
ਪਟਨਾ, 21 ਅਗਸਤ:
ਪਟਨਾ ‘ਚ ਭਾਰਤ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਆਏ ਐਸਡੀਐਮ ‘ਤੇ ਕੁਝ ਪੁਲਿਸ ਮੁਲਾਜ਼ਮਾਂ ਨੇ ਲਾਠੀਚਾਰਜ ਕਰ ਦਿੱਤਾ। ਇਸ ਕਾਰਨ ਕੁਝ ਸਮੇਂ ਲਈ ਪੁਲਿਸ ਅਤੇ ਪ੍ਰਸ਼ਾਸਨ ਦਰਮਿਆਨ ਅਣਸੁਖਾਵੀਂ ਸਥਿਤੀ ਪੈਦਾ ਹੋ ਗਈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਦੋਂ ਪੁਲਿਸ ਨੂੰ ਐਸਡੀਐਮ ‘ਤੇ ਲਾਠੀਚਾਰਜ ਕਰਦੇ ਦੇਖਿਆ ਤਾਂ ਉਨ੍ਹਾਂ ਸਿਪਾਹੀਆਂ ਨੂੰ ਤੁਰੰਤ ਰੋਕ ਦਿੱਤਾ। ਇਸ ਤੋਂ ਬਾਅਦ ਐਸਡੀਐਮ ਸਾਹਬ ਵੀ ਭੜਕ ਗਏ। ਫਿਰ ਸਿਪਾਹੀਆਂ ਨੇ ਐਸਡੀਐਮ ਤੋਂ ਮੁਆਫੀ ਮੰਗੀ ਅਤੇ ਕਿਹਾ ਕਿ ਜਨਾਬ, ਇਹ ਗਲਤੀ ਨਾਲ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਪਟਨਾ ਦੇ ਡਾਕ ਬੰਗਲਾ ਕ੍ਰਾਸਿੰਗ ‘ਤੇ ਵਾਪਰੀ। ਇਸ ਘਟਨਾ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਜਿਸ ਐਸਡੀਐਮ ‘ਤੇ ਲਾਠੀਚਾਰਜ ਕੀਤਾ ਗਿਆ, ਉਸ ਦੀ ਪਛਾਣ ਪਟਨਾ ਦੇ ਐਸਡੀਐਮ ਸ੍ਰੀਕਾਂਤ ਕੁੰਡਲੀ ਖੰਡ ਵਜੋਂ ਹੋਈ ਹੈ। ਬੰਦ ਦੌਰਾਨ ਅਸ਼ਾਂਤੀ ਪੈਦਾ ਕਰਨ ਵਾਲੇ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਸਖ਼ਤੀ ਦਿਖਾਉਣੀ ਪਈ। ਇਸ ਕਾਰਨ ਬਾਜ਼ਾਰ ਬੰਦ ਕਰਵਾਉਣ ਲਈ ਨਿਕਲੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਮੁਲਾਜ਼ਮਾਂ ਨੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਇਸ ਕਾਰਨ ਭਗਦੜ ਵਾਲੀ ਸਥਿਤੀ ਬਣ ਗਈ।