
ਬਠਿੰਡਾ, 3 ਜੂਨ, ਚਰਨਜੀਤ ਸਿੰਘ :
ਸਾਹਿਤ ਜਗਤ ਦੇ ਮਸ਼ਹੂਰ ਕਵੀ ਅਤੇ ਸ਼ਾਇਰ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਜੀ ਦੀ ਯਾਦ ਨੂੰ ਸਮਰਪਿਤ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਵੱਲੋਂ ਸੱਤ ਰੋਜਾ ਮੁਫਤ ਆਰਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਟੀਚਰਜ਼ ਹੋਮ ਟਰੱਸਟ ਬਠਿੰਡਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਕੈਂਪ ਦੇ ਪਹਿਲੇ ਦਿਨ ਕਲਾ ਦੀਆਂ ਬਾਰੀਕੀਆਂ ਸਿੱਖਣ ਲਈ ਬੱਚੇ ਪੂਰੀ ਤਿਆਰੀ ਤੇ ਉਤਸ਼ਾਹ ਨਾਲ ਕੈਂਪ ’ਚ ਪਹੁੰਚੇ। ਪਹਿਲੀ ਤੋਂ ਪੰਜਵੀਂ, ਛੇਵੀਂ ਤੋਂ ਦਸਵੀਂ ਅਤੇ ਗਿਆਰਵੀਂ ਤੋਂ ਉੱਪਰਲੀਆਂ ਜਮਾਤਾਂ ਦੇ ਵਿਦਿਆਰਥੀ ਤਿੰਨ ਗਰੁੱਪਾਂ ਵਿੱਚ ਵੰਡੇ ਗਏ। ਗੁਰਜੀਤ ਸਿੰਘ ਪਲਾਹਾ, ਅਮਰਜੀਤ ਸਿੰਘ ਪੇਂਟਰ, ਗੁਰਪ੍ਰੀਤ ਆਰਟਿਸਟ ਅਤੇ ਹੋਰ ਕਲਾਕਾਰਾਂ ਨੇ ਕਲਾ ਦੀਆਂ ਬਾਰੀਕੀਆਂ ਦੱਸਦੇ ਹੋਏ ਕੈਂਪ ਦਾ ਆਗਾਜ਼ ਕੀਤਾ। ਵਿਦਿਆਰਥੀਆਂ ਨੂੰ ਕਲਾ ਦੇ ਹਰੇਕ ਪੱਖ ਜਿਵੇਂ ਕਲਾਕ੍ਰਿਤੀਆਂ ਬਣਾਉਣਾ, ਪੈਨਸਲ ਸ਼ੇਡਿੰਗ, ਮਾਡਰਨ ਆਰਟ, ਵਾਟਰ ਕਲਰ, ਪੋਰਟਰੇਟ ਡਰਾਇੰਗ, ਲੈਂਡਸਕੇਪ ਪੇਂਟਿੰਗ, ਚਿੱਤਰਕਲਾ ਵਿੱਚ ਲਾਈਟ ਐਂਡ ਸ਼ੇਡ ਦੀ ਮਹੱਤਤਾ ਆਦਿ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾਵੇਗੀ।
ਪ੍ਰਬੰਧਕਾਂ ਤੇ ਮਹਿਮਾਨਾਂ ’ਚ ਸੋਸਾਇਟੀ ਵੱਲੋਂ ਡਾ. ਅਮਰੀਕ ਸਿੰਘ ਪ੍ਰਧਾਨ, ਆਰਟਿਸਟ ਗੁਰਪ੍ਰੀਤ ਸਿੰਘ ਜਨਰਲ ਸਕੱਤਰ, ਅਮਰਜੀਤ ਸਿੰਘ ਪੇਂਟਰ ਸਰਪ੍ਰਸਤ, ਹਰਦਰਸ਼ਨ ਸਿੰਘ ਸੋਹਲ, ਸੁਰੇਸ਼ ਮੰਗਲਾ, ਪ੍ਰੇਮ ਚੰਦ, ਅਤੇ ਟੀਚਰਜ਼ ਹੋਮ ਟਰੱਸਟ ਬਠਿੰਡਾ ਵੱਲੋਂ ਬੀਰਬਲ ਦਾਸ ਚੇਅਰਮੈਨ, ਲਛਮਣ ਸਿੰਘ ਮਲੂਕਾ, ਰਘਬੀਰ ਚੰਦ ਸ਼ਰਮਾ, ਪਰਮਜੀਤ ਸਿੰਘ ਰਾਮਾ, ਆਦਿ ਹਾਜ਼ਿਰ ਸਨ। ਆਰਟਿਸਟ ਗੁਰਪ੍ਰੀਤ ਵੱਲੋਂ ਬਣਾਈ ਡਾ. ਸੁਰਜੀਤ ਪਾਤਰ ਦੀ ਪੇਂਟਿੰਗ ਨੂੰ ਫੁੱਲਾਂ ਦੀ ਮਾਲਾ ਪਹਿਨਾ ਕੇ ਮਹਿਮਾਨਾਂ ਵੱਲੋਂ ਪਾਤਰ ਸਾਹਿਬ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਲਛਮਣ ਸਿੰਘ ਮਲੂਕਾ ਵੱਲੋਂ ਪਾਤਰ ਸਾਹਿਬ ਦੀ ਜ਼ਿੰਦਗੀ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰੇ ਕੀਤੇ ਗਏ।
