Breaking News
Smart Media Dashmesh Mohali Walk Smart Media Insurance Point Hardev Singh Ubha

ਗਮਾਡਾ ਦੇ ਸਤਾਏ ਮਦਨਪੁਰ ਹਾਊਸਿੰਗ ਸੁਸਾਇਟੀ ਦੇ ਸੈਂਕੜੇ ਦੰਗਾ ਪੀੜ੍ਹਤ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ

ਕਿਹਾ, ਜੇਕਰ ਇਕ ਮਹੀਨੇ ਵਿਚ ਮੰਗਾਂ ਨਾ ਮੰਨੀਆਂ ਤਾਂ ਵੱਡੇ ਸੰਘਰਸ਼ ਤਹਿਤ ਗਮਾਡਾ ਦਫ਼ਤਰ ਦਾ ਕਰਾਂਗੇ ਘਿਰਾਓ

ਸੀਐਮਓ ਦਫ਼ਤਰ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੇ ਨੇ ਗਮਾਡਾ ਅਧਿਕਾਰੀ : ਸੁਸਾਇਟੀ ਮੈਂਬਰ

ਮੋਹਾਲੀ, 17 ਸਤੰਬਰ, ਪੰਜਾਬੀ ਦੁਨੀਆ ਬਿਊਰੋ : 

ਬੀਤੇ 40 ਸਾਲਾਂ ਤੋਂ ਉਜਾੜੇ ਦਾ ਸੰਤਾਪ ਭੋਗ ਰਹੇ ’84 ਦੰਗਾ ਪੀੜ੍ਹਤ ਸੈਂਕੜੇ ਪਰਿਵਾਰ ਆਪਣੇ ਬਿਹਤਰ ਭਵਿੱਖ ਲਈ ਮੋਹਾਲੀ ਵੱਲ ਮੂੰਹ ਕੀਤਾ ਸੀ। ਵੱਖ-ਵੱਖ ਸਰਕਾਰਾਂ ਵੱਲੋਂ ਇਹਨਾਂ ਦੇ ਮੁੜ ਵਸੇਬੇ ਨੂੰ ਅਣਗੌਲਿਆਂ ਕਰਨ ਦੇ ਬਾਵਜੂਦ ਇਹਨਾਂ ਦੰਗਾ ਪੀੜ੍ਹਤ ਪਰਿਵਾਰਾਂ ਵੱਲੋਂ ਆਪਣੇ ਪੱਲਿਓਂ ਪੈਸੇ ਖਰਚ ਕੇ ਰਿਹਾਇਸ਼ੀ ਮਕਾਨ ਬਣਾਉਣ ਲਈ ਚੱਪੜਚਿੜੀ ਖੁਰਦ ਅਤੇ ਚੱਪੜਚਿੜੀ ਕਲਾਂ ਵਿਖੇ 22 ਏਕੜ ਦੇ ਕਰੀਬ ਜ਼ਮੀਨ ਖਰੀਦੀ ਸੀ। ਪਰ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਅੱਜ ਵੀ ਇਹ ਦੰਗਾ ਪੀੜ੍ਹਤ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਅਜਿਹਾ ਹੀ ਇਕ ਮਾਮਲਾ ਮਦਨਪੁਰ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸੈਂਕੜੇ ਦੰਗਾ ਪੀੜ੍ਹਤ ਪਰਿਵਾਰਾਂ ਦਾ ਸਾਹਮਣੇ ਆਇਆ ਹੈ। 

ਅੱਜ ਇਥੇ ਇਕ ਨਿੱਜੀ ਹੋਟਲ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਸੁਸਾਇਟੀ ਦੇ ਬੁਲਾਰੇ ਜਸਪਾਲ ਸਿੰਘ ਭਾਟੀਆ ਅਤੇ ਮੈਂਬਰ ਆਰ.ਪੀ. ਸਿੰਘ ਵਿਗ ਨੇ ਦੱਸਿਆ ਕਿ ਮਦਨਪੁਰ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਕੁੱਲ 1083 ਮੈਂਬਰ ਹਨ ਅਤੇ ਇਹ ਪੰਜਾਬ ਕੋਆਪਰੇਟਿਵ ਐਕਟ ਅਧੀਨ ਰਜਿਸਟਰਡ ਹੈ। ਉਹਨਾਂ ਦੱਸਿਆ ਕਿ 1986 ਤੋਂ 2020 ਤੱਕ ਵੱਖ-ਵੱਖ ਸਰਕਾਰਾਂ ਅਤੇ ਅਧਿਕਾਰੀਆਂ ਨੇ ਸੁਸਾਇਟੀ ਮੈਂਬਰਾਂ ਵੱਲੋਂ ਖਰੀਦੀ ਜ਼ਮੀਨ ਨੂੰ ਵਿਕਸਿਤ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਅਤੇ ਨਾ ਹੀ ਸਹਿਕਾਰਤਾ ਵਿਭਾਗ ਨੇ ਸੁਸਾਇਟੀ ਦੇ ਰਿਹਾਇਸ਼ੀ ਪ੍ਰੋਜੈਕਟ ਨੂੰ ਵਿਕਸਤ ਕਰਨ ਜਾਂ ਹੋਰ ਲੋੜੀਂਦੀ ਸਹਾਇਤਾ ਕਰਨ ਦੀ ਜ਼ਰੂਰਤ ਸਮਝੀ। ਜਦਕਿ ਸਮੇਂ ਸਮੇਂ ਉਤੇ ਗਮਾਡਾ ਅਧਿਕਾਰੀਆਂ ਅਤੇ ਸਹਿਕਾਰਤਾ ਵਿਭਾਗ ਵੱਲੋਂ ਸਾਡੇ ਕੰਮ-ਕਾਜ ਵਿੱਚ ਬੇਲੋੜੀਆਂ ਰੁਕਾਵਟਾਂ ਹੀ ਪਾਈਆਂ ਗਈਆਂ। ਉਹਨਾਂ ਕਿਹਾ ਕਿ ਗਮਾਡਾ ਅਧਿਕਾਰੀਆਂ ਦੇ ਕਥਿਤ ਤੌਰ ਤੇ ਡੰਗ-ਟਪਾਊ ਰਵੱਈਏ ਦੀਆਂ ਖਬਰਾਂ ਨਿੱਤ ਦਿਨ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਰਹਿੰਦੀਆਂ ਹਨ। ਅਜਿਹੀ ਹੀ ਪ੍ਰੇਸ਼ਾਨੀ ਦਾ ਸਾਹਮਣਾ ਲੰਮੇ ਸਮੇਂ ਤੋਂ ਮਦਨਪੁਰ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਮੂਹ ਮੈਂਬਰ ਕਰਦੇ ਆ ਰਹੇ ਹਨ। 

ਉਹਨਾਂ ਅੱਗੇ ਦਸਿਆ ਕਿ ਮੌਜੂਦਾ ਸੁਸਾਇਟੀ ਪ੍ਰਬੰਧਕ ਗਮਾਡਾ ਤੋਂ ਸੀ.ਐਲ.ਯੂ. ਪ੍ਰਾਪਤ ਕਰਨ ਲਈ ਜੁਲਾਈ 2022 ਵਿੱਚ ਅਰਜ਼ੀ ਦਿੱਤੀ ਗਈ ਪਰ ਗਮਾਡਾ ਅਧਿਕਾਰੀਆਂ ਵੱਲੋਂ ਇੱਕ ਤੋਂ ਬਾਅਦ ਇਕ ਇਤਰਾਜ਼ ਲਾ ਕੇ ਸੀ.ਐਲ.ਯੂ. ਦੇਣ ਵਿਚ ਆਨਾਕਾਨੀ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਦੱਸਿਆ ਕਿ ਰਾਜ ਸਭਾ ਦੇ ਸੰਸਦ ਵਿਕਰਮਜੀਤ ਸਿੰਘ ਸਾਹਨੀ ਨੇ ਮਿਤੀ 24 ਨਵੰਬਰ 2023 ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਮਦਨਪੁਰ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੀ 22 ਏਕੜ ਜ਼ਮੀਨ ਗਰੀਨ ਜੋਨ ਤੋਂ ਰਿਹਾਇਸ਼ੀ ਜ਼ੋਨ ਵਿਚ ਤਬਦੀਲ ਕਰਨ ਲਈ ਚਿੱਠੀ ਲਿਖੀ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਸ ਤੋਂ ਸਾਫ ਜ਼ਾਹਿਰ ਹੈ ਕਿ ਸੀਐਮਓ ਦਫ਼ਤਰ ਦੇ ਹੁਕਮਾਂ ਨੂੰ ਵੀ ਗਮਾਡਾ ਅਧਿਕਾਰੀ ਟਿੱਚ ਜਾਣਦੇ ਹਨ। ਉਹਨਾਂ ਦੱਸਿਆ ਕਿ ਸੁਸਾਇਟੀ ਦੇ ਕੁੱਲ 1083 ਮੈਂਬਰਾਂ ਵਿਚੋਂ ਕਰੀਬ 483 ਮੈਂਬਰ ਰੱਬ ਨੂੰ ਪਿਆਰੇ ਹੋ ਚੁੱਕੇ ਹਨ ਪਰ ਸਾਡੀ ਫਰਿਆਦ ਕੋਈ ਨਹੀਂ ਸੁਣ ਰਿਹਾ। ਇਸ ਤਰ੍ਹਾਂ ਸੁਸਾਇਟੀ ਮੈਂਬਰਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ। 

ਉਹਨਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਦੰਗਾ ਪੀੜ੍ਹਤ ਸੁਸਾਇਟੀ ਦੇ 1083 ਮੈਂਬਰਾਂ ਦੀ ਤੁਰੰਤ ਮੱਦਦ ਕੀਤੀ ਜਾਵੇ ਤਾਂ ਜੋ ਉਹ ਵੀ ਹੋਰ ਲੋਕਾਂ ਵਾਂਗ ਆਪਣੀ ਬਿਹਤਰ ਜ਼ਿੰਦਗੀ ਜੀਅ ਸਕਣ। ਸਮੂਹ ਹਾਜ਼ਰ ਮੈਂਬਰਾਂ ਨੇ ਸਰਕਾਰ ਅਤੇ ਗਮਾਡਾ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਕ ਮਹੀਨੇ ਵਿਚ ਉਹਨਾਂ ਦੀਆਂ ਭੱਖਵੀਆਂ ਮੰਗਾਂ ਨੂੰ ਸਵੀਕਾਰ ਨਾ ਕੀਤਾ ਤਾਂ ਸਮੂਹ ਸੁਸਾਇਟੀ ਮੈਂਬਰ ਗਮਾਡਾ ਦਫ਼ਤਰ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਣਗੇ, ਜਿਸਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਗਮਾਡਾ ਪ੍ਰਸ਼ਾਸਨ ਦੀ ਹੋਵੇਗੀ।

ਇਸ ਮੌਕੇ ਉਪਰੋਕਤ ਤੋਂ ਇਲਾਵਾ ਜਸਬੀਰ ਸਿੰਘ ਕਲਸੀ ਪ੍ਰਧਾਨ, ਸ੍ਰੀਮਤੀ ਵਰਜਿੰਦਰ ਕੌਰ ਮੀਤ ਪ੍ਰਧਾਨ, ਗੁਰਦੀਪ ਸਿੰਘ ਜਨਰਲ ਸਕੱਤਰ, ਆਰ ਐਸ ਚੰਡੋਕ ਖਜਾਨਚੀ, ਸ੍ਰੀਮਤੀ ਆਸ਼ਾ ਜੋਸ਼ੀ, ਇਕਬਾਲ ਸਿੰਘ ਓਬਰਾਏ ਸਾਰੇ ਕਾਰਜਕਾਰਨੀ ਮੈਂਬਰ, ਕਰਨਲ ਜਗਜੀਤ ਸਿੰਘ ਤੋਂ ਇਲਾਵਾ ਸੁਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ। 

Leave a Reply

Your email address will not be published. Required fields are marked *