Breaking News
Dashmesh GS Electricals Verka Smart Media Insurance Point Tav Prasad

ਚੰਡੀਗੜ੍ਹ ਪ੍ਰਸ਼ਾਸਨ ਦਾ ਨਵਾਂ ਸਰਵਿਸ ਰੂਲ ਲਾਗੂ ਕਰਨਾ ਸਰਾਸਰ ਧੱਕਾ: ਬਡਹੇੜੀ

ਕਿਹਾ, ਪੰਜਾਬੀ ਦੀ ਰਾਜਧਾਨੀ ‘ਤੇ ਹਰਿਆਣਾ ਅਤੇ ਕੇਂਦਰ ਦਾ ਕੋਈ ਹੱਕ ਨਹੀਂ

ਚੰਡੀਗੜ੍ਹ, 5 ਸਤੰਬਰ, ਪੰਜਾਬੀ ਦੁਨੀਆ ਬਿਊਰੋ :

ਸਿੱਖ ਕਿਸਾਨ ਆਗੂ ਅਤੇ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਰਾਹੀਂ ਜੋ ਨਵਾਂ ਸੇਵਾ ਰੂਲ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਨੂੰ ਬਹੁਤ ਹੀ ਕੋਝਾ ਅਤੇ ਨਿੰਦਣਯੋਗ ਹੁਕਮ ਦੱਸਿਆ ਹੈ।

ਬਡਹੇੜੀ ਨੇ ਆਖਿਆ ਕਿ ਚੰਡੀਗੜ੍ਹ ‘ਤੇ ਕੇਵਲ ਪੰਜਾਬ ਦਾ ਹੱਕ ਹੈ। ਇਸ ਲਈ ਸਾਰੇ ਕਾਨੂੰਨ ਅਤੇ ਨਿਯਮ ਪੰਜਾਬ ਰਾਜ ਵਾਲ਼ੇ ਹੀ ਲਾਗੂ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਕਿ ਸਾਡੀਆਂ ਜ਼ਮੀਨਾਂ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਗ੍ਰਹਿਣ ਕੀਤੀਆਂ ਗਈਆਂ ਸਨ ਅਤੇ ਸਾਡੇ ਜੋ ਪਿੰਡ ਉਜਾੜੇ ਗਏ ਸਨ, ਸਾਰੇ ਪੰਜਾਬੀ ਬੋਲਣ ਵਾਲ਼ੇ ਸਨ। ਇਹ ਇਲਾਕਾ ਪੰਜਾਬ ਦੇ ਜ਼ਿਲ੍ਹਾ ਅੰਬਾਲਾ, ਤਹਿਸੀਲ ਰੋਪੜ ਅਤੇ ਸਬ ਤਹਿਸੀਲ ਖਰੜ ਦਾ ਹਿੱਸਾ ਸਨ।

ਬਡਹੇੜੀ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਸਾਰੀਆਂ ਧਿਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਵਾਉਣ ਲਈ ਜੱਦੋ ਜਹਿਦ ਸ਼ੁਰੂ ਕਰਨ। ਅਸੀਂ ਜੋ ਚੰਡੀਗੜ੍ਹ ਦੇ ਪਿੰਡਾਂ ਦੇ ਵਸਨੀਕ ਹਾਂ ਪੂਰਾ ਸਹਿਯੋਗ ਦੇਣ ਲਈ ਤਿਆਰ ਹਾਂ, ਕਿਉਂ ਕਿ ਸਾਡੇ ਨਾਲ਼ 1966 ਵਿੱਚ ਬਹੁਤ ਵੱਡਾ ਧੱਕਾ ਕੀਤਾ ਗਿਆ ਹੈ। ਸਾਡੇ ਬਜ਼ੁਰਗਾਂ ਨੇ ਪੰਜਾਬੀ ਸੂਬਾ ਅੰਦੋਲਨ ਵਿੱਚ ਵੀ ਹਿੱਸਾ ਲਿਆ ਸੀ। ਇਥੋਂ ਤੱਕ ਕਿ ਮੇਰੇ ਪਿਤਾ ਸਵਰਗੀ ਜਥੇਦਾਰ ਅਜਾਇਬ ਸਿੰਘ ਬਡਹੇੜੀ ਨੇ ਆਪਣੇ ਸਾਥੀਆਂ ਸਮੇਤ ਮੋਰਚੇ ਵਿੱਚ ਅਗਵਾਈ ਕੀਤੀ ਸੀ ਅਤੇ ਅੰਬਾਲਾ ਜ਼ਿਲ੍ਹਾ ਜੇਲ੍ਹ ਵਿੱਚ 6 ਮਹੀਨੇ ਨਜ਼ਰਬੰਦ ਰਹੇ ਸਨ।

ਉਹਨਾਂ ਅੱਗੇ ਕਿਹਾ ਕਿ ਭਾਵੇਂਕਿ ਪੰਜਾਬੀ ਸੂਬਾ ਬਣ ਗਿਆ ਪਰ ਸਾਨੂੰ ਪੰਜਾਬ ਤੋਂ ਹੀ ਬਾਹਰ ਕੱਢ ਦਿੱਤਾ ਗਿਆ। ਅਸੀਂ ਕਦੇ ਵੀ ਕੇਂਦਰੀ ਸਾਸ਼ਤ ਪ੍ਰਦੇਸ਼ ਜਾਂ ਕੇਂਦਰ ਦਾ ਹਿੱਸਾ ਬਣਨ ਦੀ ਇੱਛਾ ਨਹੀਂ ਜ਼ਾਹਰ ਕੀਤੀ ਅਤੇ ਹਮੇਸ਼ਾ ਪੰਜਾਬ ਦਾ ਹਿੱਸਾ ਬਣਨਾ ਹੀ ਲੋਚਿਆ ਹੈ।

Leave a Reply

Your email address will not be published. Required fields are marked *