
ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰਨ ਤੋਂ ਬੈਰੀਕੇਡ ਲਗਾ ਕੇ ਰੋਕਿਆ ਗਿਆ
ਹਰਪਾਲ ਚੀਮਾ ਦੀ ਬਰਖ਼ਾਸਤਗੀ ਅਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ
ਗੁਜਰਾਤ ਜਿੱਤ ਲਈ ਭਾਜਪਾ ਅਤੇ ‘ਆਪ’ ਵਿਚਕਾਰ ਗੁਪਤ ਸਮਝੌਤਾ: ਵੜਿੰਗ
ਚੰਡੀਗੜ੍ਹ, 8 ਸਤੰਬਰ, ਪੰਜਾਬੀ ਦੁਨੀਆ ਬਿਊਰੋ:
ਸੂਬੇ ਭਰ ਤੋਂ ਆਏ ਹਜ਼ਾਰਾਂ ਕਾਂਗਰਸੀ ਵਰਕਰਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ।ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪਾਰਟੀ ਵਰਕਰ ਪੰਜਾਬ ਕਾਂਗਰਸ ਭਵਨ ਦੇ ਬਾਹਰ ਇਕੱਠੇ ਹੋਏ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਮਾਰਚ ਸ਼ੁਰੂ ਕਰ ਦਿੱਤਾ। ਹਾਲਾਂਕਿ, ਭਾਰੀ ਪੁਲਿਸ ਫੋਰਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਣ ਤੋਂ ਰੋਕ ਦਿੱਤਾ ਗਿਆ।
ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਦਿੜ੍ਹਬਾ ਦੇ ਗੁਲਜ਼ਾਰ ਸਿੰਘ ਦੀ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਤੁਰੰਤ ਅਹੁਦੇ ਤੋਂ ਬਰਖ਼ਾਸਤ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਗੁਲਜ਼ਾਰ ਸਿੰਘ ਨੇ ਆਪਣੇ ਆਖਰੀ ਬਿਆਨ ਵਿੱਚ ਸਪੱਸ਼ਟ ਕਿਹਾ ਸੀ ਕਿ ਉਸਦੀ ਖ਼ੁਦਕੁਸ਼ੀ ਲਈ ਚੀਮਾ ਜ਼ਿੰਮੇਵਾਰ ਹਨ।ਉਨ੍ਹਾਂ ਸ਼ੇਰੋਂ ਪਿੰਡ ਦੇ ਮੋਹਨਜੀਤ ਸਿੰਘ ‘ਤੇ ਪੁਲਿਸ ਵੱਲੋਂ ਕੀਤੇ ਤਸ਼ੱਦਦ ਦਾ ਵੀ ਜ਼ਿਕਰ ਕੀਤਾ, ਜਿਸਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸਨੇ ਮੁੱਖ ਮੰਤਰੀ ਨੂੰ ਕਾਲਾ ਝੰਡਾ ਦਿਖਾਉਣ ਦੀ ਹਿੰਮਤ ਕੀਤੀ ਸੀ। ਉਨ੍ਹਾਂ ਬਲਾਤਕਾਰ ਦੇ ਇੱਕ ਮੁਲਜ਼ਮ ਨੂੰ ਦਿੱਤੀ ਜਾ ਰਹੀ ਸਰਪ੍ਰਸਤੀ ‘ਤੇ ਮੁੱਖ ਮੰਤਰੀ ਦੀ ਚੁੱਪ ‘ਤੇ ਵੀ ਸਵਾਲ ਚੁੱਕੇ।
ਪੀਸੀਸੀ ਪ੍ਰਧਾਨ ਨੇ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਅਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵਿਚਕਾਰ ਗੁਪਤ ਸਮਝੌਤਾ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਚਾਹੁੰਦੀ ਹੈ ਕਿ ‘ਆਪ’ ਗੁਜਰਾਤ ਵਿੱਚ ਭਾਜਪਾ ਵਿਰੋਧੀ ਵੋਟਾਂ ਵੰਡ ਕੇ ਉਸਦੀ ਮਦਦ ਕਰੇ, ਅਤੇ ਇਸਦੇ ਬਦਲੇ ਭਾਜਪਾ ਪੰਜਾਬ ਵਿੱਚ ‘ਆਪ’ ਦੀ ਮਦਦ ਕਰੇਗੀ।
ਉਨ੍ਹਾਂ ਕਿਹਾ ਕਿ ਇਸੇ ਕਾਰਨ ਇਨਫੋਰਸਮੈਂਟ ਡਾਇਰੈਕਟੋਰੇਟ ਭ੍ਰਿਸ਼ਟਾਚਾਰ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਨਾਲ ਮਿਲ ਕੇ ਫਿਕਸ ਮੈਚ ਖੇਡ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਈਡੀ ਨੇ ਜਿਵੇਂ ਕਾਂਗਰਸੀ ਆਗੂਆਂ, ਜਿਵੇਂ ਸਾਧੂ ਸਿੰਘ ਧਰਮਸੋਤ ਦੇ ਮਾਮਲੇ ਵਿੱਚ ਤੁਰੰਤ ਗ੍ਰਿਫ਼ਤਾਰੀ ਕੀਤੀ ਸੀ, ਉਵੇਂ ਇੱਥੇ ਕਿਉਂ ਨਹੀਂ ਕਰ ਰਹੀ? ਉਨ੍ਹਾਂ ਕਿਹਾ ਕਿ ਉਸ ਮਾਮਲੇ ਵਿੱਚ ਈਡੀ ਨੇ ਪੰਜਾਬ ਪੁਲਿਸ ਨੂੰ ਐਫਆਈਆਰ ਦਰਜ ਕਰਨ ਲਈ ਨਹੀਂ ਕਿਹਾ ਸੀ, ਪਰ ‘ਆਪ’ ਆਗੂਆਂ ਦੇ ਮਾਮਲੇ ਵਿੱਚ ਜਾਣਬੁੱਝ ਕੇ ਢਿੱਲਮੱਠ ਕੀਤੀ ਜਾ ਰਹੀ ਹੈ।

ਗੁਰਪ੍ਰੀਤ ਸਿੰਘ ਸੇਖੋਂ ਵਰਗੇ ਦੋਸ਼ੀ ਕਰਾਰ ਦਿੱਤੇ ਗੈਂਗਸਟਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ‘ਤੇ ‘ਆਪ’ ‘ਤੇ ਵਰ੍ਹਦਿਆਂ ਵੜਿੰਗ ਨੇ ਕਿਹਾ ਕਿ ਜਿੱਥੇ ਪੰਜਾਬ ਦੇ ਲੋਕ ਗੈਂਗਸਟਰਾਂ ਤੋਂ ਛੁਟਕਾਰਾ ਚਾਹੁੰਦੇ ਹਨ, ਉੱਥੇ ਹੀ ਸੱਤਾਧਾਰੀ ਪਾਰਟੀ ਉਨ੍ਹਾਂ ਨੂੰ ਸ਼ਾਮਲ ਕਰਕੇ ਸਿਆਸੀ ਮੰਚ ਅਤੇ ਤਾਕਤ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸੇਖੋਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਉਹ ਸਿਰਫ਼ ਇਸ ਲਈ ਬਾਹਰ ਹੈ ਕਿਉਂਕਿ ਹਾਈਕੋਰਟ ਨੇ ਉਸਦੀ ਸਜ਼ਾ ‘ਤੇ ਰੋਕ ਲਗਾਈ ਹੋਈ ਹੈ। ਉਨ੍ਹਾਂ ਮਾਨ ਨੂੰ ਸਵਾਲ ਕੀਤਾ, “ਤੁਸੀਂ ਪੰਜਾਬ ਦੇ ਲੋਕਾਂ ਨੂੰ ਕੀ ਸੁਨੇਹਾ ਦੇ ਰਹੇ ਹੋ?”
