
ਜਲੰਧਰ, 22 ਫਰਵਰੀ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਸਰਕਾਰ ਨੇ ਵਿਆਹ ਸਮਾਗਮਾਂ ਵਿੱਚ ਹਥਿਆਰ ਲੈ ਕੇ ਜਾਣ ਜਾਂ ਹਵਾ ਵਿੱਚ ਗੋਲੀ ਚਲਾਉਣ ‘ਤੇ ਪਾਬੰਦੀ ਲਗਾਈ ਹੋਈ ਹੈ। ਇਸ ਦੇ ਬਾਵਜੂਦ, ਵਿਆਹ ਸਮਾਗਮਾਂ ਵਿੱਚ ਗੋਲੀਆਂ ਚਲਾਉਣ ਦਾ ਰਿਵਾਜ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅਜਿਹੀ ਹੀ ਇਕ ਘਟਨਾ, ਜਲੰਧਰ ਨੇੜਲੇ ਕਸਬਾ ਗੁਰਾਇਆ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਵਿਅਕਤੀ ਦੀ ਗੋਲੀ ਚੱਲਣ ਕਾਰਨ ਮੌਤ ਹੋ ਗਈ ਹੈ।
ਜਾਣਕਾਰੀ ਮੁਤਬਾਕ ਮ੍ਰਿਤਕ ਦੀ ਪਛਾਣ ਸਰਪੰਚ ਦੇ ਪਤੀ ਪਰਮਜੀਤ ਸਿੰਘ ਵਜੋਂ ਹੋਈ ਹੈ। ਇਸ ਘਟਨਾ ਦੀ ਵੀਡੀਓ ਵਾਇਰਲ ਹੋ ਗਈ ਹੈ। ਵਾਇਰਲ ਵੀਡੀਓ ਗੁਰਾਇਆ ਥਾਣੇ ਦੇ ਚੱਕ ਦੇਸਰਾਜ ਪਿੰਡ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਸਮਾਗਮ ਵਿੱਚ ਲੋਕ ਨੱਚ ਰਹੇ ਹਨ ਅਤੇ ਕਿਵੇਂ ਇੱਕ ਨੌਜਵਾਨ ਹਵਾ ਵਿੱਚ ਗੋਲੀਆਂ ਚਲਾ ਰਿਹਾ ਹੈ।
ਇਸ ਦੌਰਾਨ, ਭੰਗੜਾ ਪਾ ਰਹੇ ਇੱਕ ਹੋਰ ਵਿਅਕਤੀ ਨੂੰ ਗੋਲੀ ਲੱਗ ਜਾਂਦੀ ਹੈ। ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਮ੍ਰਿਤਕ ਦੀ ਪਛਾਣ 45 ਸਾਲਾ ਪਰਮਜੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਸਰਪੰਚ ਦਾ ਪਤੀ ਦੱਸਿਆ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।