Breaking News
Smart Media Dashmesh Mohali Walk Smart Media Insurance Point Hardev Singh Ubha

ਅੰਡਰ-19 ਪੁਰਸ਼ ਵਿਸ਼ਵ ਕੱਪ: ਭਾਰਤ ਦੀ ਪਾਕਿਸਤਾਨ ਵਿਰੁੱਧ 58 ਦੌੜਾਂ ਨਾਲ ਸ਼ਾਨਦਾਰ ਜਿੱਤ, ਸੈਮੀਫਾਈਨਲ ‘ਚ ਦਾਖ਼ਲ

ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ 4 ਫਰਵਰੀ ਨੂੰ

ਭਾਰਤ ਨੇ ਆਪਣੇ ਗਰੁੱਪ ਵਿਚ ਪੰਜ ਦੇ ਪੰਜ ਮੈਚ ਜਿੱਤੇ

ਬੁਲਾਵਾਯੋ (ਜ਼ਿੰਬਾਬਵੇ), 1 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਅੱਜ ਕਵੀਨਜ਼ ਸਪੋਰਟਸ ਕਲੱਬ, ਬੁਲਾਵਾਯੋ ਵਿਖੇ ਪੁਰਸ਼ ਅੰਡਰ-19 ਵਿਸ਼ਵ ਕੱਪ 2026 ਦੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਖੇਡੇ ਗਏ ਇਕ ਅਹਿਮ ਮੈਚ ਵਿੱਚ ਭਾਰਤੀ ਟੀਮ ਨੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਪਾਕਿਸਤਾਨ ਨੂੰ 58 ਦੌੜਾਂ ਨਾਲ ਹਰਾਕੇ ਸੈਮੀਫਾਈਨਲ ਲਈ ਸ਼ਾਨਦਾਰ ਤਰੀਕੇ ਨਾਲ ਕੁਆਲੀਫਾਈ ਕਰ ਲਿਆ, ਜਦ ਕਿ ਪਾਕਿਸਤਾਨ ਟੂਰਨਾਮੈਂਟ ਚੋਂ ਬਾਹਰ ਹੋ ਗਿਆ ਹੈ।

ਇਹ ਮੁਕਾਬਲਾ ਸੁਪਰ-6 ਗਰੁੱਪ ਦਾ ਆਖਰੀ ਮੈਚ ਸੀ, ਜਿਸ ਵਿੱਚ ਭਾਰਤ ਨੇ ਹਰ ਪੱਖੋਂ ਬਿਹਤਰੀਨ ਪ੍ਰਦਰਸ਼ਨ ਕੀਤਾ। ਇਸ ਸ਼ਾਨਦਾਰ ਜਿੱਤ ਨਾਲ ਭਾਰਤ ਨੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਜਿੱਥੇ 4 ਫਰਵਰੀ ਨੂੰ ਹਰਾਰੇ ਵਿਖੇ ਉਸਦਾ ਮੁਕਾਬਲਾ ਅਫਗਾਨਿਸਤਾਨ ਨਾਲ ਹੋਵੇਗਾ। ਭਾਰਤੀ ਟੀਮ ਦਾ ਮੌਜੂਦਾ ਫਾਰਮ ਦੇਖਦਿਆਂ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਟੀਮ ਫਾਈਨਲ ਤੱਕ ਦਾ ਸਫ਼ਰ ਵੀ ਸਫਲਤਾਪੂਰਵਕ ਤੈਅ ਕਰੇਗੀ।

ਬਿਹਤਰ ਪ੍ਰਦਰਸ਼ਨ ਲਈ ਕਨਿਸ਼ਕ ਚੌਹਾਨ ਨੂੰ ਪਲੇਅਰ ਆਫ ਦੀ ਮੈਚ ਚੁਣਿਆ ਗਿਆ। ਇਸ ਜਿੱਤ ਨਾਲ ਭਾਰਤ ਨੇ ਆਪਣੇ ਗਰੁੱਪ ਵਿੱਚ ਪੰਜ ਦੇ ਪੰਜ ਮੈਚ ਜਿੱਤ ਕੇ ਅਜੇਤੂ ਰਹਿਣ ਦਾ ਰਿਕਾਰਡ ਵੀ ਕਾਇਮ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਨਿਰਧਾਰਿਤ 50 ਓਵਰਾਂ ਵਿੱਚ 252 ਦੌੜਾਂ ਬਣਾਈਆਂ। ਟੀਮ ਦੀ ਸ਼ੁਰੂਆਤ ਕੁਝ ਸੰਭਲੀ ਰਹੀ, ਪਰ ਮੱਧਕਾਲੀ ਬੱਲੇਬਾਜ਼ਾਂ ਨੇ ਜ਼ਿੰਮੇਵਾਰੀ ਨਾਲ ਖੇਡਦਿਆਂ ਸਕੋਰ ਨੂੰ ਮਜ਼ਬੂਤ ਬਣਾਇਆ।

ਵੇਦਾਂਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 68 ਦੌੜਾਂ ਬਣਾਈਆਂ ਅਤੇ ਟੀਮ ਨੂੰ ਮਜ਼ਬੂਤ ਆਧਾਰ ਦਿੱਤਾ। ਉਸਦਾ ਸਾਥ ਕਨਿਸ਼ਕ ਨੇ 35, ਸੂਰਿਆਵਾਂਸੀ ਨੇ 30 ਅਤੇ ਅੰਬਰੀਸ਼ ਨੇ 29 ਦੌੜਾਂ ਨਾਲ ਬਾਖੂਬੀ ਨਿਭਾਇਆ। ਅਖੀਰਲੇ ਓਵਰਾਂ ਵਿੱਚ ਭਾਰਤੀ ਬੱਲੇਬਾਜ਼ਾਂ ਨੇ ਤੇਜ਼ੀ ਨਾਲ ਦੌੜਾਂ ਜੋੜ ਕੇ ਪਾਕਿਸਤਾਨ ਲਈ 253 ਦੌੜਾਂ ਦਾ ਮੁਸ਼ਕਿਲ ਟੀਚਾ ਖੜਾ ਕੀਤਾ।

ਭਾਰਤ ਵਲੋਂ ਮਿੱਥੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨੀ ਟੀਮ ਭਾਰਤੀ ਗੇਂਦਬਾਜ਼ੀ ਅੱਗੇ ਟਿਕ ਨਾ ਸਕੀ ਅਤੇ 46.2 ਓਵਰਾਂ ਵਿੱਚ ਸਿਰਫ਼ 194 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਵੱਲੋਂ ਕਪਤਾਨ ਆਊਸ਼ ਮਾਤਰੇ ਅਤੇ ਖਿਲਨ ਪਟੇਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਬਿਹਾਨ ਅਤੇ ਅੰਬਰੀਸ਼ ਨੇ ਇੱਕ-ਇੱਕ ਮਹੱਤਵਪੂਰਨ ਵਿਕਟ ਲੈ ਕੇ ਪਾਕਿਸਤਾਨ ਦੀ ਪਾਰੀ ਨੂੰ ਸਮੇਟਣ ਵਿੱਚ ਯੋਗਦਾਨ ਪਾਇਆ।

Leave a Reply

Your email address will not be published. Required fields are marked *