Breaking News
Smart Media Dashmesh Mohali Walk Smart Media Insurance Point Hardev Singh Ubha

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਸਨੇਟਾ ‘ਚ ਕੀਤੀ ਭਰਵੀਂ ਜਨਤਕ ਮੀਟਿੰਗ

ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਪ੍ਰੇਰਿਆ

ਕਰੋੜਪਤੀ ਫਰਿਆਦੀ ਮਹਿਲਾ ਨੂੰ ਮਾਈਕ ਦੇਣ ’ਤੇ ਸਥਿਤੀ ਕਸੂਤੀ ਬਣੀ!

ਐਸ.ਏ.ਐਸ. ਨਗਰ, 2 ਮਈ, ਪੰਜਾਬੀ ਦੁਨੀਆ ਬਿਊਰੋ :

ਹਲਕਾ ਮੋਹਾਲੀ ਅਧੀਨ ਪੈਂਦੇ ਪਿੰਡ ਸਨੇਟਾ ਵਿੱਚ ਅੱਜ ਇਕ ਜਨਤਕ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਸ. ਮਾਨ ਨੇ ਪਾਰਟੀ ਦੀਆਂ ਉਪਲੱਬਧੀਆਂ ਬਾਰੇ ਜਾਣਕਾਰੀ ਦਿੱਤੀ।

ਮੁੱਖ ਮੰਤਰੀ ਨੇ ਬੇਅਦਬੀ ਦੇ ਮਾਮਲਿਆਂ ’ਤੇ ਬਾਦਲ ਪਰਿਵਾਰ ਨੂੰ ਕੋਸਦਿਆਂ ਕਿਹਾ ਕਿ ਇਸ ਪਰਿਵਾਰ ਨੇ ਨਾ ਸਿਰਫ ਪੰਜਾਬ ਦੇ ਹੱਕਾਂ ਨੂੰ ਮਾਰਿਆ ਸਗੋਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਧਘੇਲ ਕੇ ਪੂਰੇ ਪੰਜਾਬ ਦਾ ਸਤਿਆਨਾਸ ਕਰਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਪੂਰੇ ਪੰਜਾਬੀਆਂ ਅਤੇ ਸਿੱਖ ਧਰਮ ਦੇ ਹਿਰਦਿਆਂ ਨੂੰ ਵਲੂੰਦਰਿਆ ਹੈ।

ਉਹਨਾਂ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਬਣਾਏ ਬੇਅਦਬੀ ਕਾਨੂੰਨ ਵੀ ਪ੍ਰੋੜਤਾ ਕਰਦਿਆਂ ਕਿਹਾ ਕਿ ਬੇਅਦਬੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਡੇ ਸੁਪਰੀਮ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਦੇ ਵੀ ਬੇਅਦਬੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਕਦੇ ਸਖਤ ਸਜ਼ਾਵਾਂ ਦੇਣ ਦਾ ਕਾਨੂੰਨ ਬਣ ਚੁੱਕਾ ਹੈ।

ਉਨ੍ਹਾਂ ਨੇ ਸਰਕਾਰ ਦੀਆਂ ਮੁੱਖ ਉਪਲੱਬਧੀਆਂ, ਜਿਵੇਂ 300 ਯੂਨਿਟ ਮੁਫ਼ਤ ਬਿਜਲੀ, ਐਮੀਨੈਂਸ ਸਕੂਲਾਂ ਦੀ ਸਥਾਪਨਾ ਅਤੇ ਹੋਰ ਲੋਕ-ਹਿਤੈਸ਼ੀ ਯੋਜਨਾਵਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ। ਉਹਨਾਂ ਪੰਜਾਬ ਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ ਦੀ ਜੋਰਦਾਰ ਅਪੀਲ ਕੀਤੀ। ਨਾਲ ਹੀ ਉਹਨਾਂ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਵੀ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਜਾਣ ਦੀ ਲੋੜ ਨਹੀਂ, ਅਸੀਂ ਪੰਜਾਬ ਇਹ ਵਿੱਚ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਾਂਗੇ।

ਸ. ਮਾਨ ਨੇ ਬਾਦਲ ਪਰਿਵਾਰ ’ਤੇ ਬੇਅਦਬੀ ਅਤੇ ਲੋਕਾਂ ਨਾਲ ਖਿਲਵਾੜ ਕਰਨ ਦੇ ਦੋਸ਼ ਲਗਾਏ, ਜਦਕਿ ਕਾਂਗਰਸ ਦੇ ਆਗੂਆਂ ਨੂੰ ਮੁੱਖ ਮੰਤਰੀ ਬਣਨ ਦੀ ਦੌੜ ਲਈ ਵੀ ਆੜੇ ਹੱਥੀਂ ਲਿਆ। ਇਸ ਦੌਰਾਨ ਉਨ੍ਹਾਂ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਅਤੇ ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਪਿੱਠ ਥਾਪੜੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੌਰਾਨ ਪਿੰਡ ਦੇ ਟੋਬੇ ਦੇ ਨਵੀਨੀਕਰਨ ਲਈ 20 ਲੱਖ ਅਤੇ ਪਿੰਡ ਦੇ ਓਵਰਆਲ ਵਿਕਾਸ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਪਿੰਡ ਦੇ ਲੋਕਾਂ ਦੀਆਂ ਹੋਰ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਦਿਆਂ ਤੁਰੰਤ ਹੱਲ ਦਾ ਭਰੋਸਾ ਦਿੱਤਾ।

ਕਰੋੜਪਤੀ ਫਰਿਆਦੀ ਮਹਿਲਾ ਨੂੰ ਮਾਈਕ ਦੇਣ ’ਤੇ ਸਥਿਤੀ ਕਸੂਤੀ ਬਣੀ! : ਇਸ ਸੰਖੇਪ ਮੀਟਿੰਗ ਦੌਰਾਨ ਇੱਕ ਫਰਿਆਦੀ ਮਹਿਲਾ ਨੂੰ ਮਾਈਕ ਦੇਣ ’ਤੇ ਸਥਿਤੀ ਉਦੋਂ ਕਸੂਤੀ ਬਣ ਗਈ, ਜਦੋਂ ਮਹਿਲਾ ਨੇ ਆਪਣੇ ਆਪ ਨੂੰ ਕਰੋੜਾਂ ਦੀ ਮਾਲਕਣ ਦੱਸਦਿਆਂ ਪੁਲਿਸ ’ਤੇ ਗੰਭੀਰ ਦੋਸ਼ ਲਗਾਏ। ਮਹਿਲਾ ਨੇ ਆਪਣੀ ਫਰਿਆਦ ਮੁੱਖ ਮੰਤਰੀ ਨੂੰ ਸੁਣਾਉਂਦਿਆਂ ਕਿਹਾ ਕਿ ਚਿੱਟੇ ਨੇ ਉਸਦਾ ਪਰਿਵਾਰ ਤਬਾਹ ਕਰਕੇ ਰੱਖ ਦਿੱਤਾ ਹੈ। ਮਹਿਲਾ ਨੇ ਸ਼ਰੇਆਮ ਕਿਹਾ ਕਿ ਉਸ ਨੂੰ ਕੁਝ ਬੰਦਿਆਂ ਤੋਂ ਜਾਨ-ਮਾਲ ਦਾ ਖਤਰਾ ਹੈ ਜਿਸ ਤੇ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਆਪਣੀ ਸ਼ਿਕਾਇਤ ਦੇਣ, ਅਸੀਂ ਖੁਦ ਉਸਦੀ ਮੁਸ਼ਕਿਲ ਦਾ ਹੱਲ ਕਰਾਂਗੇ ਅਤੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *