Breaking News
Smart Media Dashmesh Mohali Walk Smart Media Insurance Point Hardev Singh Ubha

ਮੋਹਾਲੀ ਨਿਗਮ ‘ਤੇ ਕਬਜ਼ਾ ਕਰਨ ਲਈ ਹਰ ਵਾਰਡ ‘ਚ ਕਰੀਬ 300 ਜਾਅਲੀ ਵੋਟਾਂ ਬਣਾ ਰਹੀ ਹੈ ‘ਆਪ’: ਸਿੱਧੂ

ਕਿਹਾ, ਸੂਬਾ ਚੋਣ ਕਮਿਸ਼ਨਰ ਤੁਰੰਤ ਦਖ਼ਲ ਦੇ ਕੇ ਜਾਅਲੀ ਵੋਟਾਂ ਬਣਨੀਆਂ ਬੰਦ ਕਰਵਾਏ

ਐਸ.ਐਸ.ਏ. ਨਗਰ, 10 ਮਈ, ਪੰਜਾਬੀ ਦੁਨੀਆ ਬਿਊਰੋ :

ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਉਤੇ ਮੋਹਾਲੀ ਕਾਰਪੋਰੇਸ਼ਨ ਦੀ ਆਗਾਮੀ ਚੋਣ ਲਈ ਹਰ ਵਾਰਡ ਵਿਚ ਵੱਡੀ ਪੱਧਰ ਉਤੇ ਜਾਅਲੀ ਵੋਟਾਂ ਬਣਾਉਣ ਦਾ ਦੋਸ਼ ਲਾਉਂਦਿਆ ਸੂਬੇ ਦੇ ਚੋਣ ਕਮਿਸ਼ਨਰ ਨੂੰ ਤੁਰੰਤ ਦਖ਼ਲ ਦੇ ਕੇ ਬਣ ਰਹੀਆਂ ਜਾਅਲੀ ਵੋਟਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੋਹਾਲੀ ਕਾਰਪੋਰੇਸ਼ਨ ਉਤੇ ਕਬਜ਼ਾ ਕਰਨ ਲਈ ਹਰ ਵਾਰਡ ਵਿਚ ਕਰੀਬ 300 ਜਾਅਲੀ ਵੋਟਾਂ ਬਣਾ ਰਹੀ ਹੈ। ਉਹਨਾਂ ਦਸਿਆ ਕਿ ਬਾਹਰਲੇ ਵਿਅਕਤੀਆਂ ਦੀਆਂ ਮੋਹਾਲੀ ਸ਼ਹਿਰ ਵਿਚ ਵੋਟਾਂ ਬਣਾਉਣ ਲਈ ਧੜਾਧੜ ਫ਼ਰਜ਼ੀ ਇਕਰਾਰਨਾਮੇ ਬਣਾਏ ਜਾ ਰਹੇ ਹਨ। ਉਹਨਾਂ ਹੋਰ ਕਿਹਾ ਕਿ ਪਿਛਲੇ ਇਕ ਮਹੀਨੇ ਵਿਚ ਬਣੇ ਇਕਰਾਰਨਾਮਿਆਂ ਦਾ ਇਕੋ ਜਿਹਾ ਤਰੀਕਾਕਾਰ ਅਤੇ ਇਕੋ ਦੀ ਤਸਦੀਕ ਕਰਤਾ ਹੋਣਾ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਹਰ ਵਾਰਡ ਦੇ ਇਕਰਾਰਨਾਮੇ ਇਕੋ ਹੀ ਥਾਂ ਬੈਠ ਕੇ ਬਣਾਏ ਗਏ ਹਨ।

ਸਾਬਕਾ ਮੰਤਰੀ ਨੇ ਉਦਾਹਰਣ ਦਿੰਦਿਆਂ ਕਿਹਾ ਕਿ 42 ਨੰਬਰ ਵਾਰਡ ਵਿਚ 304 ਨਵੀਆਂ ਵੋਟਾਂ ਬਣਾ ਕੇ ਵੋਟਰਾਂ ਦੀ ਗਿਣਤੀ 678 ਥਾਂ 982 ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਸੇ ਤਰਾਂ ਹੀ ਵਾਰਡ ਨੰਬਰ 5 ਵਿਚ ਵੀ ਵੱਡੇ ਪੱਧਰ ਉਤੇ ਜਾਅਲੀ ਵੋਟਾਂ ਬਣਾਈਆਂ ਜਾ ਰਹੀਆਂ ਹਨ ਜਿਥੋਂ ਆਮ ਆਦਮੀ ਪਾਰਟੀ ਇਕ ਸੀਨੀਅਰ ਪੁਲੀਸ ਅਧਿਕਾਰੀ ਦੀ ਪਤਨੀ ਨੂੰ ਚੋਣ ਲੜਾਉਣ ਦੀ ਤਿਆਰੀ ਕਰ ਰਹੀ ਹੈ। ਉਹਨਾਂ ਅੱਗੇ ਦੱਸਿਆ ਕਿ ਮੋਹਾਲੀ ਕਾਰਪੋਰੇਸ਼ਨ ਵਿਚ ਨਵਾਂ ਸ਼ਾਮਲ ਕੀਤੇ ਗਏ ਆਈ.ਟੀ. ਸਿਟੀ ਵਾਲੇ ਵਾਰਡ ਵਿਚ ਵੀ ਵੱਡੇ ਪੱਧਰ ਉਤੇ ਜਾਅਲੀ ਵੋਟਾਂ ਬਣਾਈਆਂ ਜਾ ਰਹੀਆਂ ਹਨ।

ਸ਼੍ਰੀ ਸਿੱਧੂ ਨੇ ਕਿਹਾ ਕਿ ਵੋਟਰ ਸੂਚੀਆਂ ਵਿਚ ਇਹਨਾਂ ਜਾਅਲੀ ਵੋਟਰਾਂ ਵਿਚੋਂ ਬਹੁਤਿਆਂ ਦੀ ਤਸਵੀਰ ਵੀ ਨਹੀਂ ਲੱਗੀ, ਇਸ ਲਈ ਇਹ ਵੋਟਾਂ ਹੋਰਨਾਂ ਵਿਅਕਤੀਆਂ ਵਲੋਂ ਭੁਗਤਾਉਣ ਦਾ ਵੀ ਖ਼ਦਸ਼ਾ ਹੈ। ਉਹਨਾਂ ਕਿਹਾ ਕਿ ਇਹਨਾਂ ਵਾਰਡਾਂ ਦੇ ਇਕ ਇਕ ਘਰ ਵਿਚ ਵੀਹ ਤੋਂ ਵੱਧ ਵੋਟਾਂ ਬਣਾਈਆਂ ਗਈਆਂ ਹਨ।ਕਾਂਗਰਸੀ ਆਗੂ ਨੇ ਜਾਅਲੀ ਵੋਟਾਂ ਬਣਾਏ ਜਾਣ ਦੇ ਇਸ ਵਰਤਾਰੇ ਨੂੰ ਜਮਹੂਰੀਅਤ ਦਾ ਨੰਗਾ ਚਿੱਟਾ ਕਤਲ ਗਰਦਾਨਦਿਆਂ ਕਿਹਾ ਹੈ ਕਿ ਉਹ ਭਲਕੇ ਇਹ ਸਾਰਾ ਮਾਮਲਾ ਸੂਬੇ ਦੇ ਚੋਣ ਕਮਿਸ਼ਨਰ ਦੇ ਧਿਆਨ ਵਿਚ ਲਿਆ ਕੇ ਮੰਗ ਕਰਨਗੇ ਕਿ ਉਹ ਇਸ ਬਹੁਤ ਹੀ ਗੰਭੀਰ ਮਾਮਲੇ ਵਿਚ ਤੁਰੰਤ ਦਖ਼ਲ ਦੇ ਕੇ ਜਾਅਲੀ ਵੋਟਾਂ ਬਣਨੀਆ ਬੰਦ ਕਰਾਉਣ। ਉਹਨਾਂ ਕਿਹਾ ਕਿ ਹੇਠਲੇ ਪੱਧਰ ਉਤੇ ਹੀ ਜਮਹੂਰੀਅਤ ਦੇ ਕੀਤੇ ਜਾ ਰਹੇ ਕਤਲ ਦੇ ਨਾਲ ਨਾਲ ਮਨੁੱਖੀ ਹੱਕਾਂ ਦੇ ਕੀਤੇ ਜਾ ਰਹੇ ਘਾਣ ਨੂੰ ਕਾਂਗਰਸ ਪਾਰਟੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਜੇ ਲੋੜ ਪਈ ਤਾਂ ਉਹ ਇਸ ਜਾਅਲਸਾਜ਼ੀ ਨੂੰ ਰੋਕਣ ਲਈ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਉਣਗੇ।

Leave a Reply

Your email address will not be published. Required fields are marked *