
ਅੰਮ੍ਰਿਤਸਰ, 16 ਫਰਵਰੀ, ਪੰਜਾਬੀ ਦੁਨੀਆ ਬਿਊਰੋ:
ਅਮਰੀਕਾ ਤੋਂ ਡਿਪੋਰਟ ਕੀਤੇ ਗਏ 116 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਇੱਕ ਅਮਰੀਕੀ ਜਹਾਜ਼ ਸ਼ਨੀਵਾਰ ਰਾਤ ਕਰੀਬ 11.30 ਵਜੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਿਆ। ਬੀਤੀ 5 ਫਰਵਰੀ ਨੂੰ ਇੱਕ ਅਮਰੀਕੀ ਫੌਜੀ ਸੀ-17 ਜਹਾਜ਼ 104 ਡਿਪੋਰਟੀਆਂ ਨੂੰ ਇਸੇ ਹਵਾਈ ਅੱਡੇ ‘ਤੇ ਪੁੱਜਾ ਸੀ।
ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵਾਰ ਫਿਰ ਪਵਿੱਤਰ ਸ਼ਹਿਰ ਵਿੱਚ ਉਡਾਣ ਨੂੰ ਉਤਾਰਨ ਦਾ ਵਿਰੋਧ ਕੀਤਾ ਹੈ, ਜਿਸ ਵਿੱਚ ਕੇਂਦਰ ਵੱਲੋਂ “ਪੰਜਾਬ ਅਤੇ ਪੰਜਾਬੀਆਂ ਦੀ ਛਵੀ ਨੂੰ ਖਰਾਬ ਕਰਨ” ਦੀਆਂ ਕੋਸ਼ਿਸ਼ਾਂ ਦੇ ਦੋਸ਼ ਲਗਾਏ ਗਏ ਹਨ।
ਸੂਤਰਾਂ ਮੁਤਾਬਕ ਭਾਰਤੀ ਡਿਪੋਰਟੀਆਂ ਨੂੰ ਲੈ ਕੇ ਤੀਜੀ ਅਮਰੀਕੀ ਉਡਾਣ ਵੀ ਐਤਵਾਰ ਨੂੰ ਉਤਰਨ ਦੀ ਉਮੀਦ ਹੈ। ਸ਼ਨੀਵਾਰ ਨੂੰ ਪੁੱਜੇ ਲੋਕਾਂ ਵਿੱਚੋਂ 65 ਪੰਜਾਬ ਤੋਂ, 33 ਹਰਿਆਣਾ ਤੋਂ, 8 ਗੁਜਰਾਤ ਤੋਂ, ਦੋ-ਦੋ ਯੂਪੀ, ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਜਦਕਿ ਇੱਕ-ਇੱਕ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਹਨ।
ਪੰਜਾਬ ਸਰਕਾਰ ਨੇ ਬਾਹਰਲੇ ਰਾਜਾਂ ਦੇ ਲੋਕਾਂ ਲਈ ਅਸਥਾਈ ਰਿਹਾਇਸ਼ ਦਾ ਪ੍ਰਬੰਧ ਕੀਤਾ ਹੈ, ਜੋ ਐਤਵਾਰ ਸਵੇਰੇ ਉਡਾਣ ਰਾਹੀਂ ਦਿੱਲੀ ਲਈ ਰਵਾਨਾ ਹੋਣਗੇ। ਪੰਜਾਬ ਤੋਂ ਆਏ ਲੋਕਾਂ ਨੂੰ ਸੜਕੀ ਰਸਤੇ ਰਾਹੀਂ ਉਨ੍ਹਾਂ ਦੇ ਜੱਦੀ ਸਥਾਨਾਂ ‘ਤੇ ਪਹੁੰਚਾਇਆ ਜਾਵੇਗਾ।