Breaking News
Dashmesh GS Electricals Verka Smart Media Insurance Point Tav Prasad

ਮਨੁੱਖੀ ਤਸਕਰੀ ਕਰਨ ਵਾਲੇ ਦੋ ਟਰੈਵਲ ਏਜੰਟਾਂ ਨੂੰ ਪੁਲਿਸ ਨੇ ਦਬੋਚਿਆ

ਗ੍ਰਿਫਤਾਰ ਵਿਅਕਤੀਆਂ ਨੇ ਧੋਖੇ ਨਾਲ ਬਹੁਤ ਲੋਕਾਂ ਨੂੰ ਕੰਬੋਡੀਆ ਭੇਜਿਆ, ਜਿੱਥੇ ਉਹ ਜ਼ਬਰਨ ਸਾਈਬਰ ਗੁਲਾਮੀ ਦੇ ਹੋ ਰਹੇ ਨੇ ਸ਼ਿਕਾਰ : ਡੀਜੀਪੀ ਯਾਦਵ

ਚੰਡੀਗੜ੍ਹ, 3 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਪੰਜਾਬ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਕੰਬੋਡੀਆ ਅਤੇ ਹੋਰ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਭੇਜਣ ਵਾਲੇ ਦੋ ਟਰੈਵਲ ਏਜੰਟਾਂ ਨੂੰ ਮਨੁੱਖੀ ਤਸਕਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ  ਫੜੇ ਗਏ ਵਿਅਕਤੀਆਂ ਦੀ ਪਛਾਣ ਅਮਰਜੀਤ ਸਿੰਘ, ਜੋ ਕਿ ਮੋਹਾਲੀ ਸਥਿਤ ਵੀਜ਼ਾ ਪੈਲੇਸ ਇਮੀਗ੍ਰੇਸ਼ਨ ਦਾ ਮਾਲਕ ਹੈ ਅਤੇ ਉਸ ਦੇ ਸਾਥੀ ਗੁਰਜੋਧ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਟਰੈਵਲ ਏਜੰਟ ਭੋਲੇ-ਭਾਲੇ ਲੋਕਾਂ ਨੂੰ ਡਾਟਾ ਐਂਟਰੀ ਦੀਆਂ ਨੌਕਰੀਆਂ ਦਾ ਲਾਲਚ ਦੇ ਕੇ ਪੰਜਾਬ ਤੋਂ ਕੰਬੋਡੀਆ ਭੇਜਦੇ ਸਨ। ਕੰਬੋਡੀਆ ਵਿੱਚ ਸਿਆਮ ਰੀਪ ਪਹੁੰਚਣ ’ਤੇ, ਉਹਨਾਂ ਦੇ ਪਾਸਪੋਰਟ ਖੋਹ ਲਏ ਜਾਂਦੇ ਹਨ ਅਤੇ ਫਿਰ ਉਹਨਾਂ ਨੂੰ ਸਾਈਬਰ ਸਕੈਮਿੰਗ ਕਾਲ ਸੈਂਟਰਾਂ ਵਿੱਚ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਤਾਂ ਜੋ ਸਾਈਬਰ ਫਾਈਨਾਂਸ਼ੀਅਲ ਫਰਾਡ ਲਈ ਭਾਰਤੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕੰਬੋਡੀਆ ਸਥਿਤ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਆਉਣ ਵਾਲੇ ਪੀੜਤ ਦੀ ਜਾਣਕਾਰੀ ਤੋਂ ਬਾਅਦ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ ਐਫਆਈਆਰ ਦਰਜ ਕਰਕੇ ਇਸ ਕੇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਆਈਪੀਸੀ ਦੀ ਧਾਰਾ 370, 406, 420 ਅਤੇ 120-ਬੀ ਅਤੇ ਇਮੀਗਰੇਸ਼ਨ ਐਕਟ ਦੀ ਧਾਰਾ 24 ਤਹਿਤ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਵਿਖੇ ਕੇਸ ਦਰਜ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਕਈ ਵਿਅਕਤੀਆਂ ਨੂੰ ਧੋਖੇ ਨਾਲ ਕੰਬੋਡੀਆ ਅਤੇ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਭੇਜਿਆ ਹੈ, ਜਿੱਥੇ ਉਨ੍ਹਾਂ ਤੋਂ ਭਾਰਤੀਆਂ ਨਾਲ ਸਾਈਬਰ ਸਕੈਮਿੰਗ ਵਾਲੇ ਕੇਂਦਰਾਂ ਵਿੱਚ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਈਬਰ ਗੁਲਾਮੀ ਵਿੱਚ ਫਸੇ ਹੋਰ ਵਿਅਕਤੀਆਂ ਦੇ ਵੇਰਵੇ ਪ੍ਰਾਪਤ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਏਡੀਜੀਪੀ ਸਾਈਬਰ ਕ੍ਰਾਈਮ ਡਿਵੀਜ਼ਨ ਵੀ. ਨੀਰਜਾ ਨੇ ਹੋਰ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਸਟੇਟ ਸਾਈਬਰ ਕ੍ਰਾਈਮ ਦੀ ਪੁਲਿਸ ਟੀਮ ਨੇ ਇੰਸਪੈਕਟਰ ਦੀਪਕ ਭਾਟੀਆ ਦੀ ਅਗਵਾਈ ਹੇਠ ਵੀਜ਼ਾ ਪੈਲੇਸ ਇਮੀਗ੍ਰੇਸ਼ਨ ਦੇ ਦਫ਼ਤਰ ’ਤੇ ਛਾਪਾ ਮਾਰਿਆ ਅਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਅੱਗੇ ਖੁਲਾਸਾ ਕੀਤਾ ਹੈ ਕਿ ਉਹ ਵੱਖ-ਵੱਖ ਰਾਜਾਂ ਨਾਲ ਸਬੰਧਤ ਹੋਰ ਏਜੰਟਾਂ ਦੀ ਮਿਲੀਭੁਗਤ ਨਾਲ ਗੈਰ-ਕਾਨੂੰਨੀ ਗਤੀਵਿਧੀਆਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਜਿਹੇ ਹੋਰ ਟਰੈਵਲ ਏਜੰਟਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਪਛਾਣ ਕਰਨ / ਕਾਬੂ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ  ਕਿ ਵਿਦੇਸ਼ ਮੰਤਰਾਲੇ ਦਾ ਸੁਵਿਧਾ ਕੇਂਦਰ ਵਜੋਂ ਓਵਰਸੀਜ਼ ਵਰਕਰਜ਼ ਰਿਸੋਰਸ ਸੈਂਟਰ (ਓਡਬਲਿਊਆਰਸੀ) ਅੱਜਕੱਲ੍ਹ 24×7 ਹੈਲਪਲਾਈਨ (1800113090) ਉਪਲੱਬਧ ਹੈ। ਜੇਕਰ ਪੰਜਾਬ ਦਾ ਕੋਈ ਹੋਰ ਵਿਅਕਤੀ ਇਸ ਕਥਿਤ ਘੁਟਾਲੇ ਦਾ ਸ਼ਿਕਾਰ ਹੋਇਆ ਹੈ, ਤਾਂ ਉਹ ਵਿਅਕਤੀ ਸਟੇਟ ਸਾਈਬਰ ਕ੍ਰਾਈਮ ਡਵੀਜ਼ਨ, ਪੰਜਾਬ ਹੈਲਪਲਾਈਨ ਨੰ. 0172-2226258 ’ਤੇ ਸੰਪਰਕ ਕਰ ਸਕਦਾ ਹੈ।

Leave a Reply

Your email address will not be published. Required fields are marked *