
ਮੋਹਾਲੀ, 14 ਅਕਤੂਬਰ, ਪੰਜਾਬੀ ਦੁਨੀਆ ਬਿਊਰੋ :
ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ (ਰਜਿ:) ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਫੇਜ਼-11 ਵਿਚ ਇਕ ਹਰਬਲ ਪਾਰਕ ਬਣਾਇਆ ਜਾਵੇ, ਜਿਸ ਵਿਚ ਵੱਖ ਵੱਖ ਤਰ੍ਹਾਂ ਦੇ ਹਰਬਲ ਪਲਾਂਟ ਲਾਏ ਜਾਣ ਅਤੇ ਲੋੜਵੰਦਾਂ ਨੂੰ ਉਹ ਪੌਦੇ ਮੁਫ਼ਤ ਸਪਲਾਈ ਕੀਤੇ ਜਾਣ। ਸ. ਮੋਜੋਵਾਲ ਨੇ ਦੱਸਿਆ ਕਿ ਹਰਬਲ ਪੌਦਿਆਂ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਘਰ ਬੈਠੇ ਹੀ ਕੀਤਾ ਜਾ ਸਕਦਾ ਹੈ।
ਮੀਟਿੰਗ ਵਿੱਚ ਇਸ ਗੱਲ ਉਤੇ ਭਾਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਅਵਾਰਾ ਗਊਆਂ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਕਰੋੜਾਂ/ਅਰਬਾਂ ਰੁਪਿਆ ਗਊਆਂ ਲਈ ਵਾਹਨ ਸੈੱਸ ਦੇ ਨਾਂ ਉਤੇ ਇਕੱਠਾ ਕੀਤਾ ਜਾ ਰਿਹਾ ਹੈ ਪਰ ਹਜ਼ਾਰਾਂ ਦੀ ਗਿਣਤੀ ਵਿਚ ਗਊਆਂ ਸ਼ਹਿਰਾਂ ਅਤੇ ਕਸਬਿਆਂ ਵਿਚ ਬੇਰੋਕ-ਟੋਕ ਘੁੰਮ ਰਹੀਆਂ ਹਨ, ਜੋ ਰਾਹਗੀਰਾਂ ਲਈ ਜਾਨਲੇਵਾ ਸਾਬਤ ਹੋ ਰਹੀਆਂ ਹਨ। ਭਾਵੇਂ ਹਰ ਇਨਸਾਨ ਦੀ ਹੋਂਦ ਬਹੁਤ ਕੀਮਤੀ ਹੁੰਦੀ ਹੈ ਪਰ ਪਿਛਲੇ ਦਿਨੀਂ ਉੱਘੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਵੀ ਗਊਆਂ ਕਾਰਨ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਏ। ਜਿਥੇ ਸੁਸਾਇਟੀ ਉਸ ਨੌਜਵਾਨ ਦੀ ਮੌਤ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ, ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੀ ਹੈ, ਉਥੇ ਸਰਕਾਰਾਂ ਨੂੰ ਬੇਨਤੀ ਕਰਦੀ ਹੈ ਕਿ ਅਵਾਰਾ ਗਊਆਂ ਦੇ ਰੱਖ-ਰਖਾਅ ਦੇ ਉਚਿਤ ਪ੍ਰਬੰਧ ਕੀਤੇ ਜਾਣ। ਜਦੋਂ ਗਊਆਂ ਦੇ ਨਾਮ ਉਤੇ ਫੰਡਾਂ ਦੀ ਕੋਈ ਘਾਟ ਨਹੀਂ, ਫਿਰ ਸਵਾਲ ਉਠਦਾ ਹੈ ਕਿ ਪ੍ਰਬੰਧ ਕਿਉਂ ਨਹੀਂ ਕੀਤੇ ਜਾ ਰਹੇ?
ਆਸ ਹੈ ਕਿ ਸਰਕਾਰਾਂ, ਗਊ ਭਗਤ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਇਸ ਸਮੱਸਿਆ ਵੱਲ ਧਿਆਨ ਦੇਣਗੀਆਂ ਅਤੇ ਕੀਮਤੀ ਜਾਨਾਂ ਦਾ ਬਚਾਅ ਹੋ ਸਕੇਗਾ। ਮੀਟਿੰਗ ਵਿਚ ਸੁਸਾਇਟੀ ਮੈਂਬਰ ਗੁਰਿੰਦਰ ਸਿੰਘ, ਅਜਿੰਦਰ ਸਿੰਘ, ਡੀ.ਪੀ. ਹੁਸ਼ਿਆਰਪੁਰੀ, ਸਰਵਨ ਰਾਮ, ਰਣਜੀਤ ਸਿੰਘ ਜੱਲਾ, ਬਲਬੀਰ ਸਿੰਘ ਸੈਣੀ, ਜਸਵਿੰਦਰ ਸਿੰਘ ਕਲੇਰ, ਚਰਨ ਸਿੰਘ ਗੜ੍ਹੀ, ਫਕੀਰ ਚੰਦ ਥਿੰਦ, ਭੁਪਿੰਦਰ ਸਿੰਘ ਨਾਗਪਾਲ, ਨਛੱਤਰ ਸਿੰਘ ਖਿਆਲਾ, ਬਲਬੀਰ ਸਿੰਘ ਜਥੇਦਾਰ, ਬੀਬੀ ਅਮਰਜੀਤ ਕੌਰ, ਸੁਰੇਸ਼ ਭੋਲਾ ਅਤੇ ਹਰਬੰਸ ਹਾਜ਼ਰ ਸਨ।