
ਸੈਕਟਰ-88 ਪਾਕੇਟ-ਸੀ ਬੂਥ ਮਾਰਕੀਟ ਵਿੱਚ ਸੀਵਰੇਜ, ਪਾਣੀ, ਸਟਰੀਟ ਲਾਈਟਾਂ ਤੇ ਪਖਾਨੇ ਦੀ ਘਾਟ ਦਾ ਮਾਮਲਾ ਉਠਾਇਆ
ਮੋਹਾਲੀ, 30 ਸਤੰਬਰ, ਪੰਜਾਬੀ ਦੁਨੀਆ ਬਿਊਰੋ:
ਸੈਕਟਰ-88 ਪਾਕੇਟ-ਸੀ ਦੀ ਬੂਥ ਮਾਰਕੀਟ ਦੇ ਦੁਕਾਨਦਾਰਾਂ ਅਤੇ ਛੋਟੇ ਨਿਵੇਸ਼ਕਾਂ ਨੇ ਮਾਰਕੀਟ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਦਾ ਮਾਮਲਾ ਵਾਰਡ ਨੰਬਰ 41 ਦੀ ਨਗਰ ਨਿਗਮ ਕੌਂਸਲਰ ਗੁਰਪ੍ਰੀਤ ਕੌਰ ਉੱਭਾ ਦੇ ਧਿਆਨ ਵਿੱਚ ਲਿਆਂਦਾ ਹੈ। ਦੁਕਾਨਦਾਰਾਂ ਨੇ ਇਸ ਸਬੰਧੀ ਉਨ੍ਹਾਂ ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਸਮੇਂ ਭਾਜਪਾ ਆਗੂ ਹਰਦੇਵ ਸਿੰਘ ਉੱਭਾ ਵੀ ਹਾਜ਼ਰ ਸਨ।
ਦੁਕਾਨਦਾਰਾਂ ਅਨੁਸਾਰ ਮਾਰਕੀਟ ਵਿੱਚ ਪਬਲਿਕ ਟਾਇਲਟ ਨਾ ਹੋਣ ਕਾਰਨ ਦੁਕਾਨਦਾਰਾਂ ਅਤੇ ਗਾਹਕਾਂ, ਖਾਸ ਕਰਕੇ ਮਹਿਲਾਵਾਂ ਤੇ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਪਾਣੀ ਦੀ ਸਪਲਾਈ, ਸਟਰੀਟ ਲਾਈਟਾਂ ਅਤੇ ਸੀਵਰੇਜ ਦੀਆਂ ਸਮੱਸਿਆਵਾਂ ਕਾਰਨ ਮਾਰਕੀਟ ਦਾ ਕੰਮਕਾਜ ਅਤੇ ਸੁਰੱਖਿਆ ਵੀ ਪ੍ਰਭਾਵਿਤ ਹੋ ਰਹੀ ਹੈ।
ਗੁਰਪ੍ਰੀਤ ਕੌਰ ਉੱਭਾ ਨੇ ਕਿਹਾ ਕਿ GMADA ਵੱਲੋਂ ਨਵੇਂ ਸੈਕਟਰ ਵਿਕਸਿਤ ਕਰਨ ਦੇ ਨਾਲ ਪੁਰਾਣੇ ਸੈਕਟਰਾਂ ਦੀਆਂ ਬੁਨਿਆਦੀ ਲੋੜਾਂ ਵੱਲ ਵੀ ਬਰਾਬਰ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੈਕਟਰ-88 ਦੀ ਮਾਰਕੀਟ ਵਿੱਚ ਸੀਵਰੇਜ ਦੀ ਸਮੱਸਿਆ ਗੰਭੀਰ ਹੈ ਅਤੇ ਇਸ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਵੱਲੋਂ ਲੋੜੀਂਦੀ ਕਾਰਵਾਈ ਨਹੀਂ ਕੀਤੀ ਜਾ ਰਹੀ।
ਉਨ੍ਹਾਂ GMADA ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਕਿ ਮਾਰਕੀਟ ਦਾ ਮੌਕਾ ਮੁਆਇਨਾ ਕਰਕੇ ਪਬਲਿਕ ਟਾਇਲਟ, ਪਾਣੀ, ਸਟਰੀਟ ਲਾਈਟਾਂ, ਸੀਵਰੇਜ, ਸਫਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਅਤੇ ਛੋਟੇ ਨਿਵੇਸ਼ਕਾਂ ਦੀਆਂ ਜਾਇਜ਼ ਸਮੱਸਿਆਵਾਂ ਨੂੰ ਸਬੰਧਤ ਵਿਭਾਗਾਂ ਤੱਕ ਪਹੁੰਚਾ ਕੇ ਹੱਲ ਕਰਵਾਉਣ ਲਈ ਯਤਨ ਜਾਰੀ ਰਹਿਣਗੇ।