Breaking News
Dashmesh GS Electricals Verka Smart Media Insurance Point Tav Prasad

ਸੰਬਿਤ ਪਾਤਰਾ ਦੀ ਫਿਸਲੀ ‘ਜ਼ੁਬਾਨ’: “ਭਗਵਾਨ ਜਗਨਨਾਥ” ਨੂੰ PM ਮੋਦੀ ਦਾ ਭਗਤ ਕਿਹਾ

ਭੁਵਨੇਸ਼ਵਰ, 21 ਮਈ, ਪੰਜਾਬੀ ਦੁਨੀਆ ਬਿਊਰੋ :

ਭਾਜਪਾ ਦੇ ਪੁਰੀ ਤੋਂ ਉਮੀਦਵਾਰ ਸੰਬਿਤ ਪਾਤਰਾ ਦੀ ਓੜੀਸਾ ਦੇ ਸਭ ਤੋਂ ਸਤਿਕਾਰਯੋਗ ਦੇਵਤੇ ਭਗਵਾਨ ਜਗਨਨਾਥ ਉਤੇ ਕੀਤੀ ਟਿੱਪਣੀ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਉਹਨਾਂ ਆਪਣੀ ਟਿੱਪਣੀ ‘ਚ ਕਿਹਾ ਹੈ ਕਿ “ਭਗਵਾਨ ਜਗਨਨਾਥ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਗਤ ਹਨ।”, ਜਿਸ ਨਾਲ ਇਕ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਨਵੀਨ ਪਟਨਾਇਕ, ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਆਦਿ ਵਰਗੇ ਚੋਟੀ ਦੇ ਨੇਤਾਵਾਂ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ।

ਸੰਬਿਤ ਪਾਤਰਾ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਉਹ ਇਹ ਕਹਿਣਾ ਚਾਹੁੰਦੇ ਸਨ ਕਿ ਪ੍ਰਧਾਨ ਮੰਤਰੀ, ਭਗਵਾਨ ਜਗਨਨਾਥ ਦੇ ਪ੍ਰਸ਼ੰਸਕ ‘ਭਗਤ’ ਸਨ। ਉਹਨਾਂ ਕਿਹਾ ਕਿ ਇਸ ਨੂੰ “ਜ਼ੁਬਾਨ ਫਿਸਲਣ” ਵਜੋਂ ਦੇਖਿਆ ਜਾਵੇ।

ਸੰਬਿਤ ਪਾਤਰਾ ਨੇ ਆਪਣੀ ਇਸ ਟਿੱਪਣੀ ਲਈ ਮੁਆਫੀ ਮੰਗੀ ਅਤੇ ਦਾਅਵਾ ਕੀਤਾ ਕਿ “ਸਾਡੀ ਸਾਰਿਆਂ ਦੀ ਕਦੇ-ਕਦਾਈਂ ਜ਼ੁਬਾਨ ਫਿਸਲ ਜਾਂਦੀ ਹੈ”, ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸ ਟਿੱਪਣੀ ਨੂੰ ਭਗਵਾਨ ਜਗਨਨਾਥ ਦਾ “ਅਪਮਾਨ” ਕਰਾਰ ਦਿੰਦੇ ਹੋਏ, ਇਸ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ।

ਦੂਜੇ ਪਾਸੇ ਓੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇੱਕ ਐਕਸ ਪੋਸਟ ਵਿੱਚ, ਸੰਬਿਤ ਪਾਤਰਾ ਦੀ ਓੜੀਆ ‘ਅਸਮਿਤਾ’ (ਮਾਣ) ਨੂੰ ਠੇਸ ਪਹੁੰਚਾਉਣ ਲਈ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ “ਮਹਾਂਪ੍ਰਭੂ ਸ਼੍ਰੀ ਜਗਨਨਾਥ ਬ੍ਰਹਿਮੰਡ ਦੇ ਸੁਆਮੀ ਹਨ। ਮਹਾਂਪ੍ਰਭੂ ਨੂੰ ਕਿਸੇ ਹੋਰ ਮਨੁੱਖ ਦਾ ‘ਭਗਤ’ ਕਹਿਣਾ ਪ੍ਰਭੂ ਦਾ ਅਪਮਾਨ ਹੈ, ਇਹ ਪੂਰੀ ਤਰ੍ਹਾਂ ਨਿੰਦਣਯੋਗ ਹੈ। ਇਸ ਨਾਲ ਦੁਨੀਆ ਭਰ ਵਿੱਚ ਵਸਦੇ ਓੜੀਆ ਅਤੇ ਕਰੋੜਾਂ ਜਗਨਨਾਥ ਭਗਤਾਂ ਦੀ ਆਸਥਾ ਨੂੰ ਠੇਸ ਪਹੁੰਚੀ ਹੈ। “ਪ੍ਰਭੂ ਉੜੀਆ ਅਸਮਿਤਾ ਦਾ ਸਭ ਤੋਂ ਮਹਾਨ ਪ੍ਰਤੀਕ ਹੈ। ਮੈਂ ਇਸ ਬਿਆਨ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਮੈਂ ਭਾਜਪਾ ਨੂੰ ਅਪੀਲ ਕਰਦਾ ਹਾਂ ਕਿ ਉਹ ਪ੍ਰਭੂ ਨੂੰ ਕਿਸੇ ਵੀ ਸਿਆਸੀ ਭਾਸ਼ਣ ਤੋਂ ਉੱਪਰ ਰੱਖਣ।

ਕਾਂਗਰਸ ਮੁਖੀ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਹ ਸਾਡੇ ਦੋਸ਼ ਨੂੰ ਹੋਰ ਮਜ਼ਬੂਤ ​​ਕਰਦਾ ਹੈ ਕਿ ਸੱਤਾ ਦੇ ਨਸ਼ੇ ‘ਚ ਧੁੱਤ ਭਾਜਪਾ ਸਾਡੇ ਭਗਵਾਨਾਂ ਨੂੰ ਵੀ ਨਹੀਂ ਬਖਸ਼ੇਗੀ, ਭਾਰਤ ਦੇ ਲੋਕਾਂ ਨੂੰ ਤਾਂ ਛੱਡ ਹੀ ਦਿਓ। ਭਾਜਪਾ ਦੇ ਪੁਰੀ ਉਮੀਦਵਾਰ ਦੀ ਇਹ ਟਿੱਪਣੀ ਕਰੋੜਾਂ ਲੋਕਾਂ ਦੁਆਰਾ ਸਤਿਕਾਰੇ ਜਾਂਦੇ ਮਹਾਂਪ੍ਰਭੂ ਸ਼੍ਰੀ ਜਗਨਨਾਥ ਦਾ ਅਪਮਾਨ ਹੈ।

ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਇਸ ਟਿੱਪਣੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਐਕਸ ‘ਤੇ ਹਿੰਦੀ ਵਿੱਚ ਪੋਸਟ ਕੀਤਾ ਕਿ “ਜਦੋਂ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਸਮਰਾਟ ਸਮਝਣ ਲੱਗ ਪੈਂਦੇ ਹਨ ਅਤੇ ਦਰਬਾਰੀ ਉਸ ਨੂੰ ਭਗਵਾਨ ਸਮਝਣ ਲੱਗਦੇ ਹਨ, ਤਾਂ ਸਪੱਸ਼ਟ ਹੈ ਕਿ ਪਾਪ ਦੀ ਲੰਕਾ ਦਾ ਪਤਨ ਨੇੜੇ ਹੈ। ਭਾਜਪਾ ਦੇ ਮੁੱਠੀ ਭਰ ਲੋਕਾਂ ਨੂੰ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਹੱਕ ਕਿਸਨੇ ਦਿੱਤਾ? ਇਹ ਹਉਮੈ ਉਨ੍ਹਾਂ ਦੀ ਤਬਾਹੀ ਦਾ ਕਾਰਨ ਬਣ ਰਹੀ ਹੈ।”

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਸੰਬਿਤ ਪਾਤਰਾ ਦੀ ਟਿੱਪਣੀ ਭਾਜਪਾ ਨੇਤਾਵਾਂ ਦੇ “ਹੰਕਾਰ” ਨੂੰ ਦਰਸਾਉਂਦੀ ਹੈ। ਕੇਜਰੀਵਾਲ ਨੇ ਐਕਸ ‘ਤੇ ਪੋਸਟ ਕੀਤਾ, “ਮੈਂ ਭਾਜਪਾ ਦੇ ਇਸ ਬਿਆਨ ਦੀ ਸਖ਼ਤ ਨਿੰਦਾ ਕਰਦਾ ਹਾਂ। ਉਹ ਸੋਚਣ ਲੱਗ ਪਏ ਹਨ ਕਿ ਉਹ ਰੱਬ ਤੋਂ ਉੱਪਰ ਹਨ। ਇਹ ਹੰਕਾਰ ਦੀ ਸਿਖਰ ਹੈ। ਭਗਵਾਨ ਨੂੰ ਮੋਦੀ ਜੀ ਦਾ ਭਗਤ ਕਹਿਣਾ, ਭਗਵਾਨ ਦਾ ਅਪਮਾਨ ਹੈ।”

Leave a Reply

Your email address will not be published. Required fields are marked *