
ਮੋਹਾਲੀ, 22 ਮਾਰਚ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰਜ਼ ਐਸੋਸੀਏਸ਼ਨ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਮੁਹਾਲੀ ਵਿਖੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਮੀਡੀਆ ਇੰਚਾਰਜ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸ. ਅਮਰਪਾਲ ਸਿੰਘ ਸਾਬਕਾ ਆਈਏਐਸ, ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀਮਤੀ ਪਰਲੀਨ ਕੌਰ ਬਰਾੜ ਪੀ ਸੀ ਐਸ, ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਐਸੋਸੀਏਸ਼ਨ ਦੀ ਪ੍ਰਧਾਨ ਸ਼੍ਰੀਮਤੀ ਰਮਨਦੀਪ ਕੌਰ ਗਿੱਲ ਅਤੇ ਜਨਰਲ ਸਕੱਤਰ ਸ. ਸੁਖਚੈਨ ਸਿੰਘ ਸੈਣੀ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ।

ਮੁੱਖ ਬੁਲਾਰੇ ਵੱਜੋਂ ਡਾਕਟਰ ਚਮਨ ਲਾਲ ਸਾਬਕਾ ਪ੍ਰੋਫੈਸਰ ਜੇਐਨਯੂ ਦਿੱਲੀ ਅਤੇ ਡਾ. ਕੰਵਲਜੀਤ ਕੌਰ ਢਿੱਲੋਂ, ਸਕੱਤਰ, ਭਾਰਤੀ ਮਹਿਲਾ ਫੈਡਰੇਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਜੀ ਦੀ ਜੀਵਨੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਉਪਰੰਤ ਸ਼ਹੀਦਾਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਵਿੱਚ ਦਰਸ਼ਨ ਤਿਊਣਾ, ਮਨਜੀਤ ਕੌਰ ਮੁਹਾਲੀ, ਜੁਗਰਾਜ ਜੋਗ, ਰਤਨ ਸਿੰਘ ਬਾਬਕਵਾਲਾ ਜੋਗਾ ਸਿੰਘ ਤਰਕਸ਼ੀਲ, ਹਰਬੰਸ ਕੌਰ ਗਿੱਲ ਤਰਸੇਮ ਰਾਜ, ਹਰਵਿੰਦਰ ਸਿੰਘ ਚੰਡੀਗੜ੍ਹ, ਬਾਬੂ ਰਾਮ ਦੀਵਾਨਾ ਅਤੇ ਗੁਰਮੇਲ ਸਿੰਘ ਮੋਜੋਵਾਲ ਨੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਵਿਤਾਵਾਂ ਅਤੇ ਗੀਤ ਗਾਏ ।ਛੋਟੀਆਂ ਬੱਚੀਆਂ ਗੁਨਤਾਸ ਕੌਰ ਅਤੇ ਮਹਿਤਾਬ ਕੌਰ ਨੇ ਸ਼ਹੀਦਾਂ ਦੀ ਯਾਦ ਵਿੱਚ ਕਵਿਤਾਵਾਂ ਬੋਲ ਕੇ ਅਤੇ ਨਾਹਰੇ ਲਗਾ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ।
ਇਹ ਸ਼ਹੀਦੀ ਸਮਾਗਮ ਐਸੋਸੀਏਸ਼ਨ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ, ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ, ਮੁਖ ਸਲਾਹਕਾਰ ਹਰਦੇਵ ਸਿੰਘ ਕਲੇਰ ਅਤੇ ਸਮੁੱਚੀ ਕਾਰਜਕਰਨੀ ਟੀਮ ਦੀ ਅਗਵਾਈ ਵਿੱਚ ਕਰਵਾਇਆ ਗਿਆ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।