ਡਾ.ਅਮਰੀਕ ਸਿੰਘ ਨੇ ਸੁਸਾਇਟੀ ਵੱਲੋਂ ਸਾਲ ਭਰ ਵਿੱਚ ਕੀਤੇ ਜਾਂਦੇ ਕੰਮਾਂ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਆਰਟਿਸਟ ਗੁਰਪ੍ਰੀਤ ਨੇ ਬੱਚਿਆਂ ਨੂੰ ਕਲਾ ਦੀ ਉਤਪਤੀ ਬਾਰੇ ਜਾਣਕਾਰੀ ਦਿੱਤੀ। ਡਾ. ਅਮਰੀਕ ਸਿੰਘ ਨੇ ਕਿਹਾ ਕਿ ਅਸੀਂ ਸ਼ਹਿਰ ਦੇ ਵਿਦਿਆਰਥੀਆਂ ਨੂੰ ਚੰਗੇ ਚਿੱਤਰਕਾਰ ਬਣਾਉਣ ਲਈ ਸੁਸਾਇਟੀ ਦੇ ਸਹਿਯੋਗ ਨਾਲ ਹਰ ਸੰਭਵ ਯਤਨ ਕਰਾਂਗੇ। ਸ਼ਹਿਰ ਦੇ ਸੂਝਵਾਨ ਤੇ ਬੁੱਧੀਜੀਵੀ ਲੋਕਾਂ ਨੂੰ ਕੈਂਪ ਦਾ ਦੌਰਾ ਕਰਵਾਇਆ ਜਾਵੇਗਾ ਅਤੇ ਸ਼ਹਿਰ ਵਾਸੀ ਪ੍ਰੋਗਰਾਮ ਵੇਖਣ ਲਈ ਆ ਸਕਦੇ ਹਨ। ਕੈਂਪ 3 ਤੋਂ 9 ਜੂਨ ਤੱਕ ਸਵੇਰੇ 9 ਤੋਂ 11 ਵਜੇ ਤੱਕ ਜਾਰੀ ਰਹੇਗਾ।
ਮੰਚ ਸੰਚਾਲਨ ਸੰਦੀਪ ਸ਼ੇਰਗਿੱਲ (ਰੇਡੀਓ ਅਨਾਉਂਸਰ) ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਿਹਤ ਸੁਰੱਖਿਆ ਨੂੰ ਲਾਜ਼ਮੀ ਬਣਾਉਣ ਲਈ ਡਾ. ਸਤਪਾਲ ਤੇ ਸਮੁੱਚੀ ਟੀਮ ਫਸਟ ਏਡ ਬਾਕਸ ਅਤੇ ਹੋਰ ਸਾਜੋ ਸਮਾਨ ਸਮੇਤ ਕੈਂਪ ’ਚ ਆਪਣੀਆਂ ਸੇਵਾਵਾਂ ਨਿਭਾਵੇਗੀ ਤੇ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਜਾਵੇਗਾ। ਪ੍ਰਬੰਧ ’ਚ ਹਰੀ ਚੰਦ ਪ੍ਰਜਾਪਤੀ, ਬਲਰਾਜ ਬਰਾੜ ਮਾਨਸਾ, ਯਸ਼ਪਾਲ ਜੈਤੋ, ਕੇਵਲ ਕ੍ਰਿਸ਼ਨ, ਬਸੰਤ ਸਿੰਘ, ਭਾਵਨਾ ਗਰਗ, ਮਿਥਨ ਮੰਡਲ, ਰਮਨਦੀਪ ਕੌਰ, ਵਿਜੇ ਭੂਦੇਵ, ਸੰਦੀਪ ਸ਼ੇਰਗਿਲ, ਸੁਰਿੰਦਰ ਸਿੰਘ, ਟੇਕ ਚੰਦ, ਭਜਨ ਲਾਲ, ਪਰਮਿੰਦਰ ਪੈਰੀ, ਰਿਤੇਸ਼ ਕੁਮਾਰ, ਚਿੰਤਨ ਕੁਮਾਰ, ਬਨਮੀਤ ਸਿੰਘ, ਅਮਿਤ, ਸੁਖਰਾਜ ਕੌਰ, ਮਨਪ੍ਰੀਤ ਕੌਰ ਪਟਿਆਲਾ, ਅਸ਼ੋਕ ਮਾਲੇਰਕੋਟਲਾ, ਰਾਜਵਿੰਦਰ ਰੰਗੀਲਾ, ਡਾ. ਨੀਤੂ ਅਰੋੜਾ ਆਦਿ ਮੌਜੂਦ ਰਹੇ।