿਸੇ ਵੀ ਆੜਤੀਏ ਨੂੰ ਬ਼ਖਸ਼ਿਆ ਨਾ ਜਾਵੇ। ਪਰ ਹੈਰਾਨੀ ਦੀ ਗੱਲ ਹੈ ਕਿ ਜਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨ ਵਲੋਂ ਕੀਤੀ ਆਂ ਕਰੀਬ ਮਹੀਨਾ ਪਹਿਲਾਂ ਸ਼ਿਕਾਇਤ ‘ਤੇ ਹਾਲੇ ਤੱਕ ਪੂਣੀ ਵੀ ਨਹੀਂ ਕੱਤੀ ਗਈ। ਉਨ੍ਹਾਂ ਕਿਹਾ ਕਿ ਮੰਡੀ ਅਧਿਕਾਰੀਆ ਨੇ ਕਾਰਵਾਈ ਤਾਂ ਕੀ ਕਰਨੀ ਸੀ, ਹਾਲੇ ਤੱਕ ਕੋਈ ਸੂਚਨਾ ਪੱਤਰ ਜਾਂ ਫੋਨ ਰਾਹੀਂ ਵੀ ਕੋਈ ਸੱਦਾ ਨਹੀਂ ਮਿਲਿਆ ਤਾਂ ਜੋ ਸ਼ਿਕਾਇਤ ਦੀ ਪੜਤਾਲ ਹੋ ਸਕੇ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਤਾਂ ਇੱਕ ਛੋਟੀ ਜਿਹੀ ਮਿਸਾਲ ਹੈ, ਉਸ ਕੋਲ ਕਰੀਬ ਦਰਜ਼ਨ ਭਰ ਕਿਸਾਨਾਂ ਦੀ ਕੀਤੀ ਲੁੱਟ ਦਾ ਰਿਕਾਰਡ ਪੁੱਜਾ ਹੈ, ਜਿਸ ਨੂੰ ਅਦਾਲਤੀ ਚਾਰਜੋਈ ਕਰਕੇ ਮੰਡੀ ਅਧਿਕਾਰੀਆਂ ਦੀ ਕਾਰਗੁਜ਼ਾਰੀ ਵੀ ਸਾਹਮਣੇ ਲਿਆਂਦੀ ਜਾਵੇਗੀ।

ਇਸ ਸਬੰਧੀ ਜਦੋਂ ਜਿਲ੍ਹਾ ਮੰਡੀ ਅਫਸਰ ਗੁਰਕਿਰਪਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਮਾਰਕੀਟ ਕਮੇਟੀ ਮੁਕੇਰੀਆਂ ਦੇ ਸਕੱਤਰ ਅਕਾਸ਼ਦੀਪ ਸਿੰਘ ਨੁ ਜਾਂਚ ਲਈ ਭੇਜ ਦਿੱਤੀ ਸੀ, ਪਰ ਹਾਲੇ ਤੱਕ ਕੋਈ ਰਿਪੋਰਟ ਪ੍ਰਾਪਤ ਨਹੀਂ ਹੋਈ। ਦੇਰੀ ਹੋਣ ਬਾਰੇ ਉਨ੍ਹਾਂ ਕਿਹਾ ਕਿ ਇਸ ਲਈ ਹੇਠਲੇ ਅਧਿਕਾਰੀ ਜਿੰਮੇਵਾਰ ਹਨ।

ਕੀ ਕਹਿਣਾ ਹੈ ਸਕੱਤਰ ਅਕਾਸ਼ਦੀਪ ਸਿੰਘ ਦਾ…

ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਮੁਕੇਰੀਆਂ ਦੇ ਸਕੱਤਰ ਅਕਾਸ਼ ਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੁੰ ਪਿਛਲੇ ਹਫ਼ਤੇ ਵੀਰਵਾਰ ਹੀ ਸ਼ਿਕਾਇਤ ਪ੍ਰਾਪਤ ਹੋਈ ਹੈ ਅਤੇ ਸਬੰਧਿਤ ਆੜਤੀਏ ਨੂੰ ਨੋਟਿਸ ਭੇਜਿਆ ਗਿਆ ਹੈ। ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਕਰੀਬ 10 ਮਿੰਟ ਬਾਅਦ ਸ਼ਿਕਾਇਤ ਕਰਤਾ ਨੂੰ ਫੋਨ ਨੰਬਰ: 97799-94008 ਤੋਂ ਇੱਕ ਫੋਨ ਆਇਆ, ਜਿਸਨੇ ਆਪਣੇ ਆਪ ਨੂੰ ਮਾਰਕੀਟ ਕਮੇਟੀ ਦਫ਼ਤਰ ਤੋਂ ਬੋਲਦਾ, ਹੋਣ ਦਾ ਆਖ ਕੇ ਕਿਹਾ ਕਿ ਤੁਸੀਂ ਆ ਜਾਵੋ ਅਸੀਂ ਤੁਹਾਡੀ ਆੜਤੀਏ ਨਾਲ ਬਿਠਾ ਕੇ ਗੱਲ ਕਰਵਾ ਦਿੰਦੇ ਹਾਂ, ਜਿਸ ਤੋਂ ਮੰਡੀ ਅਧਿਕਾਰੀਆਂ ਦੀ ਨੀਅਤ ਸਪੱਸ਼ਟ ਹੋ ਜਾਂਦੀ ਹੈ।

Leave a Reply

Your email address will not be published. Required fields are marked *