
ਚੰਡੀਗੜ੍ਹ, 5 ਅਗਸਤ, ਪੰਜਾਬੀ ਦੁਨੀਆ ਬਿਊਰੋ :
ਚੰਡੀਗੜ੍ਹ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਕਥਿਤ ਤੌਰ ਉਤੇ ਆਮ ਵਾਹਨ ਚਾਲਕਾਂ ਨੂੰ ਨਿੱਤ ਦਿਨ ਤੰਗ-ਪ੍ਰੇਸ਼ਾਨ ਕਰਨ ਘਟਨਾਵਾਂ ਉਤੇ ਸਿਕੰਜ਼ਾ ਕਸਦਿਆਂ ਡੀਜੀਪੀ ਸਾਗਰ ਪ੍ਰੀਤ ਹੁੱਡਾ ਵਲੋਂ ਸਖ਼ਤ ਹੁਕਮ ਜਾਰੀ ਕੀਤਾ ਗਿਆ ਹੈ। ਜਿਸ ਮੁਤਾਬਕ ਹੁਣ ਕੋਈ ਵੀ ਟ੍ਰੈਫਿਕ ਪੁਲਿਸ ਮੁਲਾਜ਼ਮ ਕਿਸੇ ਵੀ ਵਾਹਨ ਨੂੰ ਰੋਕ ਨਹੀਂ ਸਕੇਗਾ ਅਤੇ ਨਾ ਹੀ ਉਸਦਾ ਚਲਾਨ ਕੱਟ ਸਕੇਗਾ।
ਨਵੇਂ ਜਾਰੀ ਹੁਕਮਾਂ ਮੁਤਾਬਕ ਹੁਣ ਸ਼ਹਿਰ ਵਿੱਚ ਟ੍ਰੈਫਿਕ ਪੁਲਿਸ ਮੁਲਾਜ਼ਮ ਸੜਕ ‘ਤੇ ਖੜ੍ਹੇ ਹੋ ਕੇ ਵਾਹਨਾਂ ਨੂੰ ਨਹੀਂ ਰੋਕਣਗੇ। ਸਿਰਫ ਆਟੋਮੈਟਿਕ ਕੈਮਰਿਆਂ (CCTV) ਦੀ ਨਿਗਰਾਨੀ ਦੇ ਆਧਾਰ ‘ਤੇ ਚਲਾਨ ਜਾਰੀ ਕੀਤੇ ਜਾਣਗੇ। ਇਸ ਫੈਸਲੇ ਰਾਹੀਂ, ਸਾਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਨਿਗਰਾਨੀ ਕੈਮਰਾ-ਅਧਾਰਤ ਪ੍ਰਣਾਲੀ ਰਾਹੀਂ ਕੀਤੀ ਜਾਵੇਗੀ। ਆਟੋਮੈਟਿਕ ਨੰਬਰ ਪਲੇਟ ਪਛਾਣ (ANPR) ਕੈਮਰੇ ਵਾਹਨਾਂ ਦੀ ਗਤੀ, ਲਾਲ ਬੱਤੀ ਜੰਪ ਕਰਨਾ, ਹੈਲਮੇਟ ਨਾ ਪਹਿਨਣਾ, ਸੀਟ ਬੈਲਟ ਨਾ ਪਹਿਨਣਾ ਆਦਿ ਨੂੰ ਰਿਕਾਰਡ ਕਰਨਗੇ ਅਤੇ ਉਸ ਆਧਾਰ ‘ਤੇ ਚਲਾਨ ਜਾਰੀ ਕੀਤੇ ਜਾਣਗੇ।
ਡੀਜੀਪੀ ਹੁੱਡਾ ਨੇ ਕਿਹਾ ਕਿ ਟ੍ਰੈਫਿਕ ਲਾਈਟ ਪੁਆਇੰਟਾਂ ਅਤੇ ਚੌਰਾਹਿਆਂ ‘ਤੇ ਤਾਇਨਾਤ ਪੁਲਿਸ ਵਾਲੇ ਸਿਰਫ ਟ੍ਰੈਫਿਕ ਕੰਟਰੋਲ ਦਾ ਕੰਮ ਕਰਨਗੇ, ਉਨ੍ਹਾਂ ਨੂੰ ਕਿਸੇ ਵੀ ਵਾਹਨ ਨੂੰ ਰੋਕਣ ਦਾ ਅਧਿਕਾਰ ਨਹੀਂ ਹੋਵੇਗਾ।
ਦੱਸਣਯੋਗ ਹੈ ਕਿ ਚੰਡੀਗੜ੍ਹ ਵਿਚ ਹੋਰ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਨੂੰ ਟ੍ਰੈਫਿਕ ਪੁਲਿਸ ਵਲੋਂ ਕਥਿਤ ਤੌਰ ਉਤੇ ਪ੍ਰੇਸ਼ਾਨ ਕਰਨ ਅਤੇ ਦਸਤਾਵੇਜ਼ਾਂ ਦੇ ਨਾਂ ਉਤੇ ਬੇਲੋੜੇ ਸਵਾਲ ਪੁੱਛੇ ਜਾਣ ਦੇ ਇਲਜ਼ਾਮ ਆਮ ਹੀ ਸ਼ੋਸ਼ਲ ਮੀਡੀਆ ਉਤੇ ਲਗਾਏ ਜਾਂਦੇ ਸਨ ਅਤੇ ਬੇਵਜ੍ਹਾ ਚਲਾਨ ਕੱਟੇ ਜਾਂਦੇ ਸਨ। ਨਵੇਂ ਹੁਕਮਾਂ ਮੁਤਾਬਕ ਹੁਣ ਕੋਈ ਵੀ ਟ੍ਰੈਫਿਕ ਪੁਲਿਸ ਮੁਲਾਜ਼ਮ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰੇਗਾ, ਜਦੋਂ ਤੱਕ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰਦੇ।