
‘ਆਪ’ ਪੰਜਾਬ ਵਿੱਚ 100 ਤੋਂ ਵੱਧ ਸੀਟਾਂ ਜਿੱਤ ਕੇ ਮੁੜ ਸਰਕਾਰ ਬਣਾਏਗੀ: ਕੁਲਵੰਤ ਸਿੰਘ
ਕਿਹਾ, ਹਾਈ ਕਮਾਂਡ ਨੇ ਦੀਵਾਲੀ ਤੋਂ ਪਹਿਲਾਂ ਦਿੱਤਾ ਸ਼ਾਨਦਾਰ ਤੋਹਫ਼ਾ
ਮੋਹਾਲੀ, 31 ਅਕਤੂਬਰ, ਮਨਜੀਤ ਸਿੰਘ ਚਾਨਾ :
ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਦੂਜੀ ਵਾਰ ਚੋਣ ਲੜਨ ਲਈ ਟਿਕਟ ਦਿੱਤੇ ਜਾਣ ’ਤੇ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੋਹਾਲੀ ਹਲਕੇ ਤੋਂ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਕੇ ਇਹ ਸੀਟ ਮੁੜ ਪਾਰਟੀ ਦੀ ਝੋਲੀ ਪਾਈ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ 100 ਤੋਂ ਵੱਧ ਸੀਟਾਂ ਜਿੱਤ ਕੇ ਮੁੜ ਸਰਕਾਰ ਬਣਾਏਗੀ।
ਟਿਕਟ ਦੇ ਐਲਾਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਉਨ੍ਹਾਂ ਨੂੰ ਦੂਜੀ ਵਾਰ ਟਿਕਟ ਦੇ ਕੇ ਉਨ੍ਹਾਂ ਵਿੱਚ ਭਰੋਸਾ ਪ੍ਰਗਟਾਇਆ ਹੈ। ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਮਿਲਿਆ ਇਹ ਤੋਹਫ਼ਾ ਉਨ੍ਹਾਂ ਲਈ ਬੇਹੱਦ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪਹਿਲੀ ਸੂਚੀ ਵਿੱਚ ਹੀ ਉਨ੍ਹਾਂ ਦਾ ਨਾਂ ਸ਼ਾਮਲ ਹੋਣਾ ਪਾਰਟੀ ਵੱਲੋਂ ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਪ੍ਰਗਟਾਏ ਭਰੋਸੇ ਦਾ ਪ੍ਰਤੀਕ ਹੈ।
ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਸਬੰਧੀ ਉਨ੍ਹਾਂ ਕਿਹਾ ਕਿ ਲੋਕਾਂ ਦਾ ਕੰਮ ਕਿਆਸਅਰਾਈਆਂ ਲਾਉਣਾ ਅਤੇ ਵਿਰੋਧੀਆਂ ਦਾ ਕੰਮ ਗ਼ਲਤ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ, ਪਰ ਉਹ ਅਜਿਹੀਆਂ ਗੱਲਾਂ ਵੱਲ ਧਿਆਨ ਦੇਣ ਦੀ ਬਜਾਏ ਲੋਕਾਂ ਦੇ ਕੰਮ ਸਮੇਂ ਸਿਰ ਕਰਵਾਉਣ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਗਈਆਂ ਗਾਰੰਟੀਆਂ ਪੂਰੀਆਂ ਕੀਤੀਆਂ ਗਈਆਂ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਲੋਕ ਪੱਖੀ ਯੋਜਨਾਵਾਂ ਨੂੰ ਅਮਲੀ ਰੂਪ ਦੇ ਰਹੀ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਪਾਰਟੀ ਦੀ ਟਿਕਟ ਮਿਲੀ ਸੀ ਤਾਂ ਸੈਕਟਰ-79 ਸਥਿਤ ਉਨ੍ਹਾਂ ਦੇ ਦਫ਼ਤਰ ਵਿਖੇ ਲੋਕ ਆਪਮੁਹਾਰੇ ਵੱਡੀ ਗਿਣਤੀ ਵਿੱਚ ਵਧਾਈ ਦੇਣ ਪਹੁੰਚੇ ਸਨ। ਉਸ ਸਮੇਂ ਪਿੰਡਾਂ ਅਤੇ ਸ਼ਹਿਰ ਦੇ ਵਸਨੀਕਾਂ ਨੇ ਖ਼ੁਦ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲੀ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਲੋਕਾਂ ਵਿੱਚ ਉਹੀ ਉਤਸ਼ਾਹ ਅਤੇ ਜੋਸ਼ ਕਾਇਮ ਹੈ।
ਮੋਹਾਲੀ ਦੇ ਭਵਿੱਖ ਬਾਰੇ ਉਨ੍ਹਾਂ ਕਿਹਾ ਕਿ ਸ਼ਹਿਰ ਆਉਣ ਵਾਲੇ ਸਮੇਂ ਵਿੱਚ ਵੱਡੇ ਬਿਜ਼ਨਸ ਹੱਬ ਵਜੋਂ ਵਿਕਸਤ ਹੋਵੇਗਾ। ਯੋਜਨਾਬੱਧ ਸ਼ਹਿਰ ਅਤੇ ਅਮਨ-ਕਾਨੂੰਨ ਦੀ ਬਿਹਤਰ ਸਥਿਤੀ ਕਾਰਨ ਨਿਵੇਸ਼ਕਾਂ ਦੀ ਪਸੰਦ ਬਣ ਰਿਹਾ ਹੈ।
ਮੋਹਾਲੀ ਦੀ ਕੂੜੇ ਦੀ ਸਮੱਸਿਆ ਬਾਰੇ ਵਿਧਾਇਕ ਨੇ ਦੱਸਿਆ ਕਿ ਇਸ ਦੇ ਸਥਾਈ ਹੱਲ ਲਈ 80 ਤੋਂ 85 ਕਰੋੜ ਰੁਪਏ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ ਅਤੇ ਕਰੀਬ 70 ਕਰੋੜ ਰੁਪਏ ਦੇ ਟੈਂਡਰ ਖੁੱਲ੍ਹ ਚੁੱਕੇ ਹਨ। ਉਨ੍ਹਾਂ ਉਮੀਦ ਜਤਾਈ ਕਿ ਅਗਲੇ ਇੱਕ ਤੋਂ ਦੋ ਮਹੀਨਿਆਂ ਵਿੱਚ ਇਸ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿੱਚ ਵਰਕਰ, ਸਮਰਥਕ ਅਤੇ ਅਹੁਦੇਦਾਰ ਮੌਜੂਦ ਸਨ।