ਪੀਸੀਸੀ ਪ੍ਰਧਾਨ ਨੇ ਸਰਕਾਰੀ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਹੱਕੀ ਡੀਏ ਨਾ ਦੇ ਕੇ ਉਨ੍ਹਾਂ ਪ੍ਰਤੀ ਵਿਰੋਧੀ ਰਵੱਈਆ ਅਪਣਾਉਣ ਲਈ ਵੀ ਮੁੱਖ ਮੰਤਰੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨਾ ਸਿਰਫ਼ ਉਨ੍ਹਾਂ ਨੂੰ ਡੀਏ ਦੇਣ ਤੋਂ ਇਨਕਾਰ ਕਰ ਰਹੀ ਹੈ, ਸਗੋਂ ਉਨ੍ਹਾਂ ਨਾਲ ਦੁਸ਼ਮਣਾਂ ਵਰਗਾ ਸਲੂਕ ਕਰ ਰਹੀ ਹੈ।
ਕਾਂਗਰਸ ਪਾਰਟੀ ਪ੍ਰਤੀ ਆਪਣੀ ਅਟੁੱਟ ਵਫ਼ਾਦਾਰੀ ਦੁਹਰਾਉਂਦਿਆਂ ਵੜਿੰਗ ਨੇ ਕਿਹਾ ਕਿ ਉਹ ਭਾਵੇਂ ਕਿਸੇ ਵੀ ਅਹੁਦੇ ‘ਤੇ ਰਹਿਣ, ਉਹ ਹਮੇਸ਼ਾ ਕਾਂਗਰਸ ਨਾਲ ਹੀ ਰਹਿਣਗੇ ਜਿਸਨੇ ਉਨ੍ਹਾਂ ਨੂੰ ਇੰਨਾ ਕੁਝ ਦਿੱਤਾ ਹੈ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਉਹ ਪਾਰਟੀ ਹਿੱਤ ਵਿੱਚ ਕੰਮ ਕਰਨ ਅਤੇ ਹਰ ਉਸ ਕਾਂਗਰਸੀ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਜਿਸਨੂੰ ਟਿਕਟ ਮਿਲਦੀ ਹੈ, ਤਾਂ ਜੋ ਪੰਜਾਬ ਨੂੰ ਇਸ ਭ੍ਰਿਸ਼ਟ ਅਤੇ ਅਯੋਗ ਸਰਕਾਰ ਤੋਂ ਛੁਟਕਾਰਾ ਮਿਲ ਸਕੇ।
ਵੜਿੰਗ ਨੇ ਇਹ ਵੀ ਐਲਾਨ ਕੀਤਾ ਕਿ ਬਹੁਤ ਜਲਦ ਉਹ ਮੁੱਖ ਮੰਤਰੀ ਦੇ ਸਾਹਮਣੇ ਹੀ ਨਹੀਂ, ਸਗੋਂ ਸਿੱਧਾ ਉਨ੍ਹਾਂ ਦੇ ਸਟੇਜ ‘ਤੇ ਜਾ ਕੇ ਕਾਲੇ ਝੰਡੇ ਲਹਿਰਾਉਣਗੇ ਜਿੱਥੇ ਉਹ ਭਾਸ਼ਣ ਦੇ ਰਹੇ ਹੋਣਗੇ। ਉਨ੍ਹਾਂ ਕਿਹਾ ਕਿ ਭਾਵੇਂ ਐਤਵਾਰ ਨੂੰ ਉਨ੍ਹਾਂ ਨੂੰ ਅਤੇ ਵਰਕਰਾਂ ਨੂੰ ਪੁਲਿਸ ਨੇ ਰੋਕ ਲਿਆ ਸੀ, ਪਰ ਅਗਲੀ ਵਾਰ ਉਹ ਹਰ ਹਾਲ ਵਿੱਚ ਮਾਨ ਦੇ ਸਟੇਜ ਤੱਕ ਪਹੁੰਚਣਾ ਯਕੀਨੀ ਬਣਾਉਣਗੇ।ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿੱਚ ਸਾਰੇ 25 ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਹਾਜ਼ਰ ਸੀਨੀਅਰ ਆਗੂਆਂ ਵਿੱਚ ਰਾਣਾ ਕੇ.ਪੀ. ਸਿੰਘ, ਅਮਿਤ ਵਿੱਜ, ਬਲਬੀਰ ਸਿੰਘ ਸਿੱਧੂ, ਬ੍ਰਹਮ ਮਹਿੰਦਰਾ, ਕੁਲਜੀਤ ਸਿੰਘ ਨਾਗਰਾ, ਸ਼ਮਸ਼ੇਰ ਸਿੰਘ ਦੂਲੋ, ਗੁਰਜੀਤ ਔਜਲਾ, ਦਲਵੀਰ ਗੋਲਡੀ, ਡਾ. ਰਾਜ ਕੁਮਾਰ ਵੇਰਕਾ, ਹਰਦਿਆਲ ਕੰਬੋਜ, ਕੈਪਟਨ ਸੰਦੀਪ ਸੰਧੂ, ਸਾਧੂ ਸਿੰਘ ਧਰਮਸੋਤ, ਨਿਸ਼ਾਤ ਅਖ਼ਤਰ, ਸੁਖਵਿੰਦਰ ਡੈਨੀ, ਹਰੀ ਖਾਈ, ਲਖਵੀਰ ਲੱਖਾ, ਸ਼ਾਮ ਸੁੰਦਰ ਅਰੋੜਾ, ਮਮਤਾ ਦੱਤਾ, ਕੁਲਬੀਰ ਜ਼ੀਰਾ, ਰਾਕੇਸ਼ ਪਾਂਡੇ, ਪਵਨ ਦੀਵਾਨ, ਸੁਨੀਲ ਦੱਤੀ, ਪਵਨ ਆਦੀਆ, ਮੋਹਿਤ ਮਹਿੰਦਰਾ ਅਤੇ ਹੋਰ ਸ਼ਾਮਲ ਸਨ।