
ਭਾਰਤ ਦੀਆਂ WTC ਫਾਈਨਲ ਦੀਆਂ ਸੰਭਾਵਨਾਵਾਂ ਬਰਕਰਾਰ
ਬੁਮਰਾਹ ਨੇ ਕਿਸੇ ਭਾਰਤੀ ਗੇਂਦਬਾਜ਼ ਦੁਆਰਾ ਸਭ ਤੋਂ ਵੱਧ ਵਿਕਟਾਂ ਲੈਣ ਦੇ ਰਿਕਾਰਡ ਨੂੰ ਤੋੜਿਆ
ਚੰਡੀਗੜ੍ਹ, 18 ਦਸੰਬਰ, ਪੰਜਾਬੀ ਦੁਨੀਆ ਬਿਊਰੋ :
ਬ੍ਰਿਸਬੇਨ ਦੇ ਗਾਬਾ ਸਟੇਡੀਅਮ ਵਿਖੇ ਖੇਡੇ ਗਏ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਮੈਚ ਲਗਾਤਾਰ ਮੀਂਹ ਪੈਣ ਕਾਰਨ ਅੱਜ ਬਿਨਾਂ ਕਿਸੇ ਜਿੱਤ-ਹਾਰ ਦੇ ਡਰਾਅ ਹੋ ਗਿਆ। ਗਾਬਾ ਟੈਸਟ ਮੈਚ ਦੇ 5ਵੇਂ ਅਤੇ ਆਖਰੀ ਦਿਨ ਤੇਜ਼ੀ ਨਾਲ ਦੌੜਾਂ ਬਣਾਉਣ ਦੇ ਚੱਕਰ ਵਿੱਚ ਆਸਟਰੇਲੀਆ ਦੀ ਬੱਲੇਬਾਜ਼ੀ ਢਹਿ-ਢੇਰੀ ਹੋ ਗਈ ਅਤੇ ਟੀਮ ਨੇ 7 ਵਿਕਟਾਂ ਦੇ ਨੁਕਸਾਨ ਉਤੇ 89 ਦੌੜਾਂ ਬਣਾ ਕੇ ਪਾਰੀ ਘੋਸ਼ਿਤ ਕਰ ਦਿੱਤੀ। ਇਸ ਨਾਲ ਭਾਰਤ ਅੱਗੇ ਜਿੱਤ ਲਈ 275 ਦੌੜਾਂ ਦਾ ਟੀਚਾ ਰੱਖਿਆ।
ਇਸ ਤੋਂ ਪਹਿਲਾਂ ਪੰਜਵੇਂ ਦਿਨ ਵਿੱਚ ਹੈੱਡ ਨੇ ਆਕਾਸ਼ਦੀਪ ਨੂੰ ਆਊਟ ਕਰਕੇ ਭਾਰਤ ਨੂੰ 260 ਦੌੜਾਂ ‘ਤੇ ਆਊਟ ਕਰ ਦਿੱਤਾ। ਆਕਾਸ਼ਦੀਪ ਨੇ 44 ਗੇਂਦਾਂ ਵਿੱਚ 31 ਦੌੜਾਂ ਬਣਾਈਆਂ ਜਦਕਿ ਬੁਮਰਾਹ 38 ਗੇਂਦਾਂ ਵਿੱਚ 10 ਦੌੜਾਂ ਬਣਾ ਕੇ ਨਾਬਾਦ ਰਿਹਾ। ਇਸ ਤੋਂ ਇਲਾਵਾ ਭਾਰਤ ਲਈ ਕੇ.ਐਲ. ਰਾਹੁਲ (84), ਰਵਿੰਦਰ ਜਡੇਜਾ (77) ਨੇ ਬਿਹਤਰੀਨ ਖੇਡ ਦਾ ਮੁਜ਼ਾਹਰਾ ਕਰਦਿਆਂ ਭਾਰਤ ਨੂੰ ਫਾਲੋਆਨ ਖੇਡਣ ਦਾ ਬਚਾਇਆ। ਆਸਟਰੇਲੀਆ ਨੇ ਪਹਿਲੀ ਪਾਰੀ ਤੋਂ ਬਾਅਦ 185 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ।
ਹਾਲਾਂਕਿ, ਆਸਟ੍ਰੇਲੀਆ ਵੱਲੋਂ ਮਿੱਥੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਦੀ ਦੂਜੀ ਪਾਰੀ ਦੇ ਸ਼ੁਰੂਆਤ ਵਿਚ ਹੀ ਮੀਂਹ ਨੇ ਵਿਘਨ ਪਾ ਦਿੱਤਾ ਅਤੇ ਕਪਤਾਨਾਂ ਨੇ ਦਿਨ ਦੀ ਖੇਡ ਖਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਮੈਚ ਡਰਾਅ ਕਰਨ ਦਾ ਫੈਸਲਾ ਕੀਤਾ।

ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਪਹਿਲੀ ਪਾਰੀ ਵਿੱਚ ਟ੍ਰੈਵਿਸ ਹੈੱਡ ਅਤੇ ਸਟੀਵ ਸਮਿਥ ਦੇ ਸੈਂਕੜਿਆਂ ਦੇ ਬਾਵਜੂਦ ਟੈਸਟ ਵਿੱਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲੀ ਪਾਰੀ ਵਿਚ 6 ਵਿਕਟਾਂ ਝਟਕਾਉਣ ਤੋਂ ਬਾਅਦ ਦੂਜੀ ਪਾਰੀ ਵਿੱਚ ਵੀ ਤਿੰਨ ਵਿਕਟਾਂ ਹਾਸਲ ਕੀਤੀਆਂ। ਬੁਮਰਾਹ ਨੇ ਕਪਿਲ ਦੇਵ ਦਾ ਆਸਟ੍ਰੇਲੀਆ ਵਿੱਚ ਕਿਸੇ ਭਾਰਤੀ ਗੇਂਦਬਾਜ਼ ਦੁਆਰਾ ਸਭ ਤੋਂ ਵੱਧ ਵਿਕਟਾਂ ਲੈਣ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ।
ਮੀਂਹ ਕਾਰਨ ਆਸਟਰੇਲੀਆ ਦੀ ਦੂਜੀ ਪਾਰੀ ਵਿੱਚ ਦੇਰੀ ਹੋਣ ਤੋਂ ਬਾਅਦ ਮੇਜ਼ਬਾਨ ਟੀਮ ਢਹਿ ਢੇਰੀ ਹੋ ਗਈ। ਬੁਮਰਾਹ ਨੇ ਨਵੀਂ ਗੇਂਦ ਨਾਲ ਉਸਮਾਨ ਖਵਾਜਾ ਅਤੇ ਮਾਰਨਸ ਲਾਬੂਸ਼ੇਨ ਨੂੰ ਆਊਟ ਕਰਦਿਆਂ ਆਸਟ੍ਰੇਲੀਆ ਨੂੰ ਡਬਲ ਝਟਕਾ ਦਿੱਤਾ। ਫਿਰ, ਆਕਾਸ਼ਦੀਪ ਨੇ ਨਾਥਨ ਮੈਕਸਵੀਨੀ ਅਤੇ ਮਿਸ਼ੇਲ ਮਾਰਸ਼ ਨੂੰ ਸਿੰਗਲ ਅੰਕਾਂ ਦੇ ਸਕੋਰ ਉਤੇ ਆਊਟ ਕੀਤਾ। ਜਦਕਿ ਸਟੀਵ ਸਮਿਥ ਵੀ ਜ਼ਿਆਦਾ ਕੁਝ ਨਹੀਂ ਕਰ ਸਕੇ ਅਤੇ ਮੁਹੰਮਦ ਸਿਰਾਜ ਦੀ ਗੇਂਦ ‘ਤੇ ਵਿਕਟ ਗੁਆ ਬੈਠੇ। ਇਸ ਤਰ੍ਹਾਂ ਆਸਟ੍ਰੇਲੀਆ ਨੇ 11 ਓਵਰਾਂ ‘ਚ 33 ਦੌੜਾਂ ‘ਤੇ ਪੰਜ ਵਿਕਟਾਂ ਗੁਆ ਦਿੱਤੀਆਂ। ਹੈੱਡ ਅਤੇ ਐਲੇਕਸ ਕੈਰੀ ਨੇ ਸਕੋਰ ਨੂੰ 50 ਦੇ ਪਾਰ ਪਹੁੰਚਾਉਣ ਲਈ ਕੁਝ ਚੌਕੇ ਲਗਾਏ। ਸਿਰਾਜ ਨੇ ਫਾਰਮ ਵਿੱਚ ਚੱਲ ਰਹੇ ਬੱਲੇਬਾਜ਼ ਟਰੈਵਿਸ ਹੈੱਡ ਦੀ ਵਿਕਟ ਹਾਸਲ ਕੀਤੀ ਜਦਕਿ ਕਪਤਾਨ ਕਮਿੰਸ ਨੇ 10 ਗੇਂਦਾਂ ‘ਤੇ 22 ਦੌੜਾਂ ਵਿਚ ਦੋ ਛੱਕੇ, ਦੋ ਚੌਕੇ ਲਗਾਏ। ਬੁਮਰਾਹ ਨੇ 18ਵੇਂ ਓਵਰ ਵਿਚ ਆਪਣਾ ਕੈਮੀਓ ਖਤਮ ਕਰ ਦਿੱਤਾ। ਕੈਰੀ 20 ਦੌੜਾਂ ਬਣਾ ਕੇ ਅਜੇਤੂ ਰਿਹਾ ਕਿਉਂਕਿ ਆਸਟ੍ਰੇਲੀਆ ਨੇ 7/89 ਦੌੜਾਂ ਬਣਾਈਆਂ ਅਤੇ ਭਾਰਤ ਲਈ 275 ਦੌੜਾਂ ਦਾ ਟੀਚਾ ਰੱਖਿਆ।
ਦੱਸਣਯੋਗ ਹੈ ਕਿ ਬ੍ਰਿਸਬੇਨ ਟੈਸਟ ਦਾ ਅੰਤ ਕ੍ਰਿਕਟ ਲਈ ਚੰਗਾ ਨਹੀਂ ਰਿਹਾ ਕਿਉਂਕਿ ਰਵੀਚੰਦਰਨ ਅਸ਼ਵਿਨ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਦੂਜਾ ਟੈਸਟ ਐਡੀਲੇਡ ਓਵਲ ਵਿਖੇ ਗੁਲਾਬੀ ਗੇਂਦ ਦਾ ਟੈਸਟ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਸਦਾ ਆਖਰੀ ਪ੍ਰਦਰਸ਼ਨ ਸੀ।