Breaking News
Smart Media Insurance Point

ਚੰਡੀਗੜ੍ਹ ਵਿੱਚ 20 ਤੋਂ 24 ਨਵੰਬਰ ਤੱਕ ‘ਕੌਮੀ ਫਲੋਰਬਾਲ ਚੈਂਪੀਅਨਸ਼ਿਪ-2026’

22 ਸੂਬਿਆਂ ਦੇ ਵਿਸ਼ੇਸ਼ ਖਿਡਾਰੀ ਦਿਖਾਉਣਗੇ ਆਪਣੀ ਖੇਡ ਪ੍ਰਤਿਭਾ ‘ਤੇ ਹੁਨਰ

ਚੰਡੀਗੜ੍ਹ, 18 ਨਵੰਬਰ, ਮਨਜੀਤ ਸਿੰਘ ਚਾਨਾ :

ਚੰਡੀਗੜ੍ਹ ਵਿੱਚ 20 ਤੋਂ 24 ਨਵੰਬਰ ਤੱਕ ਕੌਮੀ ਫਲੋਰਬਾਲ ਚੈਂਪੀਅਨਸ਼ਿਪ-2026 ਕਰਵਾਈ ਜਾਵੇਗੀ। ਸਪੈਸ਼ਲ ਓਲੰਪਿਕਸ ਭਾਰਤ ਦੇ ਚੰਡੀਗੜ੍ਹ ਚੈਪਟਰ ਵੱਲੋਂ ਕਰਵਾਏ ਜਾ ਰਹੇ ਇਸ 5 ਰੋਜ਼ਾ ਮੁਕਾਬਲੇ ਵਿੱਚ ਦੇਸ਼ ਦੇ 22 ਸੂਬਿਆਂ ਤੋਂ ਵਿਸ਼ੇਸ਼ ਖਿਡਾਰੀ ਹਿੱਸਾ ਲੈਣਗੇ। ਇਹ ਮੁਕਾਬਲੇ ਸੈਕਟਰ-10 ਡੀ ਸਥਿਤ ਸਪੋਰਟਸ ਕੰਪਲੈਕਸ ਦੇ ਸਕੇਟਿੰਗ ਰਿੰਕ ਵਿਖੇ ਹੋਣਗੇ।

ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਕਰਵਾਈ ਪ੍ਰੈੱਸ ਕਾਨਫਰੰਸ ਦੌਰਾਨ ਸਪੈਸ਼ਲ ਓਲੰਪਿਕਸ ਭਾਰਤ, ਚੰਡੀਗੜ੍ਹ ਚੈਪਟਰ ਦੀ ਏਰੀਆ ਡਾਇਰੈਕਟਰ ਸ਼ੀਤਲ ਨੇਗੀ ਸ਼ਰਮਾ ਨੇ ਦੱਸਿਆ ਕਿ ਇਸ ਕੌਮੀ ਪੱਧਰ ਦੇ ਖੇਡ ਸਮਾਗਮ ਦਾ ਮੁੱਖ ਉਦੇਸ਼ ਬੌਧਿਕ ਅਸਮਰੱਥਾ ਵਾਲੇ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਹੈ। ਇਸ ਨਾਲ ਖਿਡਾਰੀਆਂ ਵਿੱਚ ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਖੇਡਾਂ ਪ੍ਰਤੀ ਉਤਸ਼ਾਹ ਵਧੇਗਾ।

ਇਹ ਚੈਂਪੀਅਨਸ਼ਿਪ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ), ਸਪੈਸ਼ਲ ਓਲੰਪਿਕਸ ਭਾਰਤ ਅਤੇ ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਹੈ। ਲਾਇਨਜ਼ ਕਲੱਬ ਚੰਡੀਗੜ੍ਹ ਸੈਂਟਰਲ ਅਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਖੇਡ ਵਿਭਾਗ ਸਮੇਤ ਕਈ ਸੰਸਥਾਵਾਂ ਇਸ ਦੇ ਸਹਿਯੋਗੀ ਹਨ।

ਸਪੈਸ਼ਲ ਓਲੰਪਿਕਸ ਭਾਰਤ, ਚੰਡੀਗੜ੍ਹ ਚੈਪਟਰ ਦੀ ਪ੍ਰਧਾਨ ਦਿਲਪ੍ਰੀਤ ਕੌਰ ਸੇਖੋਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਇਸ ਕੌਮੀ ਚੈਂਪੀਅਨਸ਼ਿਪ ਦਾ ਆਯੋਜਨ ਸ਼ਹਿਰ ਲਈ ਮਾਣ ਵਾਲੀ ਗੱਲ ਹੈ। ਇਹ ਸਮਾਗਮ ਸਮਾਜ ਵਿੱਚ ਸਮਾਵੇਸ਼ੀ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਹਰ ਵਿਅਕਤੀ ਨੂੰ ਬਰਾਬਰ ਮੌਕੇ ਦੇਣ ਦੀ ਦਿਸ਼ਾ ਵਿੱਚ ਅਹਿਮ ਕਦਮ ਹੈ।

ਉਨ੍ਹਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਪਾਂਸਰਾਂ, ਵਲੰਟੀਅਰਾਂ ਅਤੇ ਸਪੈਸ਼ਲ ਓਲੰਪਿਕਸ ਭਾਰਤ ਦੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸੰਸਥਾ ਦੇ ਹੋਰ ਮੈਂਬਰ, ਅਧਿਕਾਰੀ ਅਤੇ ਸਹਿਯੋਗੀ ਵੀ ਮੌਜੂਦ ਸਨ।

Leave a Reply

Your email address will not be published. Required fields are marked *