
ਨਵੀਂ ਦਿੱਲੀ, 21 ਜੁਲਾਈ, ਪੰਜਾਬੀ ਦੁਨੀਆ ਬਿਊਰੋ:
ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ 2019 ਦੇ ਮੁਕਾਬਲੇ 2020 ਵਿੱਚ ਜ਼ਿਆਦਾ ਮੌਤਾਂ ਹੋਈਆਂ ਹਨ। ਇਹ ਦਾਅਵਾ ਕਤਰ ਦੇ ਮੀਡੀਆ ਹਾਊਸ ਅਲਜਜ਼ੀਰਾ ਨੇ ਦਸ ਵੱਡੇ ਜਨਸੰਖਿਆ ਵਿਗਿਆਨੀਆਂ (ਆਬਾਦੀ ਦਾ ਅਧਿਐਨ ਕਰਨ ਵਾਲੇ) ਅਤੇ ਅਰਥਸ਼ਾਸਤਰੀਆਂ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਕੀਤਾ ਹੈ। ਇਹ ਜਾਣਕਾਰੀ ਇੱਕ ਅੰਤਰਰਾਸ਼ਟਰੀ ਅਧਿਐਨ ਵਿੱਚ ਦਿੱਤੀ ਗਈ ਹੈ। ਸਰਵੇਖਣ ਦੇ ਅਨੁਸਾਰ ਮਹਾਂਮਾਰੀ ਦੌਰਾਨ 2020 ਵਿੱਚ ਲਗਭਗ 12 ਲੱਖ (11.9 ਲੱਖ) ਵਾਧੂ ਮੌਤਾਂ ਹੋਈਆਂ ਅਤੇ ਇਹ ਅੰਕੜਾ 2019 ਦੇ ਮੁਕਾਬਲੇ 17 ਪ੍ਰਤੀਸ਼ਤ ਵੱਧ ਹੈ।
ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਸਮੇਤ ਹੋਰਨਾਂ ਨੇ ਕਿਹਾ ਕਿ ਇਹ ਅਨੁਮਾਨ ਕੋਵਿਡ-19 ਭਾਰਤ ਵਿੱਚ ਇਹ ਅਧਿਕਾਰਤ ਮੌਤਾਂ ਦੀ ਗਿਣਤੀ ਨਾਲੋਂ ਲਗਭਗ ਅੱਠ ਗੁਣਾ ਵੱਧ ਹੈ ਅਤੇ ਵਿਸ਼ਵ ਸਿਹਤ ਸੰਗਠਨ ਦੇ ਅਨੁਮਾਨ ਤੋਂ 1.5 ਗੁਣਾ ਵੱਧ ਹੈ। ਇਸ ਦੌਰਾਨ ਸਰਵੇ ‘ਤੇ ਪ੍ਰਤੀਕਿਰਿਆ ਕਰਦੇ ਹੋਏ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਇਕ ਬਿਆਨ ਜਾਰੀ ਕੀਤਾ, ਜਿਸ ਵਿਚ ਅਧਿਐਨ ਦੇ ਅਨੁਮਾਨਾਂ ਨੂੰ ਗੁੰਮਰਾਹਕੁੰਨ ਦੱਸਿਆ ਗਿਆ ਹੈ। ਅਧਿਐਨਕਰਤਾਵਾਂ ਅਨੁਸਾਰ, 7.65 ਲੱਖ ਤੋਂ ਵੱਧ ਵਿਅਕਤੀਆਂ ਦੇ ਅੰਕੜਿਆਂ ਦੀ ਵਰਤੋਂ ਕਰਦੇ ਹੋਏ, ਅਧਿਐਨ ‘ਚ ਅਨੁਮਾਨ ਲਗਾਇਆ ਹੈ ਕਿ ਭਾਰਤ ਵਿੱਚ 2019 ਅਤੇ 2020 ਦੇ ਵਿਚਕਾਰ ਲਿੰਗ ਅਤੇ ਸਮਾਜਿਕ ਸਮੂਹ ਦੁਆਰਾ ਜਨਮ ਸਮੇਂ ਦੀ ਸੰਭਾਵਨਾ ਵਿੱਚ ਬਦਲਾਅ ਦਾ ਪ੍ਰਭਾਵ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਦੇਖਿਆ ਗਿਆ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਪਾਸੇ ਪੁਰਸ਼ਾਂ ਦੀ ਔਸਤ ਜੀਵਨ ਦਰ ਵਿੱਚ 2.1 ਸਾਲ ਦੀ ਕਮੀ ਆਈ ਹੈ ਜਦਕਿ ਔਰਤਾਂ ਦੀ ਜੀਵਨ ਦਰ ਵਿੱਚ ਤਿੰਨ ਸਾਲ ਦੀ ਕਮੀ ਆਈ ਹੈ। ਜੇਕਰ ਅਸੀਂ ਦੁਨੀਆ ਭਰ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਮਰਦਾਂ ਦੀ ਜੀਵਨ ਦਰ, ਔਰਤਾਂ ਦੇ ਮੁਕਾਬਲੇ ਜ਼ਿਆਦਾ ਘਟੀ ਹੈ।