
ਨਵੀਂ ਦਿੱਲੀ, 17 ਦਸੰਬਰ, ਪੰਜਾਬੀ ਦੁਨੀਆ ਬਿਊਰੋ:
ਜਾਰਜੀਆ ਦੇ ਗੁਡੌਰੀ ਵਿੱਚ ਇੱਕ ਭਾਰਤੀ ਰੈਸਟੋਰੈਂਟ ਵਿੱਚ ਕਾਰਬਨ ਮੋਨੋਆਕਸਾਈਡ ਲੀਕ ਹੋਣ ਕਾਰਨ 11 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਭਾਰਤੀ ਹਾਈ ਕਮਿਸ਼ਨ ਅਤੇ ਸਥਾਨਕ ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਹੈ ਕਿ ਬਿਜਲੀ ਕੱਟ ਤੋਂ ਬਾਅਦ ਜਨਰੇਟਰ ਤੋਂ ਗੈਸ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ।
ਦਸਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ ਰੈਸਟੋਰੈਂਟ ਦੇ ਕਰਮਚਾਰੀ ਸਨ, ਜਿਨ੍ਹਾਂ ਦੀਆਂ ਲਾਸ਼ਾਂ ਬੈੱਡਰੂਮ ‘ਚੋਂ ਮਿਲੀਆਂ। ਇਸ ਦੌਰਾਨ ਜਾਰਜੀਆ ਪੁਲਿਸ ਨੇ ਅਣਗਹਿਲੀ ਨਾਲ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਭਾਰਤੀ ਰੈਸਟੋਰੈਂਟ ਵਿੱਚ ਵਾਪਰੀ ਇਸ ਦਰਦਨਾਕ ਘਟਨਾ ਨਾਲ ਪੂਰੇ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਇਹ ਘਟਨਾ ਕਾਰਬਨ ਮੋਨੋਆਕਸਾਈਡ ਫੈਲਣ ਕਾਰਨ ਵਾਪਰੀ ਹੈ। ਸਥਾਨਕ ਪੁਲਿਸ ਅਤੇ ਮੀਡੀਆ ਰਿਪੋਰਟ ਅਨੁਸਾਰ ਸਾਰੀਆਂ ਮੌਤਾਂ ਕਾਰਬਨ ਮੋਨੋਆਕਸਾਈਡ ਦੇ ਲੀਕ ਹੋਣ ਕਾਰਨ ਹੋਈਆਂ ਹਨ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਰੈਸਟੋਰੈਂਟ ਦੀ ਦੂਜੀ ਮੰਜ਼ਿਲ ‘ਤੇ ਸਥਿਤ ਬੈੱਡਰੂਮ ਦੇ ਕੋਲ ਪਾਵਰ ਜਨਰੇਟਰ ਰੱਖਿਆ ਹੋਇਆ ਸੀ, ਜਿਸ ਨੂੰ ਬਿਜਲੀ ਕੱਟਣ ਤੋਂ ਬਾਅਦ ਚਾਲੂ ਕਰ ਦਿੱਤਾ ਗਿਆ। ਜਨਰੇਟਰ ਚੱਲਣ ਨਾਲ ਪੈਦਾ ਹੋਈ ਕਾਰਬਨ ਮੋਨੋਆਕਸਾਈਡ ਬੰਦ ਕਮਰੇ ‘ਚ ਜਮ੍ਹਾ ਹੋ ਗਈ, ਜਿਸ ਕਾਰਨ ਉਥੇ ਮੌਜੂਦ ਸਾਰੇ ਲੋਕਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ।
ਜਾਰਜੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਵਿੱਚ 11 ਵਿਦੇਸ਼ੀ ਅਤੇ ਇੱਕ ਸਥਾਨਕ ਨਾਗਰਿਕ ਸ਼ਾਮਲ ਹੈ।