
ਏਆਈ ਆਧਾਰਿਤ ਸਮਾਰਟ ਰੋਬੋਟਿਕਸ ਅਤੇ ਲੈਬਵਿਊ ਤਕਨੀਕ ਬਾਰੇ ਮਾਹਿਰਾਂ ਨੇ ਦਿੱਤੀ ਜਾਣਕਾਰੀ
ਮੋਹਾਲੀ, 20 ਨਵੰਬਰ, ਮਨਜੀਤ ਸਿੰਘ ਚਾਨਾ: ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ), ਸੀਜੀਸੀ ਲਾਂਡਰਾਂ ਦੇ ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿਭਾਗ ਵੱਲੋਂ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੇ ਸਹਿਯੋਗ ਨਾਲ ਤਿੰਨ ਰੋਜ਼ਾ ‘ਅਟਲ ਵਾਣੀ’ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡੇਟਾ ਸਾਇੰਸ ਦੇ ਉੱਭਰਦੇ ਖੇਤਰ ’ਤੇ ਕੇਂਦਰਿਤ ਇਸ ਵਰਕਸ਼ਾਪ ਦਾ ਵਿਸ਼ਾ ‘ਲੈਬਵਿਊ ਦੀ ਵਰਤੋਂ ਨਾਲ ਏਆਈ ਆਧਾਰਿਤ ਸਮਾਰਟ ਰੋਬੋਟਿਕਸ’ ਰੱਖਿਆ ਗਿਆ। ਵਰਕਸ਼ਾਪ ਹਿੰਦੀ ਭਾਸ਼ਾ ਵਿੱਚ ਕਰਵਾਈ ਜਾ ਰਹੀ ਹੈ, ਜਿਸ ਦਾ ਉਦੇਸ਼ ਤਕਨੀਕੀ ਸਿੱਖਿਆ ਨੂੰ ਵਧੇਰੇ ਵਿਦਿਆਰਥੀਆਂ ਅਤੇ ਸਿੱਖਿਆਰਥੀਆਂ ਤੱਕ ਪਹੁੰਚਾਉਣਾ ਹੈ।
ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਅਰਦਾਸ ਅਤੇ ਰਵਾਇਤੀ ਦੀਪ ਜਗਾਉਣ ਦੀ ਰਸਮ ਨਾਲ ਹੋਈ। ਇਸ ਮੌਕੇ ਸੀਈਸੀ-ਸੀਜੀਸੀ ਲਾਂਡਰਾਂ ਦੀ ਡਾਇਰੈਕਟਰ-ਪ੍ਰਿੰਸੀਪਲ ਡਾ. ਸੁਖਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਐਨੋਵੇਟ ਸਕਿੱਲ ਰੋਬੋਟਿਕਸ, ਆਟੋਮੇਸ਼ਨ ਅਤੇ ਆਈਓਟੀ ਦੇ ਸੰਸਥਾਪਕ ਤੇ ਸੀਈਓ ਅਜੈ ਗੋਦਾਰਾ ਨੂੰ ਮੁੱਖ ਬੁਲਾਰੇ ਵਜੋਂ ਸੱਦਾ ਦਿੱਤਾ ਗਿਆ। ਈਸੀਈ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਵਿਨੈ ਭਾਟੀਆ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਮੁੱਖ ਬੁਲਾਰੇ ਦਾ ਸਨਮਾਨ ਕੀਤਾ।
ਵਰਕਸ਼ਾਪ ਦੌਰਾਨ ਚਾਰ ਤਕਨੀਕੀ ਸੈਸ਼ਨ ਕਰਵਾਏ ਗਏ। ਅਜੈ ਗੋਦਾਰਾ ਨੇ ਏਆਈ ਦੇ ਬੁਨਿਆਦੀ ਸਿਧਾਂਤਾਂ ਅਤੇ ਰੋਬੋਟਿਕਸ ਵਿੱਚ ਇਸ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਵੀਵੀਡੀਐਨ ਟੈਕਨਾਲੋਜੀਜ਼, ਗੁਰੂਗ੍ਰਾਮ ਦੇ ਸਹਾਇਕ ਮੈਨੇਜਰ ਨਿਤੇਸ਼ ਪ੍ਰਧਾਨ ਨੇ ਲੈਬਵਿਊ ਅਤੇ ਇਸ ਦੇ ਟੂਲਕਿੱਟਾਂ ਰਾਹੀਂ ਹਾਰਡਵੇਅਰ ਇੰਟਰਫੇਸਿੰਗ ਅਤੇ ਡੇਟਾ ਪ੍ਰਾਪਤੀ ਦੀਆਂ ਤਕਨੀਕਾਂ ਸਮਝਾਈਆਂ। ਆਈਆਈਟੀ ਰੋਪੜ ਦੇ ਕੰਪਿਊਟਰ ਸਾਇੰਸ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਸ਼ਵੇਤਾ ਜੈਨ ਨੇ ਰੋਬੋਟਿਕਸ ਵਿੱਚ ਰੀਇਨਫੋਰਸਮੈਂਟ ਲਰਨਿੰਗ ਦੀ ਮਹੱਤਤਾ ਅਤੇ ਬੁੱਧੀਮਾਨ ਰੋਬੋਟਾਂ ਦੀ ਫੈਸਲਾ ਲੈਣ ਦੀ ਸਮਰੱਥਾ ਬਾਰੇ ਚਰਚਾ ਕੀਤੀ। ਆਖਰੀ ਸੈਸ਼ਨ ਵਿੱਚ ਡਾ. ਵਿਨੈ ਭਾਟੀਆ ਨੇ ਲੈਬਵਿਊ ਦੀ ਵਰਤੋਂ ਨਾਲ ਰੋਬੋਟਿਕ ਪ੍ਰਣਾਲੀਆਂ ਦੇ ਵਿਕਾਸ ਅਤੇ ਪ੍ਰੋਗਰਾਮਿੰਗ ਬਾਰੇ ਵਿਹਾਰਕ ਜਾਣਕਾਰੀ ਸਾਂਝੀ ਕੀਤੀ।

ਵਰਕਸ਼ਾਪ ਦਾ ਤਾਲਮੇਲ ਈਸੀਈ ਵਿਭਾਗ ਦੀਆਂ ਡਾ. ਆਸ਼ਿਮਾ ਕਾਲਰਾ ਅਤੇ ਡਾ. ਭਾਵਨਾ ਟੰਡਨ ਵੱਲੋਂ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਨੇ ਪ੍ਰੋਗਰਾਮ ਲਈ ਵੀਵੀਡੀਐਨ ਟੈਕਨਾਲੋਜੀਜ਼ ਦੇ ਤਕਨੀਕੀ ਸਹਿਯੋਗ ਅਤੇ ਸੰਸਥਾ ਦੇ ਪ੍ਰਬੰਧਨ ਵੱਲੋਂ ਮਿਲੇ ਮਾਰਗਦਰਸ਼ਨ ਦੀ ਸ਼ਲਾਘਾ ਕੀਤੀ।
ਵਰਕਸ਼ਾਪ ਦੇ ਅਗਲੇ ਸੈਸ਼ਨਾਂ ਵਿੱਚ ਡੀਪ ਲਰਨਿੰਗ, ਜਨਰੇਟਿਵ ਏਆਈ, ਕੰਪਿਊਟਰ ਵਿਜ਼ਨ ਅਤੇ ਏਆਈ ਦੇ ਉੱਨਤ ਪਹਿਲੂਆਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।