Breaking News
Smart Media Dashmesh Mohali Walk Smart Media Insurance Point Hardev Singh Ubha

ਭਾਜਪਾ ਦੀ ਪੰਜਾਬ ‘ਚ ਵੀ ED ਗੇਮ ਸ਼ੁਰੂ, 3 ਦਿਨਾਂ ‘ਚ ਦੋ ‘ਆਪ’ ਆਗੂਆਂ ਦੇ ਘਰਾਂ ‘ਤੇ ਛਾਪੇ: ਮੁੱਖ ਮੰਤਰੀ

ਕਿਹਾ, ਪੰਜਾਬ ਦੇਖ ਰਿਹੈ ਕਿ ਸੱਤਾ ਲਈ ਭਾਜਪਾ ਕਿਸ ਹੱਦ ਤੱਕ ਡਿੱਗ ਸਕਦੀ ਆ

ਭਾਜਪਾ, ਪੰਜਾਬ ਵਿੱਚ ਈ.ਡੀ. ਰਾਹੀਂ ‘ਆਪ’ ਆਗੂਆਂ ਨੂੰ ਡਰਾ ਕੇ ਤੋੜਨ ‘ਚ ਰੁਝੀ

ਚੰਡੀਗੜ੍ਹ, 17 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਦੌਰਾਨ ਦੋ ‘ਆਪ` ਆਗੂਆਂ ਦੇ ਘਰਾਂ `ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਛਾਪਿਆਂ ਨਾਲ ਸਿਆਸਤ ਗਰਮਾ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਹੈ ਕਿ ਭਾਜਪਾ, ਪੰਜਾਬ ਵਿੱਚ ਚੋਣ ਮੁਹਿੰਮ ਸ਼ੁਰੂ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 117 ਉਮੀਦਵਾਰ ਭਾਲ ਨਾ ਸਕਣ ਵਾਲੀ ਪਾਰਟੀ ਜਨਤਾ ਦੀ ਹਮਾਇਤ ਹਾਸਲ ਕਰਨ ਦੀ ਬਜਾਏ ਡਰ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਸਰਕਾਰਾਂ ਨੂੰ ਰੋਕੇ ਫੰਡਾਂ, ਰਾਜਪਾਲਾਂ, ਈ.ਡੀ., ਸੀ.ਬੀ.ਆਈ. ਅਤੇ ਚੋਣ ਕਮਿਸ਼ਨ ਰਾਹੀਂ ਤੰਗ ਕੀਤਾ ਜਾ ਰਿਹਾ ਹੈ, ਜਦੋਂ ਕਿ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਆਗੂ ਇਸ ਦੀ ‘ਵਾਸ਼ਿੰਗ ਮਸ਼ੀਨ` ਤੋਂ ਸਾਫ਼ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ‘ਆਪ` ਡਰੇਗੀ ਨਹੀਂ, ਪੰਜਾਬੀ ਆਪਣੀ ਗਰਦਨ ਕਟਾ ਸਕਦੇ ਹਨ ਪਰ ਡਰ ਨਾਲ ਕਦੇ ਨਹੀਂ ਝੁਕਣਗੇ। ਉਨ੍ਹਾਂ ਭਾਜਪਾ ਨੂੰ ਛਾਪਿਆਂ ਤੇ ਦਬਾਅ ਦੀਆਂ ਚਾਲਾਂ `ਤੇ ਭਰੋਸਾ ਕਰਨ ਦੀ ਬਜਾਏ ਲੋਕਾਂ ਵਿੱਚ ਕੰਮ ਕਰਕੇ 2027 ਦੀ ਤਿਆਰੀ ਕਰਨ ਲਈ ਕਿਹਾ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡੇ ਦੇਸ਼ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ। ਇੱਥੇ ਲੋਕ ਆਪਣੀ ਪਸੰਦ ਦੀ ਸਰਕਾਰ ਚੁਣਦੇ ਹਨ। ਇਹ ਕੇਂਦਰ ਸਰਕਾਰ ਦਾ ਫ਼ਰਜ਼ ਹੈ ਕਿ ਉਹ ਹਰ ਸੂਬੇ ਨੂੰ ਰਾਜਨੀਤੀ ਅਤੇ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਉਸ ਦਾ ਹੱਕ ਦੇਵੇ ਪਰ ਪਿਛਲੇ ਕੁੱਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਲੋਕਤੰਤਰ ਦਾ ਹੌਲੀ-ਹੌਲੀ ਗਲਾ ਘੁੱਟਿਆ ਜਾ ਰਿਹਾ ਹੈ। ਸਾਰੀਆਂ ਗੈਰ-ਭਾਜਪਾ ਸਰਕਾਰਾਂ ਨੂੰ ਜਾਂ ਤਾਂ ਸਿੱਧੇ ਤੌਰ `ਤੇ ਕੇਂਦਰ ਦੇ ਫੰਡ ਰੋਕ ਜਾ ਰਹੇ ਹਨ ਜਾਂ ਰਾਜਪਾਲਾਂ ਰਾਹੀਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।”

ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਆਪ ਨੂੰ ਖ਼ਾਸ ਤੌਰ `ਤੇ ਇਸ ਲਈ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਇਹ ਇਕ ਅਜਿਹੀ ਪਾਰਟੀ ਹੈ, ਜੋ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਹ ਸਿਰਫ਼ ਦਸ ਸਾਲਾਂ ਵਿੱਚ ਕੌਮੀ ਪਾਰਟੀ ਬਣ ਗਈ ਹੈ। ਭਾਜਪਾ ਸੋਚਦੀ ਹੈ ਕਿ ਉਹ ਕਾਂਗਰਸ ਨਾਲ ਸਿੱਝ ਸਕਦੀ ਹੈ ਅਤੇ ਉਹ ਕਈ ਵਾਰ ਕਾਂਗਰਸ ਨਾਲ ਹੱਥ ਵੀ ਮਿਲਾ ਚੁੱਕੀ ਹੈ ਪਰ ਉਹ ਨਹੀਂ ਚਾਹੁੰਦੀ ਕਿ ਕੋਈ ਤੀਜੀ ਤਾਕਤ ਉੱਭਰੇ।”

ਉਨ੍ਹਾਂ ਕਿਹਾ, “ਇਸ ਪ੍ਰਕਿਰਿਆ ਤਹਿਤ ਉਨ੍ਹਾਂ ਨੇ ਦਿੱਲੀ ਵਿੱਚ ਸਾਡੇ ਆਗੂਆਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਵਿਰੁੱਧ ਝੂਠੇ ਈ.ਡੀ. ਕੇਸ ਦਾਇਰ ਕਰਕੇ ਜੇਲ੍ਹ ਭੇਜਿਆ। ਸਾਡੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ, ਜਿਸ ਕਿਸੇ ਨੇ ਵੀ ਕੰਮ ਕਰ ਕੇ ਦਿਖਾਇਆ, ਭਾਵੇਂ ਉਹ ਵਰਕਰ ਹੋਵੇ ਜਾਂ ਨੀਤੀਘਾੜਾ, ਸਾਰਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ, ਧਮਕੀਆਂ ਦਿੱਤੀਆਂ ਗਈਆਂ, ਡਰਾਇਆ ਗਿਆ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਜਾਂ ਨਤੀਜੇ ਭੁਗਤਣ ਦਾ ਡਰ ਦਿਖਾਇਆ ਗਿਆ। ਡਰਾਵੇ ਅਤੇ ਧਮਕਾਉਣ ਦੀ ਇਹ ਰਾਜਨੀਤੀ ਜਾਰੀ ਹੈ।”

ਦੇਸ਼ ਭਰ ਵਿੱਚ ਇੱਕ ਸਪੱਸ਼ਟ ਪੈਟਰਨ ਦਿਖਾਉਂਦੇ ਹੋਏ ਉਨ੍ਹਾਂ ਕਿਹਾ, “ਬੰਗਾਲ ਵਿੱਚ ਡੀ.ਜੀ.ਪੀ. ਤੋਂ ਲੈ ਕੇ ਅਧਿਕਾਰੀਆਂ ਤੱਕ ਨੂੰ ਬਦਲ ਦਿੱਤਾ ਗਿਆ ਹੈ ਕਿਉਂਕਿ ਚੋਣਾਂ ਆ ਰਹੀਆਂ ਹਨ। ਉਹ ਲੋਕਾਂ ਰਾਹੀਂ ਚੋਣਾਂ ਨਹੀਂ ਜਿੱਤਦੇ। ਉਹ ਈ.ਡੀ., ਸੀ.ਬੀ.ਆਈ., ਚੋਣ ਕਮਿਸ਼ਨ ਅਤੇ ਡਰਾਵੇ ਤੇ ਧਮਕੀਆਂ ਲਈ ਵਰਤੇ ਜਾਂਦੇ ਹੋਰ ਵਿਭਾਗਾਂ ਰਾਹੀਂ ਚੋਣਾਂ ਜਿੱਤਦੇ ਹਨ। ਕੁੱਝ ਦਿਨ ਪਹਿਲਾਂ ਈ.ਡੀ. ਨੇ ਆਪ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ਛਾਪਾ ਮਾਰਿਆ, ਜੋ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚਲਾਉਂਦੇ ਹਨ, ਪਰ ਉਹ ਆਮ ਆਦਮੀ ਪਾਰਟੀ ਦਾ ਰਾਜ ਸਭਾ ਮੈਂਬਰ ਹੋਣ ਕਾਰਨ ਅਚਾਨਕ ਦਾਗੀ ਹੋ ਗਿਆ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਮੰਤਰੀ ਸੰਜੀਵ ਅਰੋੜਾ ਦੇ ਘਰ ਈ.ਡੀ. ਦੀ ਛਾਪੇਮਾਰੀ ਚੱਲ ਰਹੀ ਹੈ। ਉਨ੍ਹਾਂ ਨੇ ਲੁਧਿਆਣਾ ਜ਼ਿਮਨੀ ਚੋਣ ਵਿੱਚ ਭਾਜਪਾ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਇਸ ਲਈ ਅੱਜ ਉਹ ਵੀ ਭਾਜਪਾ ਅਨੁਸਾਰ ਦਾਗੀ ਹੋ ਗਏ ਹਨ। ਇਸ ਦਾ ਮਤਲਬ ਹੈ ਕਿ ਭਾਜਪਾ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਈ.ਡੀ. ਭੇਜੋ, ਆਮਦਨ ਕਰ ਵਾਲੇ ਭੇਜੋ, ਨੋਟਿਸ ਭੇਜੋ, ਡਰ ਪੈਦਾ ਕਰੋ ਕਿਉਂਕਿ ਉਨ੍ਹਾਂ ਨੂੰ ਚੋਣਾਂ ਲੜਨ ਲਈ 117 ਲੀਡਰ ਵੀ ਨਹੀਂ ਮਿਲ ਰਹੇ। ਭਾਜਪਾ ਨੂੰ 117 ਉਮੀਦਵਾਰ ਨਹੀਂ ਮਿਲ ਰਹੇ, ਇਸ ਲਈ ਉਹ ਕਹਿ ਰਹੇ ਹਨ ਕਿ ਜਾਂ ਤਾਂ ਡਰ-ਡਰ ਕੇ ਚੋਣ ਲੜੋ ਜਾਂ ਸਾਡੀ ‘ਵਾਸ਼ਿੰਗ ਮਸ਼ੀਨ` ਵਿੱਚੋਂ ਬੇਦਾਗ ਹੋ ਕੇ ਨਿਕਲੋ।”

