
ਤਿੰਨ ਮੈਚਾਂ ਦੀ ਞਨ-ਡੇ ਸੀਰੀਜ਼ 3-0 ਨਾਲ ਜਿੱਤੀ
ਚੰਡੀਗੜ੍ਹ, 12 ਫਰਵਰੀ, ਪੰਜਾਬੀ ਦੁਨੀਆ ਬਿਊਰੋ:
ਭਾਰਤ ਨੇ ਬੁੱਧਵਾਰ ਨੂੰ ਅਹਿਮਦਾਬਾਦ ਦੇ ਨਰੇਂਦਰ ਮੋਦੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਤੀਜੇ ਵਨਡੇ ਮੈਚ ਵਿੱਚ ਸਲਾਮੀ ਬੱਲੇਬਾਜ ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਇੰਗਲੈਂਡ ਨੂੰ 142 ਦੌੜਾਂ ਨਾਲ ਹਰਾ ਦਿੱਤਾ ਹੈ ਅਤੇ ਤਿੰਨ ਮੈਚਾਂ ਦੀ ਲੜੀ 3-0 ਨਾਲ ਜਿੱਤ ਲਈ ਹੈ।
ਭਾਰਤ ਵਲੋਂ ਸ਼ੁਭਮਨ ਗਿੱਲ ਨੇ ਸਿਰਫ਼ 95 ਗੇਂਦਾਂ ਵਿੱਚ ਆਪਣਾ 7ਵਾਂ ਵਨਡੇ ਸੈਂਕੜਾ ਪੂਰਾ ਕੀਤਾ ਅਤੇ ਭਾਰਤੀ ਉਪ-ਕਪਤਾਨ ਨੇ ਅਹਿਮਦਾਬਾਦ ਵਿੱਚ ਹਰ ਫਾਰਮੈਟ ਵਿੱਚ ਸੈਂਕੜਾ ਲਗਾਉਣ ਦਾ ਕੀਰਤੀਮਾਨ ਸਥਾਪਤ ਕੀਤਾ। ਗਿੱਲ ਨੇ 102 ਗੇਂਦਾਂ ਵਿੱਚ 112 ਦੌੜਾਂ ਬਣਾਈਆਂ ਅਤੇ ਉਸਨੇ 86.33 ਦੀ ਔਸਤ ਨਾਲ ਸੀਰੀਜ਼ ਵਿੱਚ ਕੁੱਲ 259 ਦੌੜਾਂ ਦਾ ਯੋਗਦਾਨ ਪਾਇਆ, ਜਦੋਂ ਕਿ ਕੋਹਲੀ (52) ਅਤੇ ਸ਼੍ਰੇਅਸ ਅਈਅਰ (78), ਕੇਐਲ ਰਾਹੁਲ ਦੀਆਂ 40, ਪਾਂਡਿਆ (17), ਸੁੰਦਰ (14), ਅਕਸ਼ਰ ਅਤੇ ਹਰਸ਼ਿਤ ਰਾਣਾ ਵਲੋਂ (13-13) ਦੌੜਾਂ ਨਾਲ ਭਾਰਤ ਨੂੰ 356 ਦੌੜਾਂ ਦੇ ਵੱਡੇ ਸਕੋਰ ਤੱਕ ਪਹੁੰਚਾ ਦਿੱਤਾ। ਗਿੱਲ ਨੇ ਤੇਜ਼ ਗੇਂਦਬਾਜ਼ੀ ਅਤੇ ਸਪਿਨ ਦੋਵਾਂ ਦੇ ਖਿਲਾਫ ਸ਼ਾਨਦਾਰ ਤਕਨੀਕ ਦਾ ਪ੍ਰਦਰਸ਼ਨ ਕੀਤਾ ਜਦੋਂ ਤੱਕ ਆਦਿਲ ਰਾਸ਼ਿਦ (4/64) ਨੇ ਉਸਨੂੰ ਬੋਲਡ ਆਊਟ ਕੀਤਾ।
ਭਾਰਤ ਵਲੋਂ ਮਿਥੇ 357 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਟੀਮ ਮਹਿਜ਼ 34.2 ਓਵਰਾਂ ਵਿੱਚ 214 ਦੌੜਾਂ ‘ਤੇ ਆਊਟ ਹੋ ਗਈ। ਇੰਗਲੈਂਡ ਟੀਮ ਓਪਨਰ ਬੇਨ ਡਕੇਟ (34) ਅਤੇ ਫਿਲ ਸਾਲਟ (24) ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਭਾਰਤੀ ਸਪਿਨਰਾਂ ਅਗੇ ਲੜਖੜਾ ਗਈ। ਪੰਜਵੇਂ ਓਵਰ ਵਿੱਚ ਅਰਸ਼ਦੀਪ ਸਿੰਘ (2/33) ਨੇ ਬੇਨ ਡਕੇਟ ਨੂੰ ਕਪਤਾਨ ਰੋਹਿਤ ਸ਼ਰਮਾ ਰਾਹੀਂ ਮਿਡ-ਆਫ ‘ਤੇ ਕੈਚ ਕਰਾ ਦਿੱਤਾ ਅਤੇ ਅਰਸ਼ਦੀਪ ਨੇ ਫਿਰ ਸਾਲਟ ਨੂੰ ਹੌਲੀ ਬਾਊਂਸਰ ਨਾਲ ਆਊਟ ਕੀਤਾ, ਜਿਸਨੂੰ ਅਕਸ਼ਰ ਪਟੇਲ ਨੇ ਆਸਾਨੀ ਨਾਲ ਕੈਚ ਕਰ ਲਿਆ। ਉਪਰੰਤ ਟੌਮ ਬੈਂਟਨ ਨੇ ਜੋਅ ਰੂਟ ਨਾਲ ਮਿਲ ਕੇ ਇੰਗਲੈਂਡ ਟੀਮ ਦਾ ਸਕੋਰ ਅੱਗੇ ਵਧਾਉਣਾ ਸ਼ੁਰੂ ਕੀਤਾ ਪਰ ਬੈਂਟਨ 41 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ ਸਿਰਫ਼ 38 ਦੌੜਾਂ ‘ਤੇ ਕੁਲਦੀਪ ਯਾਦਵ ਨੂੰ ਵਿਕਟ ਗੁਆ ਬੈਠਾ। ਜੋਅ ਰੂਟ 24 ਦੌੜਾਂ ਬਣਾ ਕੇ ਆਊਟ ਹੋ ਗਿਆ ਜਦੋਂ ਅਕਸ਼ਰ ਪਟੇਲ (2/22) ਨੇ ਉਸਨੂੰ ਬੋਲਡ ਕੀਤਾ, ਜਦੋਂ ਕਿ ਹਰਸ਼ਿਤ ਰਾਣਾ (2/31) ਨੇ ਹੈਰੀ ਬਰੂਕ (19) ਅਤੇ ਜੋਸ ਬਟਲਰ (6) ਨੂੰ ਲਗਾਤਾਰ ਆਊਟ ਕਰਕੇ ਇੰਗਲੈਂਡ ਦੀ ਹਾਰ ਨੂੰ ਯਕੀਨੀ ਬਣਾ ਦਿੱਤਾ। ਅਖੀਰ ਵਿਚ ਗਸ ਐਟਕਿੰਸਨ ਦੀਆਂ ਤੇਜ਼-ਤਰਾਰ 38 ਦੌੜਾਂ ਸਦਕਾ ਅੰਗਰੇਜ਼ ਟੀਮ 200 ਦਾ ਅੰਕੜਾ ਪਾਰ ਕਰਨ ਵਿੱਚ ਕਾਮਯਾਬ ਹੋਈ।
ਭਾਰਤ ਵਲੋਂ ਬਿਹਤਰੀਨ ਗੇਂਦਬਾਜ਼ੀ ਕਰਦਿਆਂ ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ, ਅਕਸ਼ਰ ਪਟੇਲ ਅਤੇ ਪਾਂਡਿਆ ਨੇ 2-2 ਵਿਕਟਾਂ ਝਟਕਾਈਆਂ ਜਦਕਿ ਵਾਸ਼ਿੰਗਟਨ ਸੁੰਦਰ ਅਤੇ ਕੁਲਦੀਪ ਯਾਦਵ ਨੇ 1-1 ਵਿਕਟ ਹਾਸਲ ਕੀਤੀ।
ਇਸ ਸੀਰੀਜ਼ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਸਦਕਾ ਸ਼ੁਭਮਨ ਗਿੱਲ ਨੂੰ ਮੈਨ ਆਫ ਦੀ ਮੈਚ ਅਤੇ ਮੈਨ ਆਫ ਦੀ ਸੀਰੀਜ਼ ਚੁਣਿਆ ਗਿਆ। ਇਸ ਤਰ੍ਹਾਂ ਭਾਰਤ ਨੇ ਇੰਗਲੈਂਡ ਟੀਮ ਵਿਰੁੱਧ ਦੌੜਾਂ ਦੇ ਹਿਸਾਬ ਨਾਲ ਆਪਣੀ ਦੂਜੀ ਸਭ ਤੋਂ ਵੱਡੀ ਇੱਕ ਰੋਜ਼ਾ ਜਿੱਤ ਹਾਸਲ ਕਰਦਿਆਂ ਇਹ ਸੀਰੀਜ਼ 3-0 ਨਾਲ ਜਿੱਤ ਲਈ ਹੈ।