
ਚੰਡੀਗੜ੍ਹ, 1 ਅਕਤੂਬਰ, ਪੰਜਾਬੀ ਦੁਨੀਆ ਬਿਊਰੋ:
ਭਾਰਤ ਨੇ ਏਸ਼ੀਆਈ ਖੇਡਾਂ 2026 ਦੇ ਪੁਰਸ਼ ਕ੍ਰਿਕਟ ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਸ੍ਰੀਲੰਕਾ ਨੂੰ 124 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਨਿਸ਼ਿਨ, ਜਾਪਾਨ ਦੇ ਕੋਰੋਗੀ ਸਪੋਰਟਸ ਪਾਰਕ ਵਿੱਚ ਵੀਰਵਾਰ ਨੂੰ ਖੇਡੇ ਗਏ ਦੂਜੇ ਸੈਮੀਫਾਈਨਲ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 169 ਦੌੜਾਂ ਬਣਾਈਆਂ।
ਭਾਰਤ ਦੀ ਪਾਰੀ ਦੇ ਹੀਰੋ ਰਹੇ ਈਸ਼ਾਨ ਕਿਸ਼ਨ ਨੇ 46 ਗੇਂਦਾਂ ’ਤੇ ਨਾਬਾਦ 80 ਦੌੜਾਂ ਬਣਾਈਆਂ, ਜਿਸ ਵਿੱਚ ਚਾਰ ਚੌਕੇ ਅਤੇ ਪੰਜ ਛੱਕੇ ਸ਼ਾਮਲ ਸਨ। ਵੈਭਵ ਸੂਰਯਵੰਸ਼ੀ ਨੇ ਵੀ 21 ਗੇਂਦਾਂ ’ਤੇ ਤੇਜ਼ 38 ਦੌੜਾਂ ਦੀ ਪਾਰੀ ਖੇਡੀ। ਭਾਰਤੀ ਸਿਖਰਲੇ ਕ੍ਰਮ ਨੂੰ ਸ੍ਰੀਲੰਕਾਈ ਗੇਂਦਬਾਜ਼ਾਂ ਨੇ ਸ਼ੁਰੂਆਤ ਵਿੱਚ ਦਬਾਅ ਹੇਠ ਰੱਖਿਆ। ਅਭਿਸ਼ੇਕ ਸ਼ਰਮਾ ਸੱਤ ਦੌੜਾਂ ’ਤੇ ਆਊਟ ਹੋਏ, ਜਦਕਿ ਕਪਤਾਨ ਸ਼੍ਰੇਅਸ ਅਈਅਰ ਨੇ 13 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਥਾਰਿੰਦੂ ਰਤਨਾਇਕੇ ਅਤੇ ਸਹਾਨ ਅਰਾਚਿਗੇ ਨੇ 2-2 ਵਿਕਟਾਂ ਲਈਆਂ।
ਭਾਰਤ ਵੱਲੋਂ ਮਿੱਥੇ 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਟੀਮ ਭਾਰਤੀ ਗੇਂਦਬਾਜ਼ੀ ਸਾਹਮਣੇ ਦਬਾਅ ਵਿੱਚ ਆ ਗਈ ਅਤੇ ਪੂਰੀ ਟੀਮ ਮਹਿਜ਼ 45 ਦੌੜਾਂ ਉਤੇ ਆਊਟ ਹੋ ਗਈ। ਭਾਰਤ ਨੇ 124 ਦੌੜਾਂ ਦੀ ਵੱਡੀ ਜਿੱਤ ਨਾਲ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਭਾਰਤ ਵੱਲੋਂ ਅਭਿਸ਼ੇਕ ਸ਼ਰਮਾ, ਅਕਸ਼ਰ ਪਟੇਲ ਤੇ ਜਸਪ੍ਰੀਤ ਬੁਮਰਾਹ ਨੇ 2-2 ਵਿਕਟਾਂ ਹਾਸਲ ਕੀਤੀਆਂ ਜਦਕਿ ਵਾਸ਼ਿੰਗਟਨ ਸੁੰਦਰ ਨੇ 1 ਵਿਕਟ ਹਾਸਲ ਕੀਤੀ।
ਹੁਣ 3 ਅਕਤੂਬਰ ਨੂੰ ਸੋਨ ਤਗਮੇ ਲਈ ਭਾਰਤ ਅਤੇ ਪਾਕਿਸਤਾਨ ਦਰਮਿਆਨ ਫਾਈਨਲ ਮੁਕਾਬਲਾ ਹੋਵੇਗਾ। ਪਾਕਿਸਤਾਨ ਨੇ ਪਹਿਲੇ ਸੈਮੀਫਾਈਨਲ ਵਿੱਚ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ।