
ਨਵੀਂ ਦਿੱਲੀ, 1 ਫਰਵਰੀ, ਪੰਜਾਬੀ ਦੁਨੀਆ ਬਿਊਰੋ:
ਨਵੀਂ ਦਿੱਲੀ: ਹਾਰਦਿਕ ਪਾਂਡਯਾ ਅਤੇ ਸ਼ਿਵਮ ਦੂਬੇ ਦੇ ਅਰਧ ਸੈਂਕੜੇ ਤੋਂ ਬਾਅਦ ਗੇਂਦਬਾਜ਼ਾਂ ਦੇ ਆਲ ਰਾਊਂਡਰ ਯਤਨਾਂ ਸਦਕਾ ਭਾਰਤ ਨੇ ਸ਼ੁੱਕਰਵਾਰ ਨੂੰ ਪੁਣੇ ਵਿੱਚ ਚੌਥੇ ਟੀ-20 ਮੈਚ ਵਿੱਚ ਇੰਗਲੈਂਡ ਨੂੰ 15 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 3-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ।
ਰੋਮਾਂਚਕ ਟੀ-20 ਮੁਕਾਬਲੇ ਵਿੱਚ ਭਾਰਤ ਦੇ ਹਰਸ਼ਿਤ ਰਾਣਾ ਨੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ 33 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕਰਦਿਆਂ ਭਾਰਤ ਨੂੰ ਸੀਰੀਜ਼ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ।
ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ 12 ਦੌੜਾਂ ‘ਤੇ ਬੱਲੇਬਾਜ ਆਊਟ ਹੋ ਗਏ। 8ਵੇਂ ਓਵਰ ਤੱਕ ਭਾਰਤ ਦੀਆਂ ਚਾਰ ਵਿਕਟਾਂ ਡਿੱਗ ਚੁੱਕੀਆਂ ਸਨ। ਬਾਅਦ ਵਿਚ ਹਾਰਦਿਕ ਅਤੇ ਸ਼ਿਵਮ ਦੂਬੇ ਨੇ 6ਵੀਂ ਵਿਕਟ ਲਈ 87 ਦੌੜਾਂ ਦੀ ਅਹਿਮ ਸਾਂਝੇਦਾਰੀ ਕਰਨ ਤੋਂ ਪਹਿਲਾਂ ਭਾਰਤੀ ਟੀਮ 5 ਵਿਕਟਾਂ ‘ਤੇ 79 ਦੌੜਾਂ ‘ਤੇ ਸੰਘਰਸ਼ ਕਰਦੀ ਨਜ਼ਰ ਆਈ। ਦੋਵਾਂ ਨੇ ਅਰਧ ਸੈਂਕੜੇ ਬਣਾਉਂਦਿਆਂ ਟੀਮ ਨੂੰ 9 ਵਿਕਟਾਂ ‘ਤੇ 181 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ।
ਭਾਰਤੀ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੇ ਸਲਾਮੀ ਬੱਲੇਬਾਜਾਂ ਫਿਲ ਸਾਲਟ ਤੇ ਬੇਨ ਡਾਕੇਟ ਨੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ ਪਾਵਰ-ਪਲੇਅ ਵਿੱਚ 62 ਦੌੜਾਂ ਬਣਾ ਲਈਆਂ। ਉਪਰੰਤ ਭਾਰਤੀ ਗੇਂਦਬਾਜ਼ਾਂ ਨੇ ਵਾਪਸੀ ਕਰਦਿਆਂ 67 ਦੌੜਾਂ ‘ਤੇ 3 ਵਿਕਟਾਂ ਝਟਕਾ ਦਿੱਤੀਆਂ। ਸਿਰਫ ਹੈਰੀ ਬਰੂਕ ਹੀ ਅਰਧ ਸੈਂਕੜਾ ਬਣਾ ਸਕੇ। ਇਸ ਤਰ੍ਹਾਂ ਪੂਰੀ ਇੰਗਲੈਂਡ ਟੀਮ 19.4 ਓਵਰਾਂ ਵਿੱਚ 166 ‘ਤੇ ਆਊਟ ਹੋ ਗਈ।
ਭਾਰਤ ਵਲੋਂ ਸਪਿਨਰ ਰਵੀ ਬਿਸ਼ਨੋਈ ਨੇ 3, ਹਰਸ਼ਿਤ ਰਾਣਾ 3, ਵਰੁਣ ਚੱਕਰਵਰਤੀ ਨੇ 2 ਜਦਕਿ ਅਰਸ਼ਦੀਪ ਸਿੰਘ ਤੇ ਅਕਸ਼ਰ ਪਟੇਲ ਨੇ 1-1 ਵਿਕਟ ਹਾਸਲ ਕੀਤੀ। ਮੈਨ ਆਫ ਦੀ ਮੈਚ ਸ਼ਿਵਮ ਦੂਬੇ ਨੂੰ ਚੁਣਿਆ ਗਿਆ।