
ਡੈਬਿਊ ਕਰਨ ਵਾਲੇ ਹਰਸ਼ ਦੂਬੇ ਅਤੇ ਪੰਜਾਬ ਦੇ ਪੁੱਤਰ ਗੁਰਨੂਰ ਬਰਾੜ ਨੇ 3-3 ਵਿਕਟਾਂ ਲਈਆਂ
ਗਿੱਲ ਦਾ ਅਰਧ ਸੈਂਕੜਾ, ਵਨਡੇ ‘ਚ ਸਭ ਤੋਂ ਤੇਜ਼ 3000 ਦੌੜਾਂ ਬਣਾਉਣ ਵਾਲੇ ਵਿਸ਼ਵ ਦੇ ਦੂਜੇ ਬੱਲੇਬਾਜ਼ ਬਣੇ
ਚੰਡੀਗੜ੍ਹ, 14 ਜੂਨ, ਪੰਜਾਬੀ ਦੁਨੀਆ ਬਿਊਰੋ:
ਧਰਮਸ਼ਾਲਾ ਵਿੱਚ ਮੀਂਹ ਕਾਰਨ ਪ੍ਰਭਾਵਿਤ ਬੀਤੀ ਰਾਤ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਭਾਰਤ ਨੇ 3 ਵਿਕਟਾਂ ‘ਤੇ 195 ਦੌੜਾਂ ਬਣਾ ਕੇ ਅਫਗਾਨਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਮੈਚ ਵਿੱਚ ਡੈਬਿਊ ਕਰਨ ਵਾਲੇ ਹਰਸ਼ ਦੂਬੇ ਅਤੇ ਪੰਜਾਬ ਦੇ ਪੁੱਤਰ ਗੁਰਨੂਰ ਬਰਾੜ ਨੇ ਤਿੰਨ-ਤਿੰਨ ਵਿਕਟਾਂ ਲਈਆਂ, ਜਦੋਂ ਕਿ ਸ਼ੁਭਮਨ ਗਿੱਲ ਨੇ ਕਪਤਾਨੀ ਪਾਰੀ ਖੇਡਦਿਆਂ 66 ਗੇਂਦਾਂ ਵਿੱਚ ਅਜੇਤੂ 84 ਦੌੜਾਂ ਬਣਾਈਆਂ, ਜਦਕਿ ਰਾਹੁਲ ਨਾਬਾਦ 39 ਅਤੇ ਈਸ਼ਾਨ ਕਿਸ਼ਨ 34 ਦੌੜਾਂ ਦਾ ਮਹੱਤਵਪੂਰਨ ਯੋਗਦਾਨ ਪਾਇਆ।
ਲਗਾਤਾਰ ਬੂੰਦਾਬਾਂਦੀ ਕਾਰਨ ਮੈਚ ਚਾਰ ਘੰਟੇ ਤੋਂ ਵੱਧ ਦੇਰੀ ਨਾਲ ਸ਼ੁਰੂ ਹੋਇਆ ਅਤੇ 25 ਓਵਰ ਪ੍ਰਤੀ ਟੀਮ ਕਰ ਦਿੱਤਾ ਗਿਆ। ਮੌਸਮ ਸਾਫ਼ ਹੋਣ ਤੋਂ ਬਾਅਦ, ਪਹਿਲਾਂ ਬੱਲੇਬਾਜੀ ਕਰਦਿਆਂ ਰਹਿਮਾਨਉੱਲਾ ਗੁਰਬਾਜ਼ ਨੇ 51 ਗੇਂਦਾਂ ਵਿੱਚ 102 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜੋ ਕਿ ਅਫਗਾਨਿਸਤਾਨ ਦੇ ਬੱਲੇਬਾਜ਼ ਦਾ ਸਭ ਤੋਂ ਤੇਜ਼ ਸੈਂਕੜਾ ਅਤੇ ਵਨਡੇ ਵਿੱਚ ਉਸਦਾ ਨੌਵਾਂ ਸੈਂਕੜਾ ਸੀ। ਪਰ ਬਾਕੀ ਬੱਲੇਬਾਜ਼ ਜ਼ਿਆਦਾ ਪ੍ਰਭਾਵ ਪਾਉਣ ਵਿੱਚ ਅਸਫਲ ਰਹੇ ਕਿਉਂਕਿ ਅਫਗਾਨਿਸਤਾਨ 24.5 ਓਵਰਾਂ ਵਿੱਚ 194 ਦੌੜਾਂ ‘ਤੇ ਸਿਮਟ ਗਿਆ। ਜਿਸ ਵਿੱਚ ਗੁਰਨੂਰ ਬਰਾੜ 3-27, ਦੂਬੇ 3-47, ਜਦਕਿ ਅਰਸ਼ਦੀਪ ਸਿੰਘ ਅਤੇ ਨਿਤੀਸ਼ ਕੁਮਾਰ ਰੈਡੀ ਨੇ ਵੀ ਦੋ-ਦੋ ਵਿਕਟਾਂ ਲਈਆਂ।

ਗੁਰਨੂਰ ਬਰਾੜ, ਵਨਡੇ ਕੈਰੀਅਰ ਦੀ ਪਹਿਲੀ ਵਿਕਟ ਲੈਣ ਉਪਰੰਤ ਸਾਥੀ ਖਿਡਾਰੀਆਂ ਨਾਲ ਜਸ਼ਨ ਮਨਾਉਂਦਾ ਹੋਇਆ।
195 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਿੱਚ ਭਾਰਤੀ ਟੀਮ ਨੇ ਮਜ਼ਬੂਤ ਸ਼ੁਰੂਆਤ ਕੀਤੀ। ਰੋਹਿਤ ਸ਼ਰਮਾ 16 ਦੌੜਾਂ ਬਣਾ ਕੇ ਰਨ ਆਊਟ ਹੋ ਗਏ ਪਰ ਗਿੱਲ ਨੇ ਆਪਣਾ 18ਵਾਂ ਵਨਡੇ ਅਰਧ ਸੈਂਕੜਾ ਜੜਿਆ, ਨਾਲ ਹੀ ਵਨਡੇ ਵਿੱਚ 3000 ਦੌੜਾਂ ਦਾ ਅੰਕੜਾ ਪਾਰ ਕਰਨ ਵਾਲਾ ਵਿਸ਼ਵ ਦਾ ਦੂਜਾ ਸਭ ਤੋਂ ਤੇਜ਼ ਬੱਲੇਬਾਜ਼ ਵੀ ਬਣ ਗਿਆ। ਇਸ ਤੋਂ ਬਾਅਦ ਈਸ਼ਾਨ ਕਿਸ਼ਨ ਨੇ 22 ਗੇਂਦਾਂ ਵਿੱਚ 34 ਦੌੜਾਂ ਬਣਾਈਆਂ ਜਦਕਿ ਕੇਐਲ ਰਾਹੁਲ ਨੇ 19 ਗੇਂਦਾਂ ਵਿੱਚ ਅਜੇਤੂ 39 ਦੌੜਾਂ ਬਣਾਈਆਂ ਅਤੇ ਭਾਰਤ ਨੇ 22.5 ਓਵਰਾਂ ਵਿੱਚ ਪਿੱਛਾ ਪੂਰਾ ਕੀਤਾ ਅਤੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ।