
ਕਪਤਾਨ ਰਾਸ਼ਿਦ ਖਾਨ ਤੇ ਨਵੀਨਉੱਲ ਹੱਕ ਦੀਆਂ 4-4 ਵਿਕਟਾਂ ਸਦਕਾ ਹੁਣ ਦੱਖਣੀ ਅਫ਼ਰੀਕਾ ਨਾਲ ਖੇਡੇਗੀ ਸੈਮੀਫਾਈਨਲ ਮੈਚ
ਚੰਡੀਗੜ੍ਹ, 25 ਜੂਨ, ਪੰਜਾਬੀ ਦੁਨੀਆ ਬਿਊਰੋ :
ਅਫਗਾਨਿਸਤਾਨ ਕ੍ਰਿਕਟ ਟੀਮ ਨੇ ਇਤਿਹਾਸ ਰੱਚਦਿਆਂ ਕਪਤਾਨ ਰਾਸ਼ਿਦ ਖਾਨ ਦੀ ਅਗਵਾਈ ਵਿਚ ਇਕ ਸੰਘਰਸ਼ਸੀਲ ਅਤੇ ਧਮਾਕੇਦਾਰ ਜਿੱਤ ਦਰਜ ਕੀਤੀ ਹੈ। ਉਸ ਨੇ ਬੰਗਲਾਦੇਸ਼ ਟੀਮ ਨੂੰ ਡੱਕਵਰਥ ਲੂਇਸ ਨਾਲ 8 ਦੌੜਾਂ ਨਾਲ ਹਰਾ ਕੇ ਆਪਣੇ ਪਲੇਠੇ ਟੀ20 ਵਿਸ਼ਵ ਕੱਪ ਸੈਮੀਫਾਈਨ ਵਿਚ ਪ੍ਰਵੇਸ਼ ਕਰ ਲਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਫਗਾਨਿਸਤਾਨ ਟੀਮ ਨੇ ਵਿਸ਼ਵ ਚੈਂਪੀਅਨ ਆਸਟ੍ਰਲੀਆ ਦੀ ਟੀਮ ਨੂੰ ਹਰਾ ਕੇ ਇਕ ਵੱਡਾ ਉਲਟਫੇਰ ਕੀਤਾ ਸੀ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਟੀਮ ਨੇ ਸਲਾਮੀ ਬੱਲੇਬਾਜ਼ ਤੇ ਵਿਕਟਕੀਪਰ ਰਹਿਮਾਨਉੱਲਾ ਗੁਰਬਾਜ਼ ਨੇ 55 ਗੇਂਦਾਂ ਉਤੇ ਮਹੱਤਵਪੂਰਨ 43 ਦੌੜਾਂ ਬਣਾਈਆਂ ਜਿਸ ਵਿਚ 1 ਛੱਕਾ ਤੇ ਚੌਕੇ ਸ਼ਾਮਲ ਸਨ। ਜਦਕਿ ਇਬਰਾਹੀਮ ਜ਼ਾਦਰਾਦ ਨੇ 18 ਅਤੇ ਅਜਮਤਉੱਲਾ ਰਹਿਮਾਨ ਨੇ 10 ਦੌੜਾਂ ਦਾ ਯੋਗਦਾਨ ਪਾਇਆ। ਅਖੀਰ ਵਿਚ ਕਪਤਾਨ ਰਾਸ਼ਿਦ ਖਾਨ (3 ਛੱਕੇ) ਦੀਆਂ 19 ਦੌੜਾਂ ਦੀ ਬਦੌਲਤ ਅਫਗਾਨਿਸਤਾਨ ਟੀਮ ਨੇ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਉਤੇ 115 ਦੌੜਾਂ ਬਣਾਈਆਂ।
ਅਫਗਾਨ ਟੀਮ ਵੱਲੋਂ ਮਿੱਥੇ ਟੀਚੇ ਦਾ ਪਿਛਲਾ ਕਰਦਿਆਂ ਬੰਗਲਾਦੇਸ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਮਹਿਜ਼ 2.5 ਓਵਰਾਂ ਵਿਚ 23 ਦੌੜਾਂ ਉਤੇ ਤਿੰਨ ਵਿਕਟਾਂ ਗੁਆ ਲਈਆਂ। ਅਫਗਾਨ ਗੇਂਦਬਾਜ਼ਾਂ ਨੇ ਨਫੀ-ਤੁਲੀ ਗੇਂਦਬਾਜ਼ੀ ਦਾ ਮੁਜ਼ਾਹਰਾ ਕਰਦਿਆਂ ਬੰਗਲਾਦੇਸ਼ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਹੀ ਨਹੀਂ ਦਿੱਤਾ। ਬੰਗਲਾਦੇਸ਼ ਵਲੋਂ ਸਲਾਮੀ ਬੱਲੇਬਾਜ਼ ਲਿਟਨ ਦਾਸ 54 ਦੌੜਾਂ ਬਣਾ ਕੇ ਨਾਬਾਦ ਰਹੇ, ਜਦਕਿ ਦੂਜੇ ਪਾਸੇ ਕੋਈ ਵੀ ਬੱਲੇਬਾਜ਼ ਅਫਗਾਨ ਗੇਂਦਬਾਜ਼ਾਂ ਅੱਗੇ ਟਿਕ ਨਹੀਂ ਸਕਿਆ ਅਤੇ ਸਾਰੀ ਟੀਮ 17.5 ਓਵਰਾਂ ਵਿੱਚ 105 ਦੌੜਾਂ ਬਣਾ ਕੇ ਆਊਟ ਹੋ ਗਈ।
ਰਾਸ਼ਿਦ ਖਾਨ ਨੇ ਬਿਹਤਰੀਨ ਸਪਿਨ ਗੇਂਦਬਾਜ਼ੀ ਦਾ ਮੁਜ਼ਾਹਰਾ ਕਰਦਿਆਂ 4 ਓਵਰਾਂ ਵਿਚ 23 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਜਦਕਿ ਨਵੀਨਉੱਲ ਹੱਕ ਨੇ 3.4 ਓਵਰਾਂ ਵਿਚ 26 ਦੌੜਾਂ ਦੇ ਕੇ 4 ਵਿਕਟਾਂ ਝਟਕਾਈਆਂ।
ਇਸ ਤਰ੍ਹਾਂ ਅਫਗਾਨਿਸਤਾਨ ਨੇ ਇਤਿਹਾਸ ਰੱਖਦਿਆਂ ਪਹਿਲੀ ਵਾਰ ਟੀ20 ਵਿਸ਼ਵ ਕੱਪ ਵਿਚ ਸਥਾਨ ਪੱਕਾ ਕਰ ਲਿਆ ਹੈ। ਹੁਣ ਉਸਦਾ ਸੈਮੀਫਾਈਨਲ ਵਿਚ ਦੱਖਣੀ ਅਫ਼ਰੀਕਾ ਟੀਮ ਨਾਲ ਮੁਕਾਬਲਾ ਹੋਵੇਗਾ।