Breaking News
Smart Media Dashmesh Insurance Point

ਸਿੱਖਿਆ ਬੋਰਡ ਵੱਲੋਂ ਸਰਟੀਫਿਕੇਟ ਸੋਧ ਦੀ ਸਹੂਲਤ ਕੀਤੀ ਹੁਣ ਆਨਲਾਈਨ

45 ਦਿਨਾਂ ਦੀ ਪ੍ਰਕਿਰਿਆ 21 ਦਿਨਾਂ ਵਿੱਚ ਮੁਕੰਮਲ ਕਰਨ ਦਾ ਟੀਚਾ;

ਨਾਮ, ਜਨਮ ਮਿਤੀ ਸਮੇਤ ਹੋਰ ਵੇਰਵਿਆਂ ਦੀ ਘਰ ਬੈਠੇ ਹੋਵੇਗੀ ਸੋਧ

ਐਸ.ਏ.ਐਸ. ਨਗਰ, 1 ਅਕਤੂਬਰ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਸਰਟੀਫਿਕੇਟਾਂ ਵਿੱਚ ਦਰਜ ਵੇਰਵਿਆਂ ਦੀ ਸੋਧ ਕਰਵਾਉਣ ਲਈ ਆਨਲਾਈਨ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਸਹੂਲਤ ਤਹਿਤ ਹੁਣ ਬਿਨੈਕਾਰ ਘਰ ਬੈਠੇ ਹੀ ਸਰਟੀਫਿਕੇਟ ਵਿੱਚ ਨਾਮ, ਪਿਤਾ ਜਾਂ ਮਾਤਾ ਦਾ ਨਾਮ, ਜਨਮ ਮਿਤੀ ਅਤੇ ਹੋਰ ਵੇਰਵਿਆਂ ਵਿੱਚ ਸੋਧ ਲਈ ਅਰਜ਼ੀ ਦੇ ਸਕਣਗੇ। ਬੋਰਡ ਦਾ ਦਾਅਵਾ ਹੈ ਕਿ ਇਸ ਨਾਲ ਬਿਨੈਕਾਰਾਂ ਨੂੰ ਦਫ਼ਤਰਾਂ ਦੇ ਵਾਰ-ਵਾਰ ਚੱਕਰ ਲਗਾਉਣ ਤੋਂ ਰਾਹਤ ਮਿਲੇਗੀ।

ਪਹਿਲਾਂ ਸਰਟੀਫਿਕੇਟ ਵਿੱਚ ਸੋਧ ਲਈ ਬਿਨੈਕਾਰਾਂ ਨੂੰ ਲੋੜੀਂਦੇ ਦਸਤਾਵੇਜ਼ਾਂ ਦੀ ਤਸਦੀਕ ਅਤੇ ਕੇਸ ਜਮ੍ਹਾਂ ਕਰਵਾਉਣ ਲਈ ਬੋਰਡ ਦੇ ਖੇਤਰੀ ਜਾਂ ਮੁੱਖ ਦਫ਼ਤਰ ਵਿੱਚ ਨਿੱਜੀ ਤੌਰ ’ਤੇ ਜਾਣਾ ਪੈਂਦਾ ਸੀ। ਇਸ ਤੋਂ ਇਲਾਵਾ ਕੇਸ ਦੀ ਸਥਿਤੀ ਜਾਣਨ ਲਈ ਵੀ ਦਫ਼ਤਰਾਂ ਦੇ ਚੱਕਰ ਲਾਉਣੇ ਪੈਂਦੇ ਸਨ। ਖਾਸ ਕਰਕੇ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿੰਦੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਕਾਰਨ ਸਮੇਂ ਤੇ ਆਵਾਜਾਈ ਦੇ ਖਰਚੇ ਦਾ ਸਾਹਮਣਾ ਕਰਨਾ ਪੈਂਦਾ ਸੀ।

ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ (ਆਈਏਐੱਸ, ਸੇਵਾਮੁਕਤ) ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸੇਵਾਵਾਂ ਨਿਰਧਾਰਤ ਸਮੇਂ ਅੰਦਰ ਮੁਹੱਈਆ ਕਰਵਾਉਣ ਲਈ ਲਾਗੂ ‘ਜਨਤਕ ਸੇਵਾਵਾਂ ਦੀ ਡਲਿਵਰੀ ਵਿੱਚ ਪੰਜਾਬ ਪਾਰਦਰਸ਼ਤਾ ਅਤੇ ਜਵਾਬਦੇਹੀ ਐਕਟ’ ਤਹਿਤ ਇਹ ਸੇਵਾ ਡਿਜੀਟਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਅਜਿਹੇ ਮਾਮਲਿਆਂ ਦੇ ਨਿਪਟਾਰੇ ਲਈ 45 ਦਿਨਾਂ ਤੱਕ ਦਾ ਸਮਾਂ ਲੱਗ ਸਕਦਾ ਸੀ, ਜਦਕਿ ਹੁਣ ਸੋਧਿਆ ਸਰਟੀਫਿਕੇਟ 21 ਦਿਨਾਂ ਅੰਦਰ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ।

ਬੋਰਡ ਨੇ certificate.pseb.ac.in ’ਤੇ ਨਵਾਂ ਆਨਲਾਈਨ ਪੋਰਟਲ ਸ਼ੁਰੂ ਕੀਤਾ ਹੈ। ਪੋਰਟਲ ’ਤੇ ਸੇਵਾਵਾਂ ਲਈ ਲੋੜੀਂਦੇ ਦਸਤਾਵੇਜ਼ਾਂ, ਸ਼ਰਤਾਂ ਅਤੇ ਅਰਜ਼ੀ ਪ੍ਰਕਿਰਿਆ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਹਨ। ਬਿਨੈਕਾਰ ਦਸਤਾਵੇਜ਼ ਅਪਲੋਡ ਕਰਨ ਦੇ ਨਾਲ ਆਨਲਾਈਨ ਫੀਸ ਵੀ ਜਮ੍ਹਾਂ ਕਰਵਾ ਸਕਣਗੇ ਅਤੇ ਘਰ ਬੈਠੇ ਆਪਣੇ ਕੇਸ ਦੀ ਸਥਿਤੀ ਜਾਣ ਸਕਣਗੇ।

ਬੋਰਡ ਮੁਤਾਬਕ ਆਨਲਾਈਨ ਪ੍ਰਣਾਲੀ ਨਾਲ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਧੇਗੀ ਅਤੇ ਬਿਨੈਕਾਰਾਂ ਨੂੰ ਅਣਅਧਿਕਾਰਤ ਵਿਚੋਲਿਆਂ ਜਾਂ ਏਜੰਟਾਂ ਤੋਂ ਵੀ ਬਚਾਇਆ ਜਾ ਸਕੇਗਾ। ਬੋਰਡ ਨੇ ਲੋਕਾਂ ਨੂੰ ਸਰਟੀਫਿਕੇਟ ਸੋਧ ਜਾਂ ਹੋਰ ਸੇਵਾਵਾਂ ਲਈ ਸਿਰਫ਼ ਅਧਿਕਾਰਤ ਆਨਲਾਈਨ ਪੋਰਟਲ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *