Breaking News
Smart Media Dashmesh Mohali Walk Smart Media Insurance Point Hardev Singh Ubha

ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ

ਗੁਰਪੁਰਬ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਗੁਰੂ ਘਰ ਹੋਈਆਂ ਨਤਮਸਤਕ

ਚੰਡੀਗੜ੍ਹ/ਮੋਹਾਲੀ, 15 ਨਵੰਬਰ (ਮਨਜੀਤ ਸਿੰਘ ਚਾਨਾ) :

ਜਗਤ ਗੁਰੂ ਅਤੇ ਪਹਿਲੇ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂਨਾਨਕਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਚੰਡੀਗੜ੍ਹ, ਪੰਜਾਬ, ਹਰਿਆਣਾ ਸਮੇਤ ਪੂਰੇ ਦੇਸ਼-ਵਿਦੇਸ਼ ਵਿਚ ਸਥਿਤ ਗੁਰੂ ਘਰਾਂ ਵਿਚ ਸਿੱਖ ਸੰਗਤਾਂ ਅਤੇ ਸ਼ਰਧਾਲੂਆਂ ਵਲੋਂ ਉਤਸ਼ਾਹ ਅਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਇਸੇ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਸੈਕਟਰ 40-ਬੀ, ਚੰਡੀਗੜ੍ਹ ਵਿਖੇ ਪ੍ਰਬੰਧਕ ਕਮੇਟੀ, ਸਮੂਹ ਇਲਾਕਾ ਨਿਵਾਸੀਆਂ ਅਤੇ ਸਿੱਖ ਸੰਗਤਾਂ ਵਲੋਂ ਪ੍ਰਕਾਸ਼ ਪੁਰਬ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਬੰਧ ਵਿਚ ਅੰਮ੍ਰਿਤ ਵੇਲੇ ਤੋਂ ਇਲਾਹੀ ਬਾਣੀ ਦੇ ਕੀਰਤਨ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਕੀਰਤਨੀ ਜੱਥਿਆਂ ਵਿਚ ਇਸਤਰੀ ਸਤਿਸੰਗ ਸਭਾ 40 ਦੇ ਜੱਥੇ, ਰਾਗੀ ਜੱਥਾ ਬੀਬੀ ਕਮਲਜੀਤ ਕੌਰ, ਰਾਗੀ ਜੱਥੇ ਭਾਈ ਹਰਦੀਪ ਸਿੰਘ ਜੀ (ਊਨਾ ਸਾਹਿਬ ਵਾਲੇ), ਭਾਈ ਚਰਨਜੀਤ ਸਿੰਘ ਜੀ (ਸ੍ਰੀ ਆਨੰਦਪੁਰ ਸਾਹਿਬ), ਹਜ਼ੂਰੀ ਰਾਗੀ ਭਾਈ ਜੋਗਿੰਦਰ ਸਿੰਘ ਦੇ ਜੱਥਿਆਂ ਵਲੋਂ ਮਨੋਹਰ ਕੀਰਤਨ  ਰਾਹੀਂ ਅਤੇ ਕਥਾਵਾਚਕ ਗਿਆਨੀ ਰਵੀ ਸਿੰਘ ਜੀ ਵੱਲੋਂ ਗੁਰੂ ਜੀ ਇਤਿਹਾਸ ਬਾਰੇ ਚਾਨਣਾ ਪਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। 

ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਹਰਪ੍ਰੀਤ ਸਿੰਘ, ਮੀਤ ਗ੍ਰੰਥੀ ਰਜਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਵਲੋਂ ਕਥਾ ਅਤੇ ਅਰਦਾਸ ਉਪਰੰਤ ਗੁਰੂ ਸਾਹਿਬ ਦੇ ਪਵਿੱਤਰ ਹੁਕਮਨਾਮੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸਮੂਹ ਸੰਗਤਾਂ ਨੂੰ ਪ੍ਰਸ਼ਾਦ ਵਰਤਾਇਆ ਗਿਆ। 

ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਸਵੀਰ ਸਿੰਘ ਨੇ ਦਸਿਆ ਕਿ ਗੁਰਪੁਰਬ ਮੌਕੇ ਸੰਗਤਾਂ ਨੇ ਗੁਰਦੁਆਰਾ ਸਾਹਿਬ ਪੁੱਜ ਕੇ ਆਪਣੀਆਂ ਹਾਜ਼ਰੀਆਂ ਲਵਾਈਆਂ ਅਤੇ ਗੁਰੂ ਕੇ ਲੰਗਰਾਂ ਵਿਚ ਆਪਣਾ ਬਣਦਾ ਯੋਗਦਾਨ ਪਾਇਆ। ਇਸ ਸਮੇਂ ਨੌਜਵਾਨਾਂ ਵਲੋਂ ਲੰਗਰਾਂ ਵਿਚ ਦਿਨ–ਰਾਤ ਸੇਵਾ ਕਰਕੇ ਆਪਣਾ ਜੀਵਨ ਸਫ਼ਲਾ ਕੀਤਾ ਅਤੇ ਅਖ਼ੀਰ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਇਸੇ ਤਹਿਤ ਸ਼ਹਿਰ ਦੇ ਵੱਖ ਵੱਖ ਗੁਰੂ ਘਰਾਂ ਸੈਕਟਰ 34, 19, 22, 23, 37, 38 ਆਦਿ ਵਿਚ ਪ੍ਰਸਿੱਧ ਰਾਗੀ ਜਥਿਆਂ, ਕਥਾਵਾਚਕਾਂ ਅਤੇ ਪ੍ਰਚਾਰਕਾਂ ਵੱਲੋਂ ਪਹਿਲੇ ਪਾਤਸ਼ਾਹ ਜੀ ਦੇ ਦਰਸਾਏ ਮਾਰਗ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦੇ ਸਿਧਾਂਤ ਉਤੇ ਚੱਲਣ ਦੀ ਅਪੀਲ ਕਰਦਿਆਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂਨਾਨਕਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਰੇ ਹੀ ਗੁਰਦੁਆਰਿਆਂ ਵਿਚ ਸੰਗਤਾਂ ਦਾ ਉਤਸ਼ਾਹ ਵੇਖਿਆਂ ਹੀ ਬਣਦਾ ਸੀ। ਸਵੇਰ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਕੀਰਤਨ ਆਰੰਭ ਹੋਏ ਅਤੇ ਬਾਣੀ ਦਾ ਇਹ ਪ੍ਰਵਾਹ ਸਾਰਾ ਦਿਨ ਚੱਲਦਾ ਰਿਹਾ ਅਤੇ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੀਆਂ ਰਹੀਆਂ। 

ਮੋਹਾਲੀ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਸ੍ਰੀ ਗੁਰੂਨਾਨਕਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਨਾਮਦੇਵ ਜੀ ਸਮੇਤ ਸ਼ਹਿਰ ਦੇ ਗੁਰਦੁਆਰਿਆਂ ਵਿਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਨਿਹਾਲ ਕੀਤਾ। ਇਸ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। 

ਇਸੇ ਤਰ੍ਹਾਂ ਗੁਰਦੁਆਰਾ ਸਾਹਿਬ-40 ਵਿਖੇ ਰਾਤ ਦੇ ਦੀਵਾਨਾਂ ਵਿਚ ਰਹਿਰਾਸ ਦੇ ਪਾਠ ਉਪਰੰਤ ਹੈਡ ਗ੍ਰੰਥੀ ਭਾਈ ਹਰਪ੍ਰੀਤ ਸਿੰਘ ਵੱਲੋਂ ਸੰਗਤਾਂ ਨੂੰ ਗੁਰੂ ਜੀ ਦੀਆਂ ਸਿਖਿਆਵਾਂ ਉਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਹਜ਼ੂਰੀ ਰਾਗੀ ਭਾਈ ਜੋਗਿੰਦਰ ਸਿੰਘ ਦੇ ਜੱਥੇ ਅਤੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਲਾਡੀ ਦੇ ਜੱਥੇ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ। ਇਸ ਤਰ੍ਹਾਂ ਰਾਤ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। 

Leave a Reply

Your email address will not be published. Required fields are marked *