ਉਨ੍ਹਾਂ ਅੱਗੇ ਕਿਹਾ, “ਇਹ ਬਹੁਤ ਹੀ ਖ਼ਤਰਨਾਕ ਰੁਝਾਨ ਹੈ। ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ। ਅਸੀਂ ਇਸ ਦੀ ਸਖ਼ਤ ਨਿੰਦਾ ਕਰਦੇ ਹਾਂ। ਸਿਰਫ਼ ਗੈਰ-ਭਾਜਪਾ ਸਰਕਾਰਾਂ ਨੂੰ ਹੀ ਤੰਗ ਕੀਤਾ ਜਾ ਰਿਹਾ ਹੈ। ਸਿਰਫ਼ ਵਿਰੋਧੀ ਧਿਰ ਦੇ ਆਗੂਆਂ ਨੂੰ ਈ.ਡੀ. ਦੀ ਲਾਠੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਵਿੱਚੋਂ ਕੁਝ ਵੀ ਨਹੀਂ ਨਿਕਲਦਾ।”

ਚੋਣਾਂ `ਤੇ ਚਿੰਤਾਵਾਂ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਰੋਧੀਆਂ ਦੀਆਂ ਵੋਟਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਹੇਰਾਫੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, “ਐਸ.ਆਈ.ਆਰ. ਰਾਹੀਂ ਅਸਲੀ ਵੋਟਾਂ ਕੱਟੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਹਰ ਗਲੀ ਅਤੇ ਇਲਾਕੇ ਵਿੱਚ ਪੰਨਾ ਪ੍ਰਧਾਨ ਅਤੇ ਪੰਨਾ ਪ੍ਰਮੁੱਖ ਬਣਾਏ ਹਨ। ਉਹ ਪਛਾਣ ਕਰਦੇ ਹਨ ਕਿ ਕਿਹੜੇ ਘਰ ਭਾਜਪਾ ਦਾ ਸਮਰਥਨ ਕਰਦੇ ਹਨ, ਕਿਹੜੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਦੇ ਹਨ ਅਤੇ ਕਿਹੜੇ ਕਾਂਗਰਸ ਦਾ ਸਮਰਥਨ ਕਰਦੇ ਹਨ, ਫਿਰ ਵਿਰੋਧੀਆਂ ਦੀਆਂ ਵੋਟਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਨਵੀਆਂ ਵੋਟਾਂ ਬਣਾਈਆਂ ਜਾਂਦੀਆਂ ਹਨ। ਇੱਕੋ ਵੋਟਰ ਕਈ ਰਾਜਾਂ ਵਿੱਚ ਵੋਟ ਪਾ ਰਹੇ ਹਨ। ਇੱਕ ਪਾਸੇ ਉਹ ਕਹਿੰਦੇ ਹਨ ਕਿ ਇਕ ਰਾਸ਼ਟਰ, ਇਕ ਚੋਣ ਹੋਵੇ ਪਰ ਜਦੋਂ ਦੋ ਸੂਬਿਆਂ ਵਿੱਚ ਵੋਟਾਂ ਹੁੰਦੀਆਂ ਹਨ ਤਾਂ ਇੱਕ ਹਫ਼ਤੇ ਦਾ ਫ਼ਰਕ ਹੁੰਦਾ ਹੈ। ਜੇ ਦੇਸ਼ ਵਿੱਚ ਕਾਫ਼ੀ ਸੁਰੱਖਿਆ ਬਲ ਹਨ ਤਾਂ ਫ਼ਰਕ ਕਿਉਂ ਹੈ? ਪਹਿਲਾਂ ਇੱਕ ਜਗ੍ਹਾ `ਤੇ ਵੋਟਾਂ ਪਾਈਆਂ ਜਾਂਦੀਆਂ ਹਨ, ਫਿਰ ਲੋਕਾਂ ਨੂੰ ਵਾਹਨਾਂ ਅਤੇ ਰੇਲ ਗੱਡੀਆਂ ਵਿੱਚ ਦੂਜੀ ਜਗ੍ਹਾ ਲਿਜਾਇਆ ਜਾਂਦਾ ਹੈ। ਕੀ ਇਹ ਲੋਕਤੰਤਰ ਹੈ? ਇਹ ਨਵੀਂ ਕਿਸਮ ਦਾ ਲੋਕਤੰਤਰ ਹੈ।”

Leave a Reply

Your email address will not be published. Required fields are marked *