
30 ਜੂਨ 2025 ਤੱਕ 100 ਹੋਰ ਪ੍ਰਿੰਸੀਪਲ ਸੇਵਾਮੁਕਤ ਹੋਣ ਕਾਰਨ ਹਾਲਾਤ ਹੋਰ ਗੰਭੀਰ ਬਣਨ ਦਾ ਖਦਸ਼ਾ
ਅਧਿਆਪਕ ਵਰਗ ਦੇ ਰੋਕੇ ਭੱਤੇ ਅਤੇ ਪੇਂਡੂ ਭੱਤਾ ਤੁਰੰਤ ਜਾਰੀ ਕਰਨ ਦੀ ਮੰਗ
ਮੋਹਾਲੀ, 23 ਜਨਵਰੀ, ਜਸਵੀਰ ਸਿੰਘ ਗੋਸਲ :
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਹਾਕਮ ਸਿੰਘ ਅਤੇ ਸੂਬਾ ਪ੍ਰਧਾਨ ਸੰਜੀਵ ਕੁਮਾਰ, ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ, ਵਿੱਤ ਸਕੱਤਰ ਰਾਮਵੀਰ ਸਿੰਘ ਨੇ ਸਾਂਝੇ ਤੌਰ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਤਿੰਨ ਸਾਲਾਂ ਦੌਰਾਨ ਸਿਰਫ਼ ਇੱਕ ਵਾਰ 2022 ਵਿੱਚ ਲੈਕਚਰਾਰ ਤੋਂ ਪਦਉੱਨਤ ਕਰਕੇ ਪ੍ਰਿੰਸੀਪਲ ਲਗਾਇਆ ਗਿਆ ਹੈ, ਜਿਸ ਕਾਰਨ ਪੰਜਾਬ ਵਿੱਚ ਸੈਂਕੜੇ ਸਕੂਲ ਮੁੱਖੀ ਵਿਹੀਣ ਹੋ ਗਏ ਹਨ। ਸਿੱਖਿਆ ਵਿਭਾਗ ਵੱਲੋਂ ਸਕੂਲ ਸਿੱਖਿਆ ਦੇ ਸੁਧਾਰ ਤੇ ਸਕੂਲ ਦੇ ਨਾਮ ਬਦਲ ਕੇ ਸਿੱਖਿਆ ਸੁਧਾਰ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਮੌੌਜੂਦਾ ਸਮੇਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 850 ਸਕੂਲ ਬਿਨਾਂ ਪ੍ਰਿੰਸੀਪਲਾਂ ਦੇੇ ਚੱਲ ਰਹੇ ਹਨ, ਜੋ 31 ਮਾਰਚ 2025 ਤੱਕ 80 ਅਤੇ 30 ਜੂਨ 2025 ਤੱਕ ਕਰੀਬ 100 ਪ੍ਰਿੰਸੀਪਲ ਹੋਰ ਸੇਵਾਮੁਕਤ ਹੋਣ ਕਰਕੇ ਇਹ ਗਿਣਤੀ 950 ਹੋ ਜਾਣ ਦੀ ਸੰਭਾਵਨਾ ਹੈ।
ਸ੍ਰੀ ਸੰਜੀਵ ਨੇ ਕਿਹਾ ਕਿ ਸਕੂਲੀ ਸਿੱਖਿਆ ਵਿੱਚ ਸੁਧਾਰ ਲਈ ਖਾਲੀ ਆਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਅਤੇ ਖਾਲੀ ਸਕੂਲ ਮੁਖੀਆਂ ਦੀਆਂ ਆਸਾਮੀਆਂ ਭਰਨ ਲਈ 2018 ਦੇ ਨਿਯਮਾਂ ਵਿੱਚ ਸੋਧ ਕਰਕੇ ਪਦਉੱਨਤ ਕਰਨ ਦਾ ਕੋਟਾ ਪਹਿਲਾਂ ਵਾਂਗ 100 ਪ੍ਰਤੀਸ਼ਤ ਕੀਤਾ ਜਾਵੇ ਤਦ ਹੀ ਸਕੂਲ ਮੁਖੀਆਂ ਦੀਆਂ ਆਸਾਮੀਆਂ ਭਰੀਆਂ ਜਾ ਸਕਦੀਆਂ ਹਨ।
ਯੂਨੀਅਨ ਦੇ ਸੂਬਾ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਅਤੇ ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਜੀ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਾਂਗ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਏਸੀਪੀ ਦਾ ਲਾਭ ਦਿੱਤਾ ਜਾਵੇ ਅਤੇ ਰੋਕਿਆ ਹੋਇਆ ਪੇਂਡੂ ਭੱਤਾ ਬਹਾਲ ਕੀਤਾ ਜਾਵੇ, ਸਾਰੇ ਸਾਇੰਸ ਗਰੁਪ ਵਾਲੇ ਸਕੂਲਾਂ ਵਿੱਚ ਖਾਲੀ ਨੂੰ ਪਹਿਲ ਦੇ ਅਧਾਰ ਤੇ ਪਦਉੱਨਤ ਕਰਕੇ ਭਰਨ ਦੇ ਨਾਲ ਨਾਲ ਰਿਵਰਸ਼ਨ ਅਧੀਨ ਆਏ ਲੈਕਚਰਾਰਾ ਦੇ ਰੋਕੇ ਗਏ ਏਸੀਪੀ ਤੁਰੰਤ ਬਹਾਲ ਕੀਤੇ ਜਾਣ ਅਤੇ ਸਾਰੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਫਾਈ ਸੇਵਕਾਂ ਦੀ ਰੈਗੂਲਰ ਤੈਨਾਤੀ ਯਕੀਨੀ ਬਣਾਇਆ ਜਾਵੇ।
ਸੂਬਾ ਪ੍ਰਧਾਨ ਸੰਜੀਵ ਕੁਮਾਰ, ਮੀਤ ਪ੍ਰਧਾਨ ਅਤੇ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਬਿਨਾਂ ਪ੍ਰਿੰਸੀਪਲ ਚੱਲ ਰਹੇ ਹਨ, ਉਹਨਾਂ ਦਾ ਪ੍ਰਬੰਧ ਸੀਨੀਅਰ ਲੈਕਚਰਾਰ ਕਰ ਰਹੇ ਹਨ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ, ਸਿੱਖਿਆ ਮੰਤਰੀ ਤੋਂ ਪੁਰਜੋਰ ਮੰਗ ਕਰਦੀ ਹੈ ਕਿ ਸਕੂਲਾਂ ਵਿੱਚ ਲੈਕਚਰਾਰ ਕਾਡਰ ਦੀਆਂ ਅਸਾਮੀਆਂ ਪੂਰੀਆਂ ਕੀਤੀਆਂ ਜਾਣ, ਘੱਟ ਅਸਾਮੀਆਂ ਵਾਲੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬਣਦੀਆਂ ਅਸਾਮੀਆਂ ਮਨਜ਼ੂਰ ਕੀਤੀਆਂ ਜਾਣ, ਜਿਹੜੇ ਸਕੂਲ ਮੁੱਖੀ ਨੂੰ ਵਾਧੂ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ, ਉਹਨਾਂ ਨੂੰ ਪ੍ਰਤੀ-ਨਿਯੁਕਤੀ ਭੱਤਾ ਦਿੱਤਾ ਜਾਵੇ ਅਤੇ ਦੂਜੇ ਇੰਚਾਰਜ ਲੈਕਚਰਾਰਾਂ ਨੂੰ ਪ੍ਰਬੰਧਕੀ ਆਸਾਮੀ ਤੇ ਕੰਮ ਕਰਨ ਦੇ ਇਵਜ਼ ਵਜੋਂ ਤਜ਼ਰਬਾ ਅਤੇ ਬਣਦਾ ਭੱਤਾ ਦਿੱਤਾ ਜਾਵੇ।