Breaking News
Smart Media Dashmesh Mohali Walk Smart Media Insurance Point Hardev Singh Ubha

ਵੋਟ ਬਣਾਉਣ ਵਾਲਾ ਨੌਜਵਾਨ ਹੀ ਆਪਣੇ ਹੱਕਾਂ ਲਈ ਸਵਾਲ ਕਰਨ ਦਾ ਅਸਲ ਹੱਕਦਾਰ: ਗੀਤਿਕਾ ਸਿੰਘ

ਸੀ.ਜੀ.ਸੀ. ਲਾਂਡਰਾਂ ਵਿਖੇ ਵਿਸ਼ਾਲ ਵੋਟਰ ਰਜਿਸਟ੍ਰੇਸ਼ਨ ਕੈਂਪ; 1032 ਨਵੇਂ ਵੋਟਰਾਂ ਦੀ ਹੋਈ ਰਜਿਸਟ੍ਰੇਸ਼ਨ

ਮੋਹਾਲੀ, 9 ਸਤੰਬਰ, ਮਨਜੀਤ ਸਿੰਘ ਚਾਨਾ: 

ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ.ਜੀ.ਸੀ.) ਲਾਂਡਰਾਂ ਵਿਖੇ ਵਿਸ਼ਾਲ ਵੋਟਰ ਜਾਗਰੂਕਤਾ ਅਤੇ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਨੌਜਵਾਨਾਂ ਵਿੱਚ ਨਵੇਂ ਵੋਟਰ ਵਜੋਂ ਰਜਿਸਟਰ ਹੋਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਆਨਲਾਈਨ ਤੇ ਆਫ਼ਲਾਈਨ ਵਿਧੀ ਰਾਹੀਂ 1032 ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੀਤਿਕਾ ਸਿੰਘ ਨੇ ਕਿਹਾ ਕਿ ਨੌਜਵਾਨ ਦੇਸ਼ ਦੇ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹਨ। ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਹਰ ਯੋਗ ਨੌਜਵਾਨ ਦਾ ਵੋਟਰ ਵਜੋਂ ਰਜਿਸਟਰ ਹੋਣਾ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਨੌਜਵਾਨ ਆਪਣੀ ਵੋਟ ਬਣਾਉਂਦਾ ਅਤੇ ਆਪਣੀ ਵੋਟ ਪਾਉਂਦਾ ਹੈ, ਉਹ ਆਪਣੇ ਹੱਕਾਂ ਅਤੇ ਲੋਕਤੰਤਰ ਨਾਲ ਜੁੜੇ ਮੁੱਦਿਆਂ ’ਤੇ ਸਵਾਲ ਕਰਨ ਅਤੇ ਬਹਿਸ ਕਰਨ ਦਾ ਅਸਲ ਹੱਕਦਾਰ ਬਣ ਜਾਂਦਾ ਹੈ।

ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੋਟਰ ਵਜੋਂ ਰਜਿਸਟਰ ਹੋਣ ਦੇ ਨਾਲ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਵੋਟ ਬਣਵਾਉਣ ਲਈ ਪ੍ਰੇਰਿਤ ਕਰਨ। ਏ.ਡੀ.ਸੀ. ਨੇ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਕਰਦਿਆਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਕਿਹਾ ਕਿ ਲੋਕਤੰਤਰ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਸਿਰਫ਼ ਵੋਟ ਪਾਉਣ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਉਨ੍ਹਾਂ ਨੂੰ ਵੋਟਰ ਅਧਿਕਾਰਾਂ ਅਤੇ ਚੋਣ ਪ੍ਰਕਿਰਿਆ ਦੀ ਪੂਰੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ।

ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਗੁਰਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਵੋਟਰ ਰਜਿਸਟ੍ਰੇਸ਼ਨ, ਸਵੀਪ ਗਤੀਵਿਧੀਆਂ ਅਤੇ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਮੋਬਾਈਲ ਫ਼ੋਨਾਂ ਵਿੱਚ ECI Net App ਡਾਊਨਲੋਡ ਕਰਵਾਉਣ ਦੇ ਨਾਲ ਆਨਲਾਈਨ ਤੇ ਆਫ਼ਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵੀ ਸਮਝਾਈ ਗਈ।

ਕੈਂਪ ਵਿੱਚ ਵੋਟਰ ਜਾਗਰੂਕਤਾ ਸਬੰਧੀ ਨੁੱਕੜ ਨਾਟਕ, ਸੱਭਿਆਚਾਰਕ ਪ੍ਰੋਗਰਾਮ ਅਤੇ ਹੋਰ ਸਵੀਪ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਲਈ ਸੈਲਫੀ ਪੁਆਇੰਟ ਵੀ ਬਣਾਇਆ ਗਿਆ ਅਤੇ ਹਾਜ਼ਰ ਨੌਜਵਾਨਾਂ ਨੂੰ ਵੋਟਰ ਜਾਗਰੂਕਤਾ ਦੀ ਸਹੁੰ ਚੁਕਾਈ ਗਈ।

ਇਸ ਮੌਕੇ ਚੋਣ ਤਹਿਸੀਲਦਾਰ ਹਰਪ੍ਰੀਤ ਕੌਰ, ਚੋਣ ਕਾਨੂੰਗੋ ਸਰਿੰਦਰ ਬੱਤਰਾ, ਜਗਤਾਰ ਸਿੰਘ, ਸਵੀਪ ਟੀਮ ਦੇ ਮੈਂਬਰ, ਕਾਲਜ ਦੇ ਨੋਡਲ ਅਫ਼ਸਰ ਈ.ਐਲ.ਸੀ. ਡਾ. ਰਵਿੰਦਰ ਸਿੰਘ ਸਮੇਤ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਕਾਲਜਾਂ ਵਿੱਚ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਤਾਰ ਜਾਰੀ ਹਨ, ਤਾਂ ਜੋ 1 ਅਕਤੂਬਰ 2026 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਸਾਰੇ ਯੋਗ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰ ਕੀਤਾ ਜਾ ਸਕੇ।

Leave a Reply

Your email address will not be published. Required fields are marked *