Breaking News
Dashmesh GS Electricals Verka Smart Media Insurance Point Tav Prasad

ਕੇਂਦਰੀ ਬਜਟ ਸਿਰਫ਼ ਲੰਗੜੀ ਸਰਕਾਰ ਨੂੰ ਬਚਾਉਣ ‘ਤੇ ਕੇਂਦਰਤ: ਚੇਅਰਮੈਨ ਬਰਸਟ

ਰਵਨੀਤ ਬਿਟੂ ਅਤੇ ਸੁਨੀਲ ਜਾਖੜ ਨੇ ਪੰਜਾਬ ਦੇ ਆਰਥਿਕ ਸਾਧਨਾਂ ਨੂੰ ਬਰਬਾਦ ਕਰਨ ਲਈ ਭਾਜਪਾ ਦੇ ਹੱਥ ਕੀਤੇ ਸੌਖੇ

ਮੋਹਾਲੀ, 24 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਵਿੱਤੀ ਸਾਲ 2024-25 ਦੇ ਬਜਟ ਵਿੱਚ ਪੰਜਾਬ ਨੂੰ ਅਣਦੇਖਾ ਕਰਨ ਦੀ ਸਖ਼ਤ ਆਲੋਚਨਾ ਕੀਤੀ ਹੈ।

ਉਨ੍ਹਾਂ ਕਿਹਾ ਇਹ ਬਜਟ ਕੇਵਲ ਤੇ ਕੇਵਲ ਭਾਜਪਾ ਨੇ ਆਪਣੀ ਭਾਈਵਾਲ ਪਾਰਟੀਆਂ ਨੂੰ ਖੁਸ਼ ਕਰਕੇ ਕੇਂਦਰ ਦੀ ਆਪਣੀ ਲੰਗੜੀ ਸਰਕਾਰ ਨੂੰ ਬਚਾਉਣ ਦੇ ਲਈ ਜਾਰੀ ਕੀਤਾ ਹੈ। ਕੇਂਦਰ ਸਰਕਾਰ ਨੇ ਇਸ ਬਜਟ ਵਿੱਚ ਪੰਜਾਬ ਨਾਲ ਵਿਤਕਰਾ ਕਰਦੇ ਹੋਏ ਇਸ ਨੂੰ ਪੂਰੀ ਤਰ੍ਹਾਂ ਨਾਲ ਜਾਣਬੁੱਝ ਕੇ ਅਣਦੇਖਾ ਕੀਤਾ ਹੈ, ਜਦਕਿ ਬਿਹਾਰ ਤੇ ਆਂਧਰਾ ਪ੍ਰਦੇਸ਼ ਵਰਗੇ ਰਾਜਾਂ ਨੂੰ ਖੁਸ਼ ਕਰਨ ਲਈ ਵਾਧੂ ਵਿੱਤੀ ਪੈਕੇਜ ਦਿੱਤੇ ਹਨ। ਪੰਜਾਬ ਇੱਕ ਸਰਹੱਦੀ ਸੂਬਾ ਹੈ, ਜਿੱਥੇ ਇੰਟਰਨੈਸ਼ਨਲ ਪੱਧਰ ਤੇ ਨਸ਼ਿਆਂ ਦੀ ਮਾਰ ਪੈਂਦੀ ਰਹਿੰਦੀ ਹੈ। ਇਸਦੇ ਬਾਵਜੂਦ ਮੋਦੀ ਸਰਕਾਰ ਵੱਲੋਂ ਪੰਜਾਬ ਲਈ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਗਿਆ। ਬੀਤੇ ਸਾਲ ਪੰਜਾਬ ਨੂੰ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪਿਆ ਸੀ, ਉਸਦੇ ਬਾਵਜੂਦ ਕੇਂਦਰ ਸਰਕਾਰ ਨੇ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕਜ ਨਹੀਂ ਦਿੱਤਾ। ਉਨ੍ਹਾਂ ਮੋਦੀ ਸਰਕਾਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਬਜਟ ਵਿੱਚ ਕੋਈ ਮਦਦ ਨਾ ਦੇ ਕੇ ਇੱਥੇ ਦੇ ਲੋਕਾਂ ਨਾਲ ਪੱਖਪਾਤੀ ਰਵੱਈਆ ਅਪਣਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਤੀਬਾੜੀ ਇੱਕ ਮਹੱਤਵਪੂਰਨ ਖੇਤਰ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਹ ਬਜਟ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਗਾਰੰਟੀ ਦੇਣ ਵਿੱਚ ਵੀ ਅਸਫ਼ਲ ਰਿਹਾ ਹੈ, ਜਿਸ ਨਾਲ ਕਿਸਾਨਾਂ ਵਿੱਚ ਨਿਰਾਸ਼ਾ ਹੋਰ ਵਧੇਗੀ। ਕੇਂਦਰ ਵੱਲੋਂ ਪੰਜਾਬ ਦੇ ਕਰੀਬ 10,000 ਕਰੋੜ ਰੁਪਏ ਦੇ ਫੰਡਾਂ ਨੂੰ ਪਹਿਲਾਂ ਹੀ ਰੋਕਿਆ ਹੋਇਆ ਹੈ, ਜਿਸ ਵਿੱਚ ਕਰੀਬ 6 ਹਜਾਰ ਕਰੋੜ ਤਾਂ ਆਰ.ਡੀ.ਐਫ. ਦਾ ਹੀ ਹੈ।

ਸ. ਹਰਚੰਦ ਸਿੰਘ ਬਰਸਟ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿਟੂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਵਨੀਤ ਬਿਟੂ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਉਹ ਫੂਡ ਪ੍ਰੋਸੈਸਿੰਗ ਦੇ ਲਈ ਕੇਂਦਰ ਸਰਕਾਰ ਤੋਂ ਕੀ ਲੈ ਕੇ ਆਏ ਹਨ ਅਤੇ ਪੰਜਾਬ ਦੇ ਵਿਕਾਸ ਦੇ ਲਈ ਉਨ੍ਹਾਂ ਦੀ ਕੀ ਪਲਾਨਿੰਗ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਤਾਂ ਰਵਨੀਤ ਬਿਟੂ ਅਤੇ ਸੁਨੀਲ ਜਾਖੜ ਨੇ ਪੰਜਾਬ ਦੇ ਆਰਥਿਕ ਸਾਧਨਾਂ ਨੂੰ ਬਰਬਾਦ ਕਰਨ ਲਈ ਭਾਜਪਾ ਦੇ ਹੱਥ ਸੌਖੇ ਕਰ ਦਿੱਤੇ ਹਨ। ਜਦਕਿ ਇਹਨਾਂ ਦੋਵਾਂ ਨੂੰ ਪੰਜਾਬੀ ਹੋਣ ਦੇ ਨਾਤੇ ਪੰਜਾਬ ਦੇ ਬਿਹਤਰ ਭਵਿੱਖ ਲਈ ਆਵਾਜ਼ ਚੁਕਣੀ ਚਾਹੀਦੀ ਸੀ। ਪਰ ਇਹ ਤਾਂ ਪੰਜਾਬ ਨੂੰ ਬਰਬਾਦ ਕਰਨ ‘ਤੇ ਤੂਰੇ ਹੋਏ ਹਨ। ਆਪ ਪੰਜਾਬ ਦੇ ਜਨਰਲ ਸਕੱਤਰ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਭਾਜਪਾ ਆਗੂਆਂ ਦੇ ਪੰਜਾਬ ਵਿਰੋਧੀ ਰਵੱਈਏ ਨੂੰ ਲੈ ਕੇ ਪੰਜਾਬ ਦੇ ਲੋਕ ਕਦੇ ਵੀ ਉਨ੍ਹਾਂ ਨੂੰ ਮੁਆਫ ਨਹੀਂ ਕਰਨਗੇ।

Leave a Reply

Your email address will not be published. Required fields are